(ਸਰਬਜੀਤ ਸਿੰਘ ਸਿੱਧੂ)
ਜੱਗਬਾਣੀ , 10 ਅਪ੍ਰੈਲ
ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸੂਬੇ ਦੇ ਦਾਨੀ ਸੱਜਣਾਂ ਖਾਸ ਕਰਕੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕੇ ਉਹ ਪੰਜਾਬ ਦੀਆਂ ਗਊਸ਼ਾਲਾਵਾਂ ਵਿੱਚ ਲੋੜੀਂਦਾ ਹਰਾ ਚਾਰਾ, ਤੂੜੀ ਅਤੇ ਹੋਰ ਖੁਰਾਕੀ ਵਸਤਾਂ ਪਹੁੰਚਾਉਣ ਲਈ ਅੱਗੇ ਆਉਣ ਤਾਂ ਕਿ ਕਿਸੇ ਵੀ ਗਊਸ਼ਾਲਾ ਵਿੱਚ ਕੋਈ ਪਸ਼ੂ ਭੁੱਖਾ ਨਾ ਮਰੇ । ਉਨ੍ਹਾਂ ਕਿਹਾ ਕਿ ਇਸ ਅਤਿਅੰਤ ਸੰਕਟ ਦੀ ਘੜੀ ਵਿੱਚ ਸਾਡਾ ਸਭ ਦਾ ਇਹ ਪਰਮ ਧਰਮ ਹੈ ਕਿ ਗਊਆਂ ਦੀਆਂ ਜਾਨਾਂ ਬਚਾਉਣ ਲਈ ਆਪਣੀ ਕਿਰਤ ਕਮਾਈ ਵਿੱਚੋਂ ਕੁਝ ਨਾ ਕੁਝ ਜ਼ਰੂਰ ਦੇਈਏ ।
ਬਾਜਵਾ ਨੇ ਕਿਹਾ ਕਿ ਸੂਬੇ ਵਿਚੋਂ ਕਈ ਥਾਵਾਂ ਤੋਂ ਇਹ ਰਿਪੋਰਟਾਂ ਮਿਲ ਰਹੀਆਂ ਹਨ ਕਿ ਗਊਸ਼ਾਲਾਵਾਂ ਵਿੱਚ ਲੋੜੀਂਦਾ ਹਰਾ ਚਾਰਾ ਨਹੀਂ ਪਹੁੰਚ ਰਿਹਾ ਅਤੇ ਪਹਿਲਾਂ ਤੋਂ ਭੰਡਾਰ ਕੀਤੀ ਗਈ ਤੂੜੀ ਵੀ ਮੁੱਕ ਗਈ ਹੈ। ਉਨ੍ਹਾਂ ਗਊਸ਼ਾਲਾਵਾਂ ਦਾ ਹੋਰ ਵੀ ਮਾੜਾ ਹਾਲ ਹੈ ਜਿਹੜੀਆਂ ਸਿਰਫ਼ ਦਾਨੀਆਂ ਵੱਲੋਂ ਦਿੱਤੇ ਗਏ ਦਾਨ ਦੇ ਸਹਾਰੇ ਹੀ ਚੱਲਦੀਆਂ ਹਨ । ਸੂਬੇ ਵਿਚ ਕਰਫਿਊ ਲੱਗਿਆ ਹੋਣ ਕਾਰਨ ਸ਼ਰਧਾਲੂ ਅਤੇ ਗਊ ਭਗਤ ਦਾਨ ਕਰਨ ਲਈ ਗਊਸ਼ਾਲਾਵਾਂ ਵਿਚ ਨਹੀਂ ਜਾ ਸਕਦੇ ਜਿਸ ਦੇ ਸਿੱਟੇ ਵਜੋਂ ਗਊਆਂ ਭੁੱਖੀਆਂ ਮਰਨ ਲੱਗੀਆਂ ਹਨ । ਉਨ੍ਹਾਂ ਕਿਹਾ ਕਿ ਕਈ ਥਾਵਾਂ ਉੱਤੇ ਪ੍ਰਬੰਧਕਾਂ ਨੇ ਗਊਸ਼ਾਲਾਵਾਂ ਦੇ ਗੇਟ ਖੋਲ੍ਹ ਕੇ ਗਊਆਂ ਬਾਹਰ ਕੱਢ ਦਿੱਤੀਆਂ ਹਨ ।
ਪੰਜਾਬੀਆਂ ਨੂੰ ਉਨ੍ਹਾਂ ਦਾ ਵਿਰਸਾ ਯਾਦ ਕਰਵਾਉਂਦਿਆਂ, ਬਾਜਵਾ ਨੇ ਕਿਹਾ ਕਿ ਪੰਜਾਬੀ ਗਊ-ਗਰੀਬ ਦੀ ਰੱਖਿਆ ਲਈ ਹਮੇਸ਼ਾ ਹੀ ਮੋਹਰੀ ਰਹੇ ਹਨ । ਪੰਜਾਬੀਆਂ ਖਾਸ ਕਰਕੇ ਸਿੱਖਾਂ ਨੇ ਗਊਆਂ ਦੀ ਰੱਖਿਆ ਲਈ ਲਹੂ ਡੋਲਵੇਂ ਸੰਘਰਸ਼ ਵੀ ਲੜੇ ਹਨ । ਇਸ ਲਈ ਹੁਣ ਉਨ੍ਹਾਂ ਨੂੰ ਗਊਆਂ ਨੂੰ ਭੁੱਖਿਆਂ ਮਰਨ ਲਈ ਨਹੀਂ ਛੱਡਣਾ ਚਾਹੀਦਾ ਅਤੇ ਹਰ ਹਾਲ ਵਿੱਚ ਚਾਰਾ ਅਤੇ ਤੂੜੀ ਗਊਸ਼ਾਲਾਵਾਂ ਵਿੱਚ ਪਹੁੰਚਾਉਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ ।
ਉਨ੍ਹਾਂ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੇੜਲੀਆਂ ਗਊਸ਼ਾਲਾਵਾਂ ਨੂੰ ਅਪਣਾਉਣ ਅਤੇ ਹਰ ਪਿੰਡ ਵਾਰੀ ਨਾਲ ਹਰ ਰੋਜ਼ ਚਾਰਾ ਭੇਜਣ ਦੀ ਜ਼ਿੰਮੇਵਾਰੀ ਲਵੇ । ਉਨ੍ਹਾਂ ਜ਼ਿਲ੍ਹਿਆਂ ਦੇ ਸਿਵਲ ਪ੍ਰਸ਼ਾਸਨ ਨੂੰ ਵੀ ਕਿਹਾ ਕਿ ਉਹ ਆਪਣੇ ਆਪਣੇ ਜ਼ਿਲ੍ਹਿਆਂ ਵਿੱਚ ਸਥਿਤ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਨਾਲ ਤਾਲਮੇਲ ਕਰਵਾ ਕੇ ਇਨ੍ਹਾਂ ਗਊਸ਼ਾਲਾਵਾਂ ਨੂੰ ਚਾਰਾ ਪਹੁੰਚਦਾ ਯਕੀਨੀ ਬਣਾਉਣ ।
ਪੰਚਾਇਤ ਮੰਤਰੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਰ ਜ਼ਿਲ੍ਹੇ ਵਿੱਚ ਇਸ ਕਾਰਜ ਲਈ ਸਥਾਨਕ ਸਰਕਾਰਾਂ , ਪੇਂਡੂ ਵਿਕਾਸ ਤੇ ਪੰਚਾਇਤਾਂ ਅਤੇ ਪਸ਼ੂ ਪਾਲਣ ਵਿਭਾਗ ਦੀ ਇੱਕ ਸਾਂਝੀ ਕਮੇਟੀ ਬਣਾ ਕੇ ਇਹ ਕਾਰਜ ਸੰਭਾਲਣਾ ਚਾਹੀਦਾ ਹੈ ।
ਉਨ੍ਹਾਂ ਆਪਣੇ ਅਧੀਨ ਪਸ਼ੂ ਪਾਲਣ ਮਹਿਕਮੇ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਆਪਣੇ ਜ਼ਿਲ੍ਹੇ ਦੀ ਹਰ ਗਊਸ਼ਾਲਾ ਵਿੱਚ ਡਾਕਟਰੀ ਸਹੂਲਤਾਂ ਮਿਲਦੀਆਂ ਰਹਿਣ ਨੂੰ ਯਕੀਨੀ ਬਣਾਉਣ ।
-----------------------------------------------------------------------------------------------------
ਸਤਿਕਾਰ ਸਹਿਤ
ਸਰਬਜੀਤ ਸਿੰਘ ਸਿੱਧੂ
Agriculture Corespondent
Jag Bani TV
ਕੋਰੋਨਾ 'ਤੇ ਕੈਪਟਨ ਦਾ ਵੱਡਾ ਬਿਆਨ, ਜੁਲਾਈ-ਅਗਸਤ 'ਚ ਕੋਵਿਡ-19 ਪੀਕ 'ਤੇ ਹੋਵੇਗਾ
NEXT STORY