ਪਠਾਨਕੋਟ (ਹਰਜਿੰਦਰ ਸਿੰਘ ਗੋਰਾਇਆ) : ਸਾਈਬਰ ਠੱਗਾਂ ਵੱਲੋਂ ਲੋਕਾਂ ਨੂੰ ਡਰਾਉਣ ਅਤੇ ਝੂਠੇ ਪੁਲਸ ਕੇਸਾਂ ਵਿੱਚ ਫਸਾਉਣ ਦੀਆਂ ਧਮਕੀਆਂ ਦੇ ਕੇ ਠੱਗੀ ਮਾਰਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਇਸੇ ਤਰ੍ਹਾਂ ਦਾ ਇੱਕ ਮਾਮਲਾ ਪਠਾਨਕੋਟ ਵਿੱਚ ਸਾਹਮਣੇ ਆਇਆ ਹੈ, ਜਿੱਥੇ ਸਾਈਬਰ ਠੱਗਾਂ ਨੇ ਇੱਕ ਔਰਤ ਨੂੰ ਉਸ ਦੇ ਪੁੱਤਰ ਨੂੰ ਜਬਰ-ਜ਼ਨਾਹ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰਨ ਦੀ ਧਮਕੀ ਦੇ ਕੇ 5 ਲੱਖ ਰੁਪਏ ਦੀ ਠੱਗੀ ਮਾਰ ਲਈ। ਇਸ ਸਬੰਧੀ ਸਾਈਬਰ ਕ੍ਰਾਈਮ ਪੁਲਸ ਸਟੇਸ਼ਨ ਵੱਲੋਂ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਖੰਨਾ 'ਚ ਭਿਆਨਕ ਸੜਕ ਹਾਦਸਾ: ਦਿੱਲੀ ਤੋਂ ਪਰਤ ਰਹੇ NRI ਗੰਭੀਰ ਰੂਪ 'ਚ ਜ਼ਖ਼ਮੀ
ਵ੍ਹਟਸਐਪ ਕਾਲ ਕਰਕੇ ਪੁੱਤਰ ਦੀ ਗ੍ਰਿਫ਼ਤਾਰੀ ਦਾ ਦਿਖਾਇਆ ਡਰ
ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਪਿੰਡ ਘੋਹ ਦੀ ਰਹਿਣ ਵਾਲੀ ਪ੍ਰੀਤੋ ਦੇਵੀ ਨੇ ਦੱਸਿਆ ਕਿ ਉਸ ਨੂੰ ਵਟਸਐਪ ਰਾਹੀਂ ਇੱਕ ਅਣਪਛਾਤੇ ਵਿਅਕਤੀ ਦੀ ਕਾਲ ਆਈ। ਕਾਲ ਕਰਨ ਵਾਲੇ ਨੇ ਉਸ ਨੂੰ ਦੱਸਿਆ ਕਿ ਉਸ ਦੇ ਪੁੱਤਰ ਨੂੰ ਬਲਾਤਕਾਰ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਮੁਲਜ਼ਮਾਂ ਨੇ ਔਰਤ ਨੂੰ ਡਰਾਉਂਦਿਆਂ ਕਿਹਾ ਕਿ ਜੇਕਰ ਉਹ ਆਪਣੇ ਪੁੱਤਰ ਨੂੰ ਇਸ ਮਾਮਲੇ ਵਿੱਚੋਂ ਬਚਾਉਣਾ ਚਾਹੁੰਦੀ ਹੈ ਤਾਂ ਤੁਰੰਤ ਪੈਸੇ ਦੇਣੇ ਪੈਣਗੇ। ਪੁੱਤਰ ਖ਼ਿਲਾਫ਼ ਗੰਭੀਰ ਮਾਮਲੇ ਦੀ ਗੱਲ ਸੁਣ ਕੇ ਔਰਤ ਘਬਰਾ ਗਈ ਅਤੇ ਸਾਈਬਰ ਠੱਗਾਂ ਦੀਆਂ ਗੱਲਾਂ ਵਿੱਚ ਆ ਗਈ। ਮੁਲਜ਼ਮਾਂ ਨੇ ਉਸ ਦੇ ਡਰ ਦਾ ਫ਼ਾਇਦਾ ਉਠਾਉਂਦਿਆਂ ਉਸ ਤੋਂ ਕੁੱਲ 5 ਲੱਖ ਰੁਪਏ ਵੱਖ-ਵੱਖ ਬੈਂਕ ਖਾਤਿਆਂ ਵਿੱਚ ਆਨਲਾਈਨ ਟਰਾਂਸਫਰ ਕਰਵਾ ਲਏ।
ਠੱਗੀ ਦਾ ਅਹਿਸਾਸ ਹੋਣ ’ਤੇ ਕੀਤੀ ਸ਼ਿਕਾਇਤ
ਪੈਸੇ ਟਰਾਂਸਫਰ ਕਰਨ ਤੋਂ ਬਾਅਦ ਜਦੋਂ ਔਰਤ ਨੂੰ ਆਪਣੇ ਨਾਲ ਹੋਈ ਠੱਗੀ ਦਾ ਅਹਿਸਾਸ ਹੋਇਆ ਤਾਂ ਉਸ ਨੇ ਨੈਸ਼ਨਲ ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ 1930 ’ਤੇ ਸੰਪਰਕ ਕਰਨ ਦੇ ਨਾਲ-ਨਾਲ ਸਾਈਬਰ ਕ੍ਰਾਈਮ ਪੋਰਟਲ ’ਤੇ ਵੀ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਦੀ ਜਾਂਚ ਤੋਂ ਬਾਅਦ ਸਾਈਬਰ ਕ੍ਰਾਈਮ ਪੁਲਸ ਸਟੇਸ਼ਨ ਵੱਲੋਂ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਵੱਲੋਂ ਠੱਗੀ ਵਿੱਚ ਵਰਤੇ ਗਏ ਵਟਸਐਪ ਨੰਬਰਾਂ, ਬੈਂਕ ਖਾਤਿਆਂ ਅਤੇ ਪੈਸਿਆਂ ਦੇ ਲੈਣ-ਦੇਣ ਸਬੰਧੀ ਵੇਰਵਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਤੱਕ ਪਹੁੰਚਿਆ ਜਾ ਸਕੇ।
ਇਹ ਵੀ ਪੜ੍ਹੋ : ਪੁਲਾੜ 'ਚ ਭਾਰਤ ਦੀ ਵੱਡੀ ਛਲਾਂਗ: ਇਸਰੋ ਨੇ ਸਫ਼ਲਤਾਪੂਰਵਕ ਲਾਂਚ ਕੀਤਾ NVS-03 ਸੈਟੇਲਾਈਟ
ਪੁਲਸ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ
ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵ੍ਹਟਸਐਪ ਜਾਂ ਹੋਰ ਮਾਧਿਅਮਾਂ ਰਾਹੀਂ ਆਉਣ ਵਾਲੀਆਂ ਅਣਜਾਣ ਕਾਲਾਂ ਤੋਂ ਸਾਵਧਾਨ ਰਹਿਣ। ਜੇਕਰ ਕੋਈ ਵਿਅਕਤੀ ਆਪਣੇ ਆਪ ਨੂੰ ਪੁਲਸ ਜਾਂ ਕਿਸੇ ਜਾਂਚ ਏਜੰਸੀ ਦਾ ਅਧਿਕਾਰੀ ਦੱਸ ਕੇ ਬੱਚਿਆਂ ਜਾਂ ਪਰਿਵਾਰਕ ਮੈਂਬਰਾਂ ਦੀ ਗ੍ਰਿਫ਼ਤਾਰੀ ਦਾ ਡਰ ਦਿਖਾਉਂਦਾ ਹੈ ਅਤੇ ਪੈਸਿਆਂ ਦੀ ਮੰਗ ਕਰਦਾ ਹੈ ਤਾਂ ਘਬਰਾਉਣ ਦੀ ਬਜਾਏ ਸਬੰਧਤ ਪੁਲਸ ਅਧਿਕਾਰੀਆਂ ਨਾਲ ਸੰਪਰਕ ਕਰਕੇ ਜਾਣਕਾਰੀ ਦੀ ਪੁਸ਼ਟੀ ਕੀਤੀ ਜਾਵੇ। ਸਾਈਬਰ ਠੱਗੀ ਦਾ ਸ਼ਿਕਾਰ ਹੋਣ ’ਤੇ ਤੁਰੰਤ 1930 ’ਤੇ ਸ਼ਿਕਾਇਤ ਦਰਜ ਕਰਵਾਈ ਜਾਵੇ, ਤਾਂ ਜੋ ਸਮੇਂ ਸਿਰ ਕਾਰਵਾਈ ਕਰਕੇ ਨੁਕਸਾਨ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅੱਧੀ ਰਾਤ ਕੁਹਾੜੀ ਲੈ ਕੇ ਪੁੱਜਾ ਦਿਓਰ, ਭਾਬੀ ਦਾ ਕਰ'ਤਾ ਕਤਲ
NEXT STORY