ਭੁੱਚੋ ਮੰਡੀ (ਨਾਗਪਾਲ) : ਆਨਲਾਈਨ ਲੈਣ-ਦੇਣ ਦੇ ਨਾਲ ਸਾਈਬਰ ਠੱਗਾਂ ਵੱਲੋਂ ਲੋਕਾਂ ਨੂੰ ਆਪਣੇ ਜਾਲ 'ਚ ਫਸਾਉਣ ਦੇ ਨਵੇਂ ਤਰੀਕੇ ਵੀ ਸਾਹਮਣੇ ਆ ਰਹੇ ਹਨ। ਸਥਾਨਕ ਵਪਾਰੀਆਂ ਨੂੰ ਅਜਿਹੀ ਹੀ ਕਥਿਤ ਸਾਈਬਰ ਠੱਗੀ ਤੋਂ ਸੁਚੇਤ ਕਰਦਿਆਂ ਵਪਾਰੀ ਆਗੂ ਪ੍ਰਦੀਪ ਬਾਂਸਲ ਅਤੇ ਸੁਨੀਲ ਗਰਗ ਨੇ ਅਣਜਾਣ ਵਿਅਕਤੀਆਂ ਵੱਲੋਂ ਭੇਜੇ ਜਾਂਦੇ ਕਿਊ ਆਰ ਕੋਡ, ਬਾਰ ਕੋਡ ਜਾਂ ਲਿੰਕ ਨੂੰ ਬਿਨਾਂ ਪੁਸ਼ਟੀ ਕੀਤੇ ਸਕੈਨ ਜਾਂ ਖੋਲ੍ਹਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ, ਕਥਿਤ ਤੌਰ ’ਤੇ ਇੱਕ ਵਿਅਕਤੀ ਵੱਖ-ਵੱਖ ਦੁਕਾਨਦਾਰਾਂ ਨੂੰ ਫੋਨ ਕਰਕੇ ਆਪਣੇ ਆਪ ਨੂੰ ਰਾਮਪੁਰਾ ਰੋਡ ’ਤੇ ਸਥਿਤ ਕਿਸੇ ਸਕੂਲ ਜਾਂ ਕਾਲਜ ਨਾਲ ਸਬੰਧਿਤ ਕੰਮ ਕਰਨ ਵਾਲਾ ਦੱਸਦਾ ਹੈ।
ਇਸ ਤੋਂ ਬਾਅਦ ਉਹ ਦੁਕਾਨਦਾਰ ਤੋਂ ਸਮਾਨ ਮੰਗਵਾਉਂਦਾ ਹੈ ਅਤੇ ਭੁਗਤਾਨ ਕਰਨ ਦੇ ਨਾਂ ’ਤੇ ਬਾਰ ਕੋਡ ਜਾਂ ਲਿੰਕ ਭੇਜ ਕੇ ਉਸ ਨੂੰ ਸਕੈਨ ਜਾਂ ਓਪਨ ਕਰਨ ਲਈ ਕਹਿੰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਅਜਿਹੇ ਤਰੀਕੇ ਰਾਹੀਂ ਸਾਈਬਰ ਠੱਗੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਪਾਰੀਆਂ ਕੋਲ ਰੋਜ਼ਾਨਾ ਫੋਨ ਆ ਰਹੇ ਹਨ, ਹਾਲਾਂਕਿ ਕਈ ਪੀੜਤ ਸ਼ਰਮ ਜਾਂ ਝਿਜਕ ਕਾਰਨ ਸਾਹਮਣੇ ਆਉਣ ਤੋਂ ਗੁਰੇਜ਼ ਕਰ ਰਹੇ ਹਨ। ਇਸੇ ਤਰ੍ਹਾਂ ਲੱਕੜ ਦੇ ਇੱਕ ਆਰੇ ਦੇ ਮਾਲਕ ਨਾਲ ਵਾਪਰੀ ਘਟਨਾ ਨੇ ਵੀ ਵਪਾਰੀਆਂ ਦੀ ਚਿੰਤਾ ਵਧਾ ਦਿੱਤੀ ਹੈ। ਦੁਕਾਨਦਾਰ ਨੇ ਦੱਸਿਆ ਕਿ ਉਸ ਨੂੰ ਇੱਕ ਵਿਅਕਤੀ ਦਾ ਫੋਨ ਆਇਆ, ਜਿਸ ਨੇ ਲੱਕੜ ਦੇ ਗੱਟਿਆਂ ਨਾਲ ਭਰੀ ਟਰਾਲੀ ਦੀ ਮੰਗ ਕਰਦਿਆਂ ਆਨਲਾਈਨ ਭੁਗਤਾਨ ਕਰਨ ਦੀ ਗੱਲ ਕਹੀ।
ਭਰੋਸਾ ਕਰਕੇ ਦੁਕਾਨਦਾਰ ਨੇ ਲੱਕੜ ਦੀ ਟਰਾਲੀ ਦੱਸੀ ਗਈ ਥਾਂ ’ਤੇ ਭੇਜ ਦਿੱਤੀ। ਜਦੋਂ ਟਰਾਲੀ ਕਾਲਜ ਦੇ ਗੇਟ ’ਤੇ ਪਹੁੰਚੀ ਤਾਂ ਉਥੇ ਮੌਜੂਦ ਚੌਂਕੀਦਾਰ ਨੇ ਸਪੱਸ਼ਟ ਕੀਤਾ ਕਿ ਕਾਲਜ ਵੱਲੋਂ ਅਜਿਹੀ ਕੋਈ ਲੱਕੜ ਨਹੀਂ ਮੰਗਵਾਈ ਗਈ। ਇਸ ਤੋਂ ਬਾਅਦ ਦੁਕਾਨਦਾਰ ਨੇ ਫੋਨ ਕਰਕੇ ਸਬੰਧਿਤ ਵਿਅਕਤੀ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਉਹ ਆ ਰਿਹਾ ਹੈ ਅਤੇ ਭੁਗਤਾਨ ਲਈ ਇੱਕ ਲਿੰਕ ਭੇਜਿਆ ਹੈ। ਉਸ ਨੇ ਲਿੰਕ ਖੋਲ੍ਹਣ ਲਈ ਕਿਹਾ। ਦੁਕਾਨਦਾਰ ਨੂੰ ਸ਼ੱਕ ਹੋਣ ਕਾਰਨ ਉਸ ਨੇ ਲਿੰਕ ਨਹੀਂ ਖੋਲ੍ਹਿਆ ਅਤੇ ਟਰਾਲੀ ਵਾਪਸ ਮੰਗਵਾ ਲਈ। ਇਸ ਤਰ੍ਹਾਂ ਉਹ ਸੰਭਾਵਿਤ ਆਨਲਾਈਨ ਠੱਗੀ ਦਾ ਸ਼ਿਕਾਰ ਹੋਣ ਤੋਂ ਬਚ ਗਿਆ। ਵਪਾਰੀ ਆਗੂਆਂ ਨੇ ਕਿਹਾ ਕਿ ਕੋਈ ਵੀ ਅਣਜਾਣ ਵਿਅਕਤੀ ਜੇਕਰ ਸਮਾਨ ਦੀ ਖ਼ਰੀਦ ਜਾਂ ਭੁਗਤਾਨ ਦੇ ਨਾਂ ’ਤੇ ਕਿਊਆਰ ਕੋਡ, ਬਾਰ ਕੋਡ ਜਾਂ ਲਿੰਕ ਭੇਜੇ ਤਾਂ ਪਹਿਲਾਂ ਉਸ ਦੀ ਪੂਰੀ ਪੁਸ਼ਟੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਬਿਨਾਂ ਜਾਂਚ ਕੀਤੇ ਕਿਸੇ ਲਿੰਕ ਨੂੰ ਖੋਲ੍ਹਣਾ ਜਾਂ ਕੋਡ ਸਕੈਨ ਕਰਨਾ ਆਰਥਿਕ ਨੁਕਸਾਨ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਵਪਾਰੀਆਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਸ਼ੱਕੀ ਲੈਣ-ਦੇਣ ਦੀ ਸੂਰਤ ਵਿੱਚ ਤੁਰੰਤ ਆਪਣੇ ਬੈਂਕ ਅਤੇ ਸਾਈਬਰ ਕ੍ਰਾਈਮ ਅਧਿਕਾਰੀਆਂ ਨਾਲ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਆਨਲਾਈਨ ਲੈਣ-ਦੇਣ ਸਮੇਂ ਸਾਵਧਾਨੀ ਹੀ ਸਾਈਬਰ ਠੱਗੀ ਤੋਂ ਬਚਾਅ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ।
ਪੰਜਾਬ 'ਚ ਵੱਡੀ ਵਾਰਦਾਤ, ਪਾਸਟਰ ਬਲਵਿੰਦਰ ਦਾ ਕਤਲ
NEXT STORY