ਅੰਮ੍ਰਿਤਸਰ, (ਸੂਰੀ)- ਸ੍ਰੀ ਰਾਮ ਤੀਰਥ ਨੇੜੇ ਪਿੰਡ ਕਲੇਰ ਦੇ ਗੁਰਦੁਆਰਾ ਸਾਹਿਬ 'ਚ ਇਕ ਧਿਰ ਵੱਲੋਂ ਗੁਰਦੁਆਰਾ ਕਮੇਟੀ ਨੂੰ ਰਜਿਸਟਰਡ ਕਰਵਾਉਣ 'ਤੇ ਪੱਗਾਂ ਲੱਥੀਆਂ, ਤਲਵਾਰਾਂ ਲਹਿਰਾਈਆਂ ਅਤੇ ਰੱਜ ਕੇ ਤੂੰ ਤੂੰ ਮੈਂ-ਮੈਂ ਹੋਈ। ਪੁਲਸ ਨੇ ਆ ਕੇ ਦੋਵਾਂ ਧਿਰਾਂ ਨੂੰ ਖਦੇੜ ਕੇ ਚੌਕੀ ਆ ਕੇ ਮਸਲਾ ਮਿਲ-ਬੈਠ ਕੇ ਹੱਲ ਕਰਨ ਲਈ ਕਿਹਾ।
ਗੁਰਦੁਆਰਾ ਸਾਹਿਬ ਦੀ ਆਪੇ ਬਣੀ 13 ਮੈਂਬਰੀ ਕਮੇਟੀ ਨੂੰ ਪਿੰਡ ਵਾਸੀਆਂ ਵੱਲੋਂ ਭੰਗ ਕਰਨ ਦੀ ਮੰਗ ਕਰਦਿਆਂ ਫਿਰ ਤੋਂ ਪੁਰਾਣਾ ਗੰ੍ਰਥੀ ਸਿੰਘ ਬਹਾਲ ਕਰਨ ਨੂੰ ਕਿਹਾ ਗਿਆ। ਪਿੰਡ ਕਲੇਰ ਦੇ ਗੁਰਦੁਆਰਾ ਕਮੇਟੀ ਮੈਂਬਰ ਮਹਿੰਦਰ ਸਿੰਘ, ਬਲਵਿੰਦਰ ਸਿੰਘ, ਮੈਂਬਰ ਪੰਚਾਇਤ ਦਰਸ਼ਨ ਸਿੰਘ ਤੇ ਮੁਖਤਾਰ ਸਿੰਘ ਨੇ ਪਿੰਡ ਵਾਲਿਆਂ ਦੀ ਹਾਜ਼ਰੀ 'ਚ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੁਰਮੁੱਖ ਸਿੰਘ ਜੋ ਕਿ ਇਸ ਪਿੰਡ 'ਚ ਕੁਝ ਸਮਾਂ ਪਹਿਲਾਂ ਕਿਸੇ ਹੋਰ ਪਿੰਡ ਤੋਂ ਆ ਕੇ ਇਥੇ ਰਹਿਣ ਲੱਗ ਪਿਆ ਅਤੇ ਹੁਣ ਜ਼ਬਰਦਸਤੀ ਕੁਝ ਬੰਦਿਆਂ ਦੀ ਮਿਲੀਭੁਗਤ ਨਾਲ ਗੁਰਦੁਆਰਾ ਕਮੇਟੀ ਕਲਗੀਧਰ ਦਸਮੇਸ਼ ਪਿਤਾ ਦੇ ਨਾਂ 'ਤੇ ਰਜਿਸਟਰਡ ਕਰਵਾ ਲਈ ਹੈ। ਇਸ ਨੇ ਪਿੰਡ ਵਾਲਿਆਂ ਤੋਂ ਕੋਈ ਵੀ ਸਹਿਮਤੀ ਨਹੀਂ ਲਈ, ਜਿਸ ਕਰ ਕੇ ਅਸੀਂ ਪਿੰਡ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਦਖਲ ਦੀ ਮੰਗ ਕਰਦਿਆਂ ਇਹ ਕਹਿੰਦੇ ਹਾਂ ਕਿ ਰਜਿਸਟਰਡ ਕਮੇਟੀ ਨੂੰ ਤੋੜ ਕੇ ਦੁਬਾਰਾ ਤੋਂ ਸਾਰੇ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਹੀ ਕਮੇਟੀ ਬਣਾਈ ਜਾਵੇ।
ਬੀਤੀ ਸ਼ਾਮ ਗੁਰਮੁੱਖ ਸਿੰਘ ਨੇ ਰਹਿਰਾਸ ਦੇ ਸਮੇਂ ਪਹਿਲੇ ਪਾਠੀ ਨੂੰ ਕੱਢ ਕੇ ਨਵਾਂ ਪਾਠੀ ਸਿੰਘ ਲਾ ਦਿੱਤਾ, ਜੋ ਕਿ ਗਲਤ ਹੈ। ਪਹਿਲਾ ਪਾਠੀ ਸਿੰਘ ਬਹੁਤ ਵਧੀਆ ਤਰੀਕੇ ਨਾਲ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਦਾ ਸੀ ਅਤੇ ਆਪੇ ਬਣਿਆ ਪ੍ਰਧਾਨ ਗੁਰਮੁੱਖ ਸਿੰਘ ਗੁਰਦੁਆਰਾ ਸਾਹਿਬ ਦੀ ਗੋਲਕ ਚੁੱਕ ਕੇ ਆਪਣੇ ਘਰ ਲੈ ਗਿਆ, ਜੋ ਕਿ ਇਸ ਦਾ ਹੱਕ ਨਹੀਂ। ਇਹ ਸਭ ਕੁਝ ਦੀ ਭਿਣਕ ਪੈਂਦਿਆਂ ਹੀ ਮੀਡੀਆ ਗੁਰਦੁਆਰਾ ਸਾਹਿਬ ਪਹੁੰਚਿਆ, ਗੁਰਦੁਆਰਾ ਸਾਹਿਬ 'ਚ ਦੋਵੇਂ ਧਿਰਾਂ ਵੱਖ-ਵੱਖ ਥਾਵਾਂ 'ਤੇ ਮੌਜੂਦ ਸਨ ਤਾਂ ਮੀਡੀਆ ਸਾਹਮਣੇ ਦੋਵਾਂ ਧਿਰਾਂ 'ਚ ਝਗੜਾ ਹੋ ਗਿਆ, ਜਿਸ ਵਿਚ ਬਜ਼ੁਰਗ ਗੁਰਮੇਜ ਸਿੰਘ ਸ਼ੇਰ ਦੀ ਪੱਗ ਲਹਿ ਗਈ, ਨੰਗੀਆਂ ਕਿਰਪਾਨਾਂ ਕੱਢ ਕੇ ਤੂੰ ਬਾਹਰ ਆ ਤੈਨੂੰ ਦੇਖ ਲਵਾਂਗੇ, ਸੁਣਨ ਨੂੰ ਮਿਲਿਆ ਅਤੇ ਦੋਵਾਂ ਧਿਰਾਂ 'ਚ ਰੱਜ ਕੇ ਤੂੰ-ਤੂੰ, ਮੈਂ-ਮੈਂ ਹੋਈ। ਰਾਮ ਤੀਰਥ ਚੌਕੀ ਇੰਚਾਰਜ ਨੇ ਆ ਕੇ ਦੋਵਾਂ ਧਿਰਾਂ ਨੂੰ ਖਦੇੜ ਦਿੱਤਾ ਅਤੇ ਚੌਕੀ ਆ ਕੇ ਮਿਲ-ਬੈਠ ਕੇ ਮਸਲਾ ਹੱਲ ਕਰਨ ਲਈ ਕਿਹਾ।
ਇਸ ਮੌਕੇ ਬਾਬਾ ਕੁਲਦੀਪ ਸਿੰਘ ਤਰਨਾ ਦਲ, ਬੀਰ ਸਿੰਘ ਦੋਧੀ, ਬਲਵਿੰਦਰ ਸਿੰਘ, ਮੈਂਬਰ ਗੁਰਮੇਜ ਸਿੰਘ, ਸਤਪਾਲ ਸਿੰਘ, ਕਸ਼ਮੀਰ ਸਿੰਘ ਸਾਬਕਾ ਪੰਚ, ਜਰਨੈਲ ਸਿੰਘ, ਨਸੀਬ ਕੌਰ, ਬਲਵਿੰਦਰ ਕੌਰ, ਅਮਰਜੀਤ ਕੌਰ, ਤਲਬੀਰ ਕੌਰ, ਸਵਿੰਦਰ ਕੌਰ, ਮਹਿੰਦਰ ਸਿੰਘ, ਰਵਿੰਦਰ ਕੌਰ, ਕਾਬਲ ਸਿੰਘ ਆਦਿ ਹਾਜ਼ਰ ਸਨ।
ਪਿੰਡ ਦੀ ਸਹਿਮਤੀ ਨਾਲ ਬਣਾਈ ਕਮੇਟੀ : ਗੁਰਮੁੱਖ ਸਿੰਘ
ਦੂਸਰੀ ਧਿਰ ਦੇ ਗੁਰਮੁੱਖ ਸਿੰਘ ਗੁਰਦੁਆਰਾ ਪ੍ਰਧਾਨ ਨੇ ਕਿਹਾ ਕਿ ਸਾਰੇ ਪਿੰਡ ਦੀ ਸਹਿਮਤੀ ਨਾਲ ਇਹ ਕਮੇਟੀ ਬਣਾਈ ਗਈ ਹੈ, ਬਾਕਾਇਦਾ 13 ਮੈਂਬਰੀ ਇਹ ਪਿੰਡ ਵਾਸੀਆਂ ਦੀ ਕਮੇਟੀ ਹੈ, ਬਾਕੀ ਪਹਿਲੇ ਗ੍ਰੰਥੀ ਨੇ ਕਿਹਾ ਸੀ ਕਿ ਮੈਂ ਪਰਿਵਾਰ ਸਮੇਤ ਗੁਰਦੁਆਰਾ ਸਾਹਿਬ 'ਚ ਰਹਾਂਗਾ। ਉਸ ਦਾ ਕੋਈ ਵੀ ਨਿਤਨੇਮ ਨਹੀਂ ਸੀ, ਜਿਸ ਕਰ ਕੇ ਅਸੀਂ ਹੋਰ ਗੰ੍ਰਥੀ ਸਿੰਘ ਰੱਖ ਲਿਆ ਹੈ।
ਪੁਲਸ ਨੇ ਮੋਬਾਇਲ ਚੋਰ ਨੂੰ ਕੀਤਾ ਗ੍ਰਿਫਤਾਰ
NEXT STORY