ਮਾਛੀਵਾੜਾ ਸਾਹਿਬ (ਟੱਕਰ) : ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਹੀਰਾਂ ਵਿਖੇ ਇਕ ਕਿਸਾਨ ਦੇ ਖੇਤਾਂ 'ਚ ਔਰਤ ਦੀ ਨਗਨ ਹਾਲਤ 'ਚ ਪਈ ਲਾਸ਼ ਮਿਲੀ ਜਿਸ ਦਾ ਕਤਲ ਕਰਕੇ ਉਸ ਨੂੰ ਪਾਈਪ ਵਿਚ ਸੁੱਟ ਦਿੱਤਾ ਗਿਆ ਸੀ। ਕਿਸਾਨ ਭਗਵੰਤ ਸਿੰਘ ਵਾਸੀ ਪਾਂਗਲੀਆਂ ਨੇ ਥਾਣਾ ਕੂੰਮਕਲਾਂ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਸਨੇ ਪਿੰਡ ਹੀਰਾਂ ਵਿਖੇ 11 ਏਕੜ ਜ਼ਮੀਨ ਠੇਕੇ 'ਤੇ ਲਈ ਹੋਈ ਸੀ ਅਤੇ ਅੱਜ ਜਦੋਂ ਉਹ ਆਪਣੀ ਬੀਜੀ ਕਣਕ ਨੂੰ ਮੋਟਰ ਚਲਾ ਕੇ ਪਾਣੀ ਲਗਾਉਣ ਲੱਗਾ ਤਾਂ ਉਸਨੇ ਦੇਖਿਆ ਕਿ ਅੰਡਰ ਗਰਾਂਊਂਡ ਪਾਈਪ ਜਿੱਥੋਂ ਪਾਣੀ ਨਿਕਲਦਾ ਹੈ ਉਥੇ ਇਕ ਮੂਧੇ ਮੂੰਹ ਨਗਨ ਔਰਤ ਦੀ ਲਾਸ਼ ਪਈ ਸੀ।ਬਿਆਨਕਰਤਾ ਅਨੁਸਾਰ ਇੰਝ ਜਾਪਦਾ ਹੈ ਕਿ ਕਿਸੇ ਨਾ ਮਾਲੂਮ ਵਿਅਕਤੀ ਜਾਂ ਵਿਅਕਤੀਆਂ ਨੇ ਔਰਤ ਨੂੰ ਕਤਲ ਕਰ ਉਸਦੀ ਲਾਸ਼ ਖੁਰਦ-ਬੁਰਦ ਕਰਨ ਲਈ ਪਾਈਪ ਵਿਚ ਸੁੱਟ ਦਿੱਤਾ।
ਕਿਸਾਨ ਭਗਵੰਤ ਵਲੋਂ ਦਿੱਤੀ ਸੂਚਨਾ ਦੇ ਅਧਾਰ 'ਤੇ ਕੂੰਮਕਲਾਂ ਪੁਲਸ ਵਲੋਂ ਇਸ ਔਰਤ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟ ਮਾਰਟਮ ਲਈ ਭਿਜਵਾ ਦਿੱਤਾ ਹੈ ਜਿਸ ਤੋਂ ਬਾਅਦ ਪਤਾ ਲੱਗੇਗਾ ਕਿ ਇਸ ਔਰਤ ਦਾ ਕਤਲ ਕਿਵੇਂ ਹੋਇਆ। ਔਰਤ ਦੇ ਸਰੀਰ 'ਤੇ ਕੋਈ ਵੀ ਕੱਪੜਾ ਨਾ ਹੋਣ ਕਾਰਨ ਉਸਦੀ ਪਹਿਚਾਣ ਨਹੀਂ ਹੋ ਸਕੀ। ਥਾਣਾ ਕੂੰਮਕਲਾਂ ਦੇ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਔਰਤ ਦੀ ਪਹਿਚਾਣ ਨਹੀਂ ਹੋ ਸਕੀ, ਇਸ ਲਈ ਲਾਸ਼ ਨੂੰ 72 ਘੰਟੇ ਲਈ ਲੁਧਿਆਣਾ ਹਸਪਤਾਲ ਵਿਖੇ ਰਖਵਾ ਦਿੱਤਾ ਹੈ ਅਤੇ ਮੌਤ ਦੇ ਅਸਲ ਕਾਰਨਾਂ ਬਾਰੇ ਵੀ ਪੋਸਟ ਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ।
ਹੁਣ ਤਾਂ ਲੋਕ ਵੀ ਕਹਿਣ ਲੱਗੇ ਹਨ ਕਿ ਮੈਚ ਫਿਕਸ ਹੈ : ਪਰਗਟ ਸਿੰਘ
NEXT STORY