ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਇਕ ਪਾਸੇ ਜਿੱਥੇ ਅਪ੍ਰੈਲ ਮਹੀਨੇ ਦੀ ਕੜਕਦੀ ਗਰਮੀ ਨੇ ਲੋਕਾਂ ਦਾ ਜਿਉਣਾ ਮੁਹਾਲ ਕੀਤਾ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਸਥਾਨਕ ਸੀਵਰੇਜ ਬੋਰਡ ਦੀ ਕਥਿਤ ਲਾਪਰਵਾਹੀ ਕਾਰਨ ਸ਼ਹਿਰ ਦੇ ਵੱਡੇ ਹਿੱਸੇ ਨੂੰ ਪੀਣ ਵਾਲੇ ਪਾਣੀ ਦੀ ਇਕ-ਇਕ ਬੂੰਦ ਲਈ ਤਰਸਣਾ ਪਿਆ। ਸੀਵਰੇਜ ਬੋਰਡ ਵੱਲੋਂ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਪੀਣ ਵਾਲੇ ਪਾਣੀ ਦੇ ਟਿਊਬਵੈੱਲ ਲਗਾਤਾਰ 25 ਘੰਟੇ ਬੰਦ ਰੱਖੇ ਗਏ, ਜਿਸ ਕਾਰਨ ਹਜ਼ਾਰਾਂ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਅੱਧਾ ਸ਼ਹਿਰ ਰਿਹਾ ਪਾਣੀ ਤੋਂ ਵਾਂਝਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਕੌਂਸਲਰ ਨਰਿੰਦਰ ਗਰਗ ਨੀਟਾ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮੱਖਣ ਸ਼ਰਮਾ ਨੇ ਦੱਸਿਆ ਕਿ ਪਿਛਲੇ 25 ਘੰਟਿਆਂ ਤੋਂ ਟਿਊਬਵੈੱਲ ਬੰਦ ਰਹਿਣ ਕਾਰਨ ਅਨਾਜ ਮੰਡੀ ਰੋਡ, ਕੱਚਾ ਕਾਲਜ ਰੋਡ, ਪਟੇਲ ਨਗਰ, 16 ਏਕੜ, ਵਾਰਡ ਨੰਬਰ 8 ਅਤੇ ਵਾਰਡ ਨੰਬਰ 9 ਦਾ ਸਮੁੱਚਾ ਖੇਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਨ੍ਹਾਂ ਖੇਤਰਾਂ ਦੇ ਘਰਾਂ ਵਿਚ ਪਾਣੀ ਦੀ ਸਪਲਾਈ ਪੂਰੀ ਤਰ੍ਹਾਂ ਠੱਪ ਰਹੀ, ਜਿਸ ਕਾਰਨ ਲੋਕਾਂ ਦੇ ਰੋਜ਼ਾਨਾ ਦੇ ਕੰਮਕਾਜ ਵੀ ਰੁਕ ਗਏ।
ਅਧਿਕਾਰੀਆਂ ਦੀ ਲਾਪਰਵਾਹੀ ਆਈ ਸਾਹਮਣੇ
ਕੌਂਸਲਰ ਨਰਿੰਦਰ ਗਰਗ ਨੀਟਾ ਨੇ ਦੱਸਿਆ ਕਿ ਉਨ੍ਹਾਂ ਦੇ ਵਾਰਡ ਦੇ ਨਿਵਾਸੀਆਂ ਨੇ ਸ਼ਿਕਾਇਤ ਕੀਤੀ ਕਿ ਕੱਲ੍ਹ ਤੋਂ ਘਰਾਂ ਵਿਚ ਪਾਣੀ ਦੀ ਇਕ ਬੂੰਦ ਵੀ ਨਹੀਂ ਆਈ। ਜਦੋਂ ਉਨ੍ਹਾਂ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਿਆ ਕਿ ਇਹ ਟਿਊਬਵੈੱਲ 15 ਅਪ੍ਰੈਲ ਨੂੰ ਸਵੇਰੇ 9 ਵਜੇ ਤੋਂ ਹੀ ਬੰਦ ਕਰਵਾਏ ਹੋਏ ਸਨ। ਉਨ੍ਹਾਂ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਇੰਨੀ ਭਿਆਨਕ ਗਰਮੀ ਵਿਚ ਪਾਣੀ ਦੀ ਸਪਲਾਈ ਬੰਦ ਕਰਨਾ ਲੋਕਾਂ ਨਾਲ ਸਰਾਸਰ ਬੇਇਨਸਾਫ਼ੀ ਹੈ।
ਧਰਨੇ ਦੀ ਚਿਤਾਵਨੀ ਮਗਰੋਂ ਬਹਾਲ ਹੋਈ ਸਪਲਾਈ
ਨਰਿੰਦਰ ਨੀਟਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਐਸ.ਡੀ.ਓ. ਸੀਵਰੇਜ ਬੋਰਡ ਨੂੰ ਸਖ਼ਤ ਲਹਿਜ਼ੇ ਵਿਚ ਵਾਰਡ ਨਿਵਾਸੀਆਂ ਸਮੇਤ ਦਫ਼ਤਰ ਅੱਗੇ ਧਰਨੇ 'ਤੇ ਬੈਠਣ ਦੀ ਚਿਤਾਵਨੀ ਦਿੱਤੀ ਤਾਂ ਵਿਭਾਗ ਹਰਕਤ ਵਿਚ ਆਇਆ। ਇਸ ਚਿਤਾਵਨੀ ਤੋਂ ਬਾਅਦ ਅੱਜ ਟਿਊਬਵੈੱਲ ਚਾਲੂ ਕੀਤੇ ਗਏ ਅਤੇ ਪਾਣੀ ਦੀ ਸਪਲਾਈ ਮੁੜ ਸ਼ੁਰੂ ਹੋ ਸਕੀ।
ਵਿਭਾਗੀ ਕਾਰਵਾਈ ਦੀ ਮੰਗ
ਨਗਰ ਕੌਂਸਲਰ ਨੀਟਾ ਗਰਗ ਅਤੇ ਮੱਖਣ ਸ਼ਰਮਾ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ। ਉਨ੍ਹਾਂ ਸਵਾਲ ਉਠਾਇਆ ਕਿ ਕਿਸ ਅਧਿਕਾਰੀ ਦੇ ਆਦੇਸ਼ਾਂ 'ਤੇ 25 ਘੰਟੇ ਪਾਣੀ ਦੀ ਸਪਲਾਈ ਬੰਦ ਰੱਖੀ ਗਈ? ਉਨ੍ਹਾਂ ਮੰਗ ਕੀਤੀ ਕਿ ਜ਼ਿੰਮੇਵਾਰ ਅਧਿਕਾਰੀ ਦੀ ਸ਼ਨਾਖਤ ਕਰਕੇ ਉਸ ਵਿਰੁੱਧ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿਚ ਅਜਿਹੀ ਲਾਪਰਵਾਹੀ ਦੁਬਾਰਾ ਨਾ ਹੋਵੇ।
ਪੰਜਾਬ: ਅਸਮਾਨੀ ਬਿਜਲੀ ਨੇ ਢਾਹਿਆ ਕਹਿਰ! ਲੱਗੀ ਭਿਆਨਕ ਅੱਗ
NEXT STORY