ਫਤਿਹਗਡ਼੍ਹ ਸਾਹਿਬ (ਜੱਜੀ)- ਅਨਾਜ ਮੰਡੀ ਸਰਹਿੰਦ ਵਿਖੇ ਕਿਸਾਨ ਮਹਾਪੰਚਾਇਤ ਹੋਈ, ਜਿਸ ’ਚ ਹਜ਼ਾਰਾਂ ਕਿਸਾਨ ਅਤੇ ਮਜ਼ਦੂਰ ਪਹੁੰਚੇ। ਇਸ ਮੌਕੇ ਕਿਸਾਨ ਮੋਰਚੇ ਦੇ ਆਗੂ ਬਲਵੀਰ ਸਿੰਘ ਰਾਜੇਵਾਲ, ਰੁਲਦੂ ਸਿੰਘ ਮਾਨਸਾ, ਗੁਰਨਾਮ ਸਿੰਘ ਚਡ਼ੂਨੀ, ਡਾ. ਦਰਸ਼ਨਪਾਲ ਸਿੰਘ, ਯੋਗਰਾਜ ਸਿੰਘ, ਪੰਮੀ ਬਾਈ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਤਿੰਨੇ ਖੇਤੀ ਬਿੱਲਾਂ ਦੇ ਵਿਰੋਧ ’ਚ ਸ਼ੁਰੂ ਹੋਇਆ ਅੰਦੋਲਨ ਸ਼ਿਖਰਾਂ ਤੇ ਪਹੁੰਚ ਗਿਆ ਹੈ, ਜਿਸ ਕਰਕੇ ਪੂਰੇ ਦੇਸ਼ ’ਚ ਮਹਾਂਪੰਚਾਇਤਾਂ ਕਰਕੇ ਆਮ ਲੋਕਾਂ ਨੂੰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਲੋਕਾਂ ਦਾ ਠਾਠਾਂ ਮਾਰਦਾ ਇਕੱਠ ਇਹ ਦੱਸ ਰਿਹਾ ਸੀ ਕਿ ਕੇਂਦਰ ਸਰਕਾਰ ਵਲੋਂ ਲਿਆਂਦੇ ਕਾਨੂੰਨ ਲੋਕ ਵਿਰੋਧੀ ਹਨ।
ਇਹ ਵੀ ਪੜ੍ਹੋ:- ਕਰਜ਼ੇ ਦੇ ਬੋਝ ਕਾਰਣ ਇੱਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ
ਇਸ ਮੌਕੇ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨਾਂ ਅਤੇ ਮਜ਼ਦੂਰਾਂ ਦੇ ਅੰਦੋਲਨ ਨਾਲ ਕੇਂਦਰ ਸਰਕਾਰ ਸਣੇ ਉਦਯੋਗਪਤੀਆਂ ਦੀ ਵੀ ਨੀਂਦ ਉਡ ਗਈ ਹੈ। ਇਹ ਕੋਈ ਛੋਟੀ ਗੱਲ ਨਹੀਂ ਕਿ ਤੁਹਾਡੇ ਅੰਦੋਲਨ ਦੀ ਚਰਚਾ ਦੇਸ਼ ਦੀਆਂ ਪਾਰਲੀਮੈਂਟਾਂ ਤੋਂ ਇਲਾਵਾ ਵਿਦੇਸ਼ਾਂ ਦੀਆਂ ਪਾਰਲੀਮੈਂਟਾਂ ’ਚ ਵੀ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਸੋਨੇ ਦੀ ਚਿੜ੍ਹੀ ਹੈ, ਜਿਸ ਨੂੰ ਲੀਡਰਾਂ ਨੇ ਹੀ ਖਾਦਾ ਹੈ, ਜਿਸ ਕਾਰਨ ਪੰਜਾਬ ਦੀ ਹਾਲਤ ਤਰਸਯੋਗ ਬਣ ਗਈ, ਜੇਕਰ ਹਾਲੇ ਵੀ ਪੰਜਾਬ ਦੇ ਲੋਕ ਸੂਬੇ ਪ੍ਰਤੀ ਵਫਾਦਾਰ ਬਣ ਜਾਣ ਤਾਂ ਕੁੱਝ ਸਾਲਾਂ ’ਚ ਹੀ ਪੰਜਾਬ ਮੁੜ ਸੋਨੇ ਦੀ ਚਿੜ੍ਹੀ ਬਣ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੋਰਚਾ ਚੜ੍ਹਦੀ ਕਲਾ ’ਚ ਚੱਲ ਰਿਹਾ ਹੈ, ਉਥੇ ਆਪਣੀ ਹਾਜ਼ਰੀ ਲਵਾਉਂਦੇ ਰਹੋ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਮੋਦੀ ਜੁੰਡਲੀ ਤੋਂ ਅੱਕ ਚੁੱਕੇ ਹਨ। ਇਸ ਨੂੰ ਚਲਦਾ ਕਰਨ ਲਈ ਵੀ ਮਨ ਬਣਾ ਚੁੱਕੇ ਹਨ, ਇਸ ਲਈ ਆਪਣੀ ਜੰਗ ਜਾਰੀ ਰੱਖਿਓ। ਜਿਸ ਨੂੰ ਜਲਦ ਹੀ ਬੂਰ ਪੈਣ ਵਾਲਾ ਹੈ।
ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਸਾਡੇ ਨੌਜਵਾਨਾਂ ਨੇ ਅੰਗਰੇਜ਼ਾਂ ਤੋਂ ਦੇਸ਼ ਨੂੰ ਬਚਾਉਣ ਲਈ ਕੁਰਬਾਨੀਆਂ ਦਿੱਤੀਆਂ, ਪ੍ਰੰਤੂ ਅੱਜ ਸਾਡੇ ਹੀ ਦੇਸ਼ ਦੇ ਆਗੂ ਦੇਸ਼ ਨੂੰ ਤਬਾਹ ਕਰਨ ਤੇ ਲੱਗੇ ਹਨ, ਜੇਕਰ ਅਸੀਂ ਹਾਲੇ ਵੀ ਨਾ ਜਾਗੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕੋਸਣਗੀਆਂ। ਦੇਸ਼ ਨੂੰ ਆਜ਼ਾਦ ਕਰਵਾਉਣ ਸਮੇਂ ਇੱਕ ਵੀ ਆਗੂ ਅਤੇ ਪੂੰਜੀਪਤੀ ਦਾ ਪੁੱਤਰ ਸ਼ਹੀਦ ਨਹੀਂ ਹੋਇਆ। ਭਾਈ ਹਰਪਾਲ ਸਿੰਘ ਹੈੱਡ ਗ੍ਰੰਥੀ ਸਾਹਿਬ ਨੇ ਕਿਹਾ ਕਿ ਫਤਿਹਗੜ੍ਹ ਸਾਹਿਬ ਦੀ ਧਰਤੀ ਉਹ ਧਰਤੀ ਹੈ ਜਿਥੋਂ ਜੁਲਮ ਕਰਨ ਵਾਲੇ ਆਗੂਆਂ ਦਾ ਅੰਤ ਬਾਬਾ ਬੰਦਾ ਸਿੰਘ ਬਹਾਦਰ ਨੇ ਤਹਿ ਕੀਤਾ ਸੀ।
ਯੋਗਰਾਜ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੇ ਬਿੱਲ ਲਿਆਉਣ ਤੋ ਪਹਿਲਾਂ ਦੀ ਕਿਸਾਨ ਮੁਸ਼ਕਿਲਾਂ ਨਾਲ ਜੂਝ ਰਿਹਾ ਸੀ, ਅੰਦੋਲਨ ਦੀ ਸਖਤੀ ਦੇ ਕਾਰਨ ਭਾਵੇਂ ਕੇਂਦਰ ਸਰਕਾਰ ਬਿੱਲ ਰੱਦ ਵੀ ਕਰ ਦੇਵੇ ਪ੍ਰੰਤੂ ਕਿਸਾਨਾਂ ਦੀ ਹਾਲਤ ਨਹੀ ਸੁਧਰੇਗੀ, ਇਸ ਲਈ ਕਿਸਾਨ ਆਗੂਆਂ ਨੂੰ ਚਾਹੀਦਾ ਕਿ ਆਉਣ ਵਾਲੀਆਂ ਚੋਣਾਂ ’ਚ ਕਿਸਾਨ ਮੋਰਚਾ ਚੋਣਾਂ ਜਿੱਤ ਕੇ ਸਰਕਾਰ ਬਣਾਏ, ਤਾਂ ਹੀ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਹੋਵੇਗਾ।
ਇਹ ਵੀ ਪੜ੍ਹੋ:- ਪੰਜਾਬ 'ਚ ਮੰਗਲਵਾਰ ਨੂੰ ਕੋਰੋਨਾ ਦੇ 2274 ਨਵੇਂ ਮਾਮਲੇ ਆਏ ਸਾਹਮਣੇ, 53 ਦੀ ਮੌਤ
ਇਸ ਮੌਕੇ ਹਰਨੇਕ ਸਿੰਘ ਭੱਲਮਾਜਰਾ, ਬਲਵਿੰਦਰ ਸਿੰਘ ਚਨਾਰਥਲ, ਦਵਿੰਦਰ ਸਿੰਘ, ਪਰਮਜੀਤ ਸਿੰਘ ਕੋਟਲਾ ਬਜਵਾਡ਼ਾ, ਬਲਦੀਪ ਸਿੰਘ ਬਧੌਛੀ, ਪਰਮਿੰਦਰ ਸਿੰਘ ਧਤੋਂਦਾ, ਨਿਰਮਲ ਸਿੰਘ ਰਿਊਣਾ, ਗੁਰਸਤਿੰਦਰ ਸਿੰਘ ਜੱਲ੍ਹਾ, ਸਾਧੂ ਰਾਮ ਭੱਟਮਾਜਰਾ, ਭੂਪਿੰਦਰ ਸਿੰਘ ਨੰਬਰਦਾਰ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ’ਚ ਆਮ ਆਦਮੀ ਪਾਰਟੀ ਦੇ ਆਗੂ ਐਡਵੋਕੇਟ ਲਖਵੀਰ ਸਿੰਘ ਰਾਏ, ਐਡਵੋਕੇਟ ਨਰਿੰਦਰ ਟਿਵਾਣਾ, ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ, ਅਜੇ ਲਿਬਡ਼ਾ, ਗੁਰਵਿੰਦਰ ਸਿੰਘ ਭੱਟੀ, ਦਿਲਪ੍ਰੀਤ ਸਿੰਘ ਭੱਟੀ, ਕਰਮ ਸਿੰਘ ਜੱਲ੍ਹਾ, ਪਾਵੇਲ ਹਾਂਡਾ, ਲੋਕ ਇਨਸਾਫ ਪਾਰਟੀ ਦੇ ਪ੍ਰੋ. ਧਰਮਜੀਤ ਸਿੰਘ ਮਾਨ ਅਤੇ ਹੋਰ ਹਾਜ਼ਰ ਸਨ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
'ਆਪ' ਦੇ ਸੀਨੀਅਰ ਆਗੂ ਨਾਲ ਵਾਪਰਿਆ ਦਰਦਨਾਕ ਹਾਦਸਾ, ਮੌਤ
NEXT STORY