ਲੋਹੀਆਂ ਖਾਸ, (ਮਨਜੀਤ)- ਜੋ ਤਲਵਾਰ ਗੁਰੂ ਸਹਿਬਾਨਾਂ ਵੱਲੋਂ ਜ਼ੁਲਮ ਦੇ ਖਿਲਾਫ ਅਤੇ ਗਰੀਬਾਂ ਦੀ ਰੱਖਿਆ ਲਈ ਦਿੱਤੀ ਗਈ ਸੀ, ਉਸੇ ਤਲਵਾਰ ਦੀ ਨੌਕ 'ਤੇ ਦੋ ਨਿਹੰਗ ਸਿੰਘਾਂ ਦੇ ਲਿਬਾਸ ਵਿਚ ਲੁਟੇਰਿਆਂ ਵੱਲੋਂ ਬੀਤੀ ਬੁੱਧਵਾਰ ਦੀ ਰਾਤ ਜਲੰਧਰ-ਫਿਰੋਜ਼ਪੁਰ ਰਾਸ਼ਟਰੀ ਮਾਰਗ 'ਤੇ ਲੋਹੀਆਂ ਤੋਂ ਮੱਖੂ ਵਾਲੀ ਸਾਈਡ 'ਤੇ ਏ. ਡੀ. ਆਈ. ਪੈਟਰੋਲ ਪੰਪ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤੇ ਜਾਣ ਦੀ ਸੂਚਨਾ ਮਿਲੀ ਹੈ। ਸਥਾਨਕ ਹਸਪਤਾਲ ਵਿਚ ਜ਼ੇਰੇ ਇਲਾਜ ਪੰਪ ਦੇ ਕਰਿੰਦੇ ਰਾਜ ਮਨੀ ਚੌਰਸੀਆ ਪੁੱਤਰ ਬਾਬੂ ਰਾਮ ਚੌਰਸੀਆ ਨੇ ਦੱਸਿਆ ਕਿ ਬੁੱਧਵਾਰ ਦੀ ਰਾਤ ਦੋ ਵਿਅਕਤੀ ਪੰਪ 'ਤੇ ਤੇਲ ਪੁਆਉਣ ਆਏ, ਉਨ੍ਹਾਂ ਨੇ ਨਿਹੰਗ ਸਿੰਘਾਂ ਵਾਲਾ ਪਹਿਰਾਵਾ ਪਹਿਨਿਆ ਹੋਇਆ ਸੀ, ਜੋ ਦਫ਼ਤਰ ਅੰਦਰ ਆ ਕੇ ਕਹਿਣ ਲੱਗੇ ਕਿ ਬਲੈੱਡ ਪ੍ਰੈਸ਼ਰ ਵਧਿਆ ਹੋਇਆ ਹੋ ਲੂਣ ਵਾਲਾ ਪਾਣੀ ਪੀਣਾ ਹੈ। ਪਾਣੀ ਪੀਣ ਤੋਂ ਬਾਅਦ ਮੇਰੇ ਨਾਲ ਹੱਥੋਂਪਾਈ ਹੁੰਦੇ ਹੋਏ ਇਕ ਨੇ ਤਲਵਾਰ ਅਤੇ ਦੂਜੇ ਨੇ ਕੁਹਾੜੀ ਨਾਲ ਮੇਰੇ 'ਤੇ ਹਮਲਾ ਕਰ ਦਿੱਤਾ ਅਤੇ 20 ਤੋਂ 25 ਹਜ਼ਾਰ ਦੇ ਕਰੀਬ ਰੁਪਏ ਖੋਹ ਕੇ ਫਰਾਰ ਹੋ ਗਏ। ਜਦਕਿ ਦੂਜੇ ਕਰਿੰਦੇ ਅਜੇ ਮਿਸ਼ਰਾ ਨੇ ਦੱਸਿਆ ਕਿ ਦੋਵੇਂ ਲੁਟੇਰੇ ਮੋਟਰਸਾਇਕਲ 'ਤੇ ਆਏ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਦੂਜੇ ਪਾਸੇ ਸਿਵਲ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਮਰੀਜ਼ ਦੇ ਪੰਜ ਥਾਈਂ ਟਾਂਕੇ ਲੱਗੇ ਹਨ ਅਤੇ ਲੱਤਾਂ 'ਤੇ ਗੰਭੀਰ ਸੱਟਾਂ ਹਨ, ਜਦੋਂਕਿ ਲੋਹੀਆਂ ਥਾਣੇ ਦੇ ਇਕ ਏ. ਐੱਸ. ਆਈ. ਨੇ ਜ਼ੇਰੇ ਇਲਾਜ ਰਾਜ ਮਨੀ ਚੌਰਸੀਆ ਦੇ ਬਿਆਨ ਲਏ ਹਨ, ਜਿਸ ਉਪਰੰਤ ਘਟਨਾ ਸਥਾਨ 'ਤੇ ਦਿਲਬਾਗ ਸਿੰਘ ਡੀ. ਐੱਸ. ਪੀ. ਸ਼ਾਹਕੋਟ ਅਤੇ ਥਾਣਾ ਮੁਖੀ ਲੋਹੀਆਂ ਨੇ ਪੁਲਸ ਪਾਰਟੀ ਨਾਲ ਮੌਕੇ 'ਤੇ ਪੁੱਜ ਕੇ ਤਫਤੀਸ਼ ਸ਼ੁਰੂ ਕਰ ਦਿੱਤੀ।
ਜ਼ਿਕਰਯੋਗ ਹੈ ਕਿ ਲੋਹੀਆਂ ਇਲਾਕੇ ਵਿਚ ਇਹ ਚੋਰੀ ਦੀ ਕੋਈ ਪਹਿਲੀ ਵਾਰਦਾਤ ਨਹੀਂ ਹੈ, ਇਸ ਤੋਂ ਪਹਿਲਾਂ ਸਥਾਨਕ ਸ਼ਹਿਰ ਅਤੇ ਪਿੰਡਾਂ ਵਿਚ ਚੋਰ ਅਤੇ ਲੁਟੇਰੇ ਕਈ ਚੋਰੀਆਂ ਅਤੇ ਲੁੱਟਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ ਪਰ ਅਜੇ ਤਕ ਪੁਲਸ ਕਿਸੇ ਵੀ ਵਾਰਦਾਤ ਦੇ ਦੋਸ਼ੀਆਂ ਨੂੰ ਨਹੀਂ ਫੜ ਸਕੀ। ਲੋਕਾਂ ਦਾ ਕਹਿਣਾ ਹੈ ਕਿ ਪੁਲਸ ਸਿਰਫ ਕੈਪਟਨ ਸਾਬ੍ਹ ਦਾ ਹੁਕਮ ਵਜਾਉਂਦੇ ਹੋਏ ਨਸ਼ਾ ਖਤਮ ਕਰਨ ਵਿਚ ਰੁੱਝੀ ਹੋਈ ਹੈ ਅਤੇ ਦੂਜੇ ਪਾਸੇ ਲੁਟੇਰੇ ਅਤੇ ਚੋਰ ਬੇ-ਖੌਫ ਆਪਣੇ ਮਿਸ਼ਨ ਨੂੰ ਸਰ ਕਰ ਰਹੇ ਹਨ।
ਸਰਦੀ ਦੇ ਮੌਸਮ 'ਚ ਹੁਣ ਸੁਪਨਾ ਬਣੀਆਂ ਸਬਜ਼ੀਆਂ
NEXT STORY