ਫਾਜ਼ਿਲਕਾ (ਬਿਊਰੋ) - ਸੰਘਣੀ ਧੁੰਦ ਕਾਰਨ ਬੀਤੀ ਰਾਤ ਫਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ ਪਿੰਡ ਘੁਬਾਇਆ ਅਤੇ ਭੰਬਾ ਵੱਟੂ ਦੇ ਵਿਚਕਾਰ ਟਰੱਕ ਅਤੇ ਟਰੈਕਟਰ-ਟਰਾਲੀ ਵਿਚਕਾਰ ਭਿਆਨਕ ਟੱਕਰ ਕਾਰਨ ਇੱਕ ਵਿਅਕਤੀ ਦੀ ਮੌਤ ਹੋਣ ਤੇ ਦੋ ਵਿਅਕਤੀਆਂ ਦੇ ਜ਼ਖਮੀ ਹੋਣ ਸਮਾਚਾਰ ਪ੍ਰਾਪਤ ਹੋਇਆ ਹੈ। ਟਰੱਕ ਚਾਲਕ ਮੌਕੇ 'ਤੇ ਹੀ ਟਰੱਕ ਛੱਡਕੇ ਫਰਾਰ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਲਗਭਗ 8.30 ਵਜੇ ਟਰੈਕਟਰ-ਟਰਾਲੀ ਲੱਕੜਾਂ ਲੱਦਕੇ ਘੁਬਾਇਆ ਤੋਂ ਲਾਧੂਕਾ ਜਾ ਰਿਹਾ ਸੀ। ਇਹ ਟਰੈਕਟਰ-ਟਰਾਲੀ ਜਦੋਂ ਘੁਬਾਇਆ ਤੋ ਥੋੜੀ ਦੂਰੀ 'ਤੇ ਪਹੁੰਚਿਆ ਤਾਂ ਪਿੱਛੋਂ ਜਲਾਲਾਬਾਦ ਵੱਲੋਂ ਆ ਰਹੇ ਟਰੱਕ ਨੇ ਟਰਾਲੀ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਟਰੈਕਟਰ 'ਤੇ ਸਵਾਰ ਜੋਗਿੰਦਰ ਸਿੰਘ ਪੁੱਤਰ ਨਿਹਾਲ ਸਿੰਘ ਵਾਸੀ ਵੱਲੇ ਸ਼ਾਹ ਉਤਾੜ, ਮਲਕੀਤ ਸਿੰਘ ਪੁੱਤਰ ਮਿਲਖਾ ਸਿੰਘ ਅਤੇ ਅਸ਼ੋਕ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਮਹਾਤਮ ਨਗਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਸੂਚਨਾ ਮਿਲਦੇ ਹੀ ਘੁਬਾਇਆ ਪੁਲਸ ਚੌਕੀ ਦੇ ਇੰਚਾਰਜ ਬਲਕਾਰ ਸਿੰਘ ਪੁਲਸ ਪਾਰਟੀ ਸਮੇਤ ਘਟਨਾ ਵਾਲੀ ਥਾਂ 'ਤੇ ਪਹੁੰਚ ਗਏ। ਜਿਨ੍ਹਾਂ ਨੇ ਤੁਰੰਤ 108 ਐਬੂਲੈਂਸ ਰਾਹੀ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਤਿੰਨਾਂ ਜ਼ਖਮੀਆਂ ਨੂੰ ਪਹੁੰਚਾਇਆ। ਜੋਗਿੰਦਰ ਸਿੰਘ (35) ਪੁੱਤਰ ਨਿਹਾਲ ਸਿੰਘ ਦੀ ਹਾਲਤ ਜ਼ਿਆਦਾ ਵਿਗੜਦੀ ਵੇਖਕੇ ਡਾਕਟਰਾਂ ਨੇ ਉਸਨੂੰ ਫਰੀਦਕੋਟ ਰੈਫਰ ਕਰ ਦਿੱਤਾ। ਫਰੀਦਕੋਟ ਪਹੁੰਚਣ ਤੋਂ ਪਹਿਲਾਂ ਹੀ ਜੋਗਿੰਦਰ ਸਿੰਘ ਨੇ ਰਸਤੇ 'ਚ ਹੀ ਦਮ ਤੋੜ ਦਿੱਤਾ। ਘੁਬਾਇਆ ਚੌਕੀ ਦੀ ਪੁਲਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ।
ਅੱਗ ਲੱਗਣ ਨਾਲ 3 ਏਕੜ ਗੰਨੇ ਦੀ ਫਸਲ ਸੜ ਕੇ ਹੋਈ ਸੁਆਹ
NEXT STORY