ਹੁਸ਼ਿਆਰਪੁਰ (ਅਮਰਿੰਦਰ ਮਿਸ਼ਰਾ)— ਰੱਖੜੀ ਦੇ ਤਿਉਹਾਰ ਦੀਆਂ ਖੁਸ਼ੀਆਂ ਉਸ ਸਮੇਂ ਫਿੱਕੀਆਂ ਪੈ ਗਈਆਂ ਜਦੋਂ ਇਕ ਪਰਿਵਾਰ ਵਿੱਚ ਭਰਾ ਨਾਲ ਰੱਖੜੀ ਮੌਕੇ ਆਉਣ ਦਾ ਵਾਅਦਾ ਕਰਕੇ ਭੈਣ ਨੇ ਆਪਣੇ ਇਕਲੌਤੇ ਪੁੱਤਰ ਦੀ ਬੀਮਾਰੀ ਤੋਂ ਪਰੇਸ਼ਾਨ ਹੋ ਕੇ ਸ਼ਨੀਵਾਰ ਰਾਤ ਮੌਤ ਨੂੰ ਗਲੇ ਲਗਾ ਲਿਆ। ਮਾਮਲਾ ਚੰਡੀਗੜ੍ਹ ਰੋਡ ਦੇ ਇਸਲਾਮਾਬਾਦ ਦੇ ਨਾਲ ਲੱਗਦੇ ਮੁਹੱਲਾ ਸ਼ਾਂਤੀ ਨਗਰ ਦਾ ਹੈ। ਘਟਨਾ ਦਾ ਪਤਾ ਸ਼ਨੀਵਾਰ ਰਾਤ ਕਰੀਬ 9 ਵਜੇ ਉਸ ਸਮੇਂ ਲੱਗਾ ਜਦੋਂ ਮ੍ਰਿਤਕਾ ਸੁਪ੍ਰੀਆ ਦਾ ਪਤੀ ਸਤੀਸ਼ ਕੁਮਾਰ ਸ਼ਹਿਰ 'ਚ ਕੰਮ ਕਰਨ ਤੋਂ ਬਾਅਦ ਘਰ ਵਾਪਸ ਪਰਤਿਆ ਅਤੇ ਉਸ ਨੇ ਦੇਖਿਆ ਕਿ ਕਮਰੇ ਦੇ ਅੰਦਰ ਬੇਟੇ ਆਦਿਤਿਆ (4) ਦੇ ਰੋਣ ਦੀ ਆਵਾਜ਼ ਆ ਰਹੀ ਸੀ ਜਦਕਿ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਮੌਕੇ 'ਤੇ ਪਹੁੰਚੇ ਨੇੜੇ ਦੇ ਲੋਕਾਂ ਨੇ ਜਦੋਂ ਦਰਵਾਜ਼ਾ ਤੋੜ ਕੇ ਅੰਦਰ ਦੇਖਿਆ ਤਾਂ ਸੁਪ੍ਰੀਆ ਦੀ ਲਾਸ਼ ਪੱਖੇ ਨਾਲ ਲਟਕੀ ਹੋਈ ਸੀ। ਮੁਹੱਲੇ ਦੇ ਲੋਕਾਂ ਨੇ ਇਸ ਦੀ ਜਾਣਕਾਰੀ ਤੁਰੰਤ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਏ. ਐੱਸ. ਆਈ. ਜਸਵੀਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ। ਸਤੀਸ਼ ਕੁਮਾਰ ਨੇ ਪੁਲਸ ਨੂੰ ਦਿੱਤੇ ਗਏ ਬਿਆਨ 'ਚ ਦੱਸਿਆ ਕਿ ਸੁਪ੍ਰੀਆ ਆਪਣੇ 4 ਸਾਲਾ ਪੁੱਤਰ ਆਦਿਤਿਆ ਦੀ ਬੀਮਾਰੀ ਤੋਂ ਪਰੇਸ਼ਾਨ ਹੋ ਚੁੱਕੀ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਹ ਇਸ ਤਰ੍ਹਾਂ ਦਾ ਕੋਈ ਕਦਮ ਚੁੱਕ ਲਵੇਗੀ।
ਕਰੀਬ 5 ਸਾਲ ਪਹਿਲਾਂ ਹੋਇਆ ਸੀ ਵਿਆਹ
ਰਾਜਮਿਸਤਰੀ ਦਾ ਕੰਮ ਕਰਨ ਵਾਲੇ ਸਤੀਸ਼ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ 5 ਸਾਲ ਪਹਿਲਾਂ ਭੀਮਨਗਰ ਦੀ ਰਹਿਣ ਵਾਲੀ ਸੁਪ੍ਰੀਆ ਨਾਲ ਹੋਇਆ ਸੀ। ਘਰ 'ਚ ਜਦੋਂ ਆਦਿਤਿਆ ਦਾ ਜਨਮ ਹੋਇਆ ਤਾਂ ਸਾਰੇ ਹੀ ਖੁਸ਼ ਸਨ ਪਰ ਜਦੋਂ ਪਤਾ ਲੱਗਾ ਕਿ ਆਦਿਤਿਆ ਜਨਮ ਤੋਂ ਹੀ ਅਸਾਧਾਰਨ ਹੈ ਤਾਂ ਸੁਪ੍ਰੀਆ ਪਰੇਸ਼ਾਨ ਰਹਿਣ ਲੱਗੀ। ਇਲਾਜ ਕਰਵਾਉਣ ਦੇ ਬਾਅਦ ਵੀ ਆਦਿਤਿਆ ਦੀ ਹਾਲਤ ਠੀਕ ਨਾ ਹੁੰਦੀ ਦੇਖ ਸੁਪ੍ਰੀਆ ਬੇਟੇ ਦੀ ਬੀਮਾਰੀ ਨੂੰ ਲੈ ਕੇ ਲਗਾਤਾਰ ਪਰੇਸ਼ਾਨ ਰਹਿਣ ਲੱਗੀ ਸੀ, ਜਿਸ ਕਾਰਨ ਉਸ ਨੇ ਸ਼ਨੀਵਾਰ ਰਾਤ ਮੌਤ ਨੂੰ ਗਲੇ ਲਗਾ ਲਿਆ। ਸਤੀਸ਼ ਨੇ ਦੱਸਿਆ ਕਿ ਦੁਪਹਿਰ ਕਰੀਬ 2 ਵਜੇ ਜਦੋਂ ਉਹ ਖਾਣਾ ਖਾਣ ਆਇਆ ਸੀ ਤਾਂ ਸੁਪ੍ਰੀਆ ਬਿਲਕੁਲ ਠੀਕ ਸੀ।
ਮਾਂ ਅਤੇ ਭਰਾ ਦੀਆਂ ਅੱਖਾਂ 'ਚੋਂ ਨਹੀਂ ਰੁਕ ਰਹੇ ਸਨ ਹੰਝੂ
ਮ੍ਰਿਤਕਾ ਸੁਪ੍ਰੀਆ ਦੀ ਮਾਂ ਸ਼ਕੁੰਤਲਾ ਦੇਵੀ ਅਤੇ ਭਰਾ ਪਵਨ ਕੁਮਾਰ ਦੀਆਂ ਅੱਖਾਂ 'ਚੋਂ ਹੰਝੂ ਨਹੀਂ ਰੁਕ ਰਹੇ ਸਨ। ਦੋਵਾਂ ਨੇ ਦੱਸਿਆ ਕਿ ਰੱਖੜੀ ਦੇ ਤਿਉਹਾਰ ਲਈ ਸੁਪ੍ਰੀਆ ਐਤਵਾਰ ਭੀਮਨਗਰ ਆਉਣ ਵਾਲੀ ਸੀ। ਸ਼ਨੀਵਾਰ ਸ਼ਾਮ ਦੇ ਸਮੇਂ ਉਸ ਨੇ ਫੋਨ ਕਰਕੇ ਦੱਸਿਆ ਸੀ ਕਿ ਉਹ ਸਵੇਰੇ ਭੀਮਨਗਰ ਰੱਖੜੀ ਬੰਨ੍ਹਣ ਆਵੇਗੀ ਪਰ ਰਾਤ ਨੂੰ ਪਤਾ ਲੱਗਾ ਕਿ ਸੁਪ੍ਰੀਆ ਨੇ ਖੁਦਕੁਸ਼ੀ ਕਰ ਲਈ ਹੈ।
ਪੁਲਸ ਨੇ ਲਾਸ਼ ਕੀਤੀ ਪਰਿਵਾਰ ਦੇ ਹਵਾਲੇ
ਮਾਮਲੇ ਦੀ ਜਾਂਚ ਕਰ ਰਹੇ ਜਸਵੀਰ ਨੇ ਦੱਸਿਆ ਕਿ ਸੁਪ੍ਰੀਆ ਦੇ ਪਤੀ ਅਤੇ ਉਸ ਦੇ ਪੇਕੇ ਵਾਲਿਆਂ ਦੇ ਬਿਆਨ 'ਤੇ ਪੁਲਸ ਨੇ ਧਾਰਾ 174 ਦੇ ਅਧੀਨ ਕਾਰਵਾਈ ਕਰਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ।
ਅਕਾਲੀ ਦਲ ਨੂੰ ਬਦਨਾਮ ਕਰਨ 'ਚ ਕਾਂਗਰਸ ਨੇ ਕੋਈ ਕਸਰ ਨਾ ਛੱਡੀ : ਸੁਖਬੀਰ ਬਾਦਲ
NEXT STORY