ਪਟਿਆਲਾ/ਪਾਤੜਾਂ (ਸੁਖਦੀਪ ਸਿੰਘ ਮਾਨ) : ਮਾਮੂਲੀ ਜਿਹੀ ਗੱਲ ਨੂੰ ਲੈ ਕੇ ਹੋਈ ਆਪਸੀ ਤਕਰਾਰਬਾਜ਼ੀ ਕਿੰਨਾ ਭਿਆਨਕ ਅਤੇ ਦਰਦਨਾਕ ਰੂਪ ਧਾਰਨ ਕਰ ਸਕਦੀ ਹੈ, ਇਸ ਦੀ ਇੱਕ ਅਤਿ ਮੰਦਭਾਗੀ ਅਤੇ ਰੂਹ ਕੰਬਾਊ ਘਟਨਾ ਪਾਤੜਾਂ ਦੀ ਅਮਰੀਕ ਕਲੋਨੀ ਤੋਂ ਸਾਹਮਣੇ ਆਈ ਹੈ। ਬੀਤੇ ਦਿਨ ਕੂੜਾ ਸੁੱਟਣ ਦੀ ਗੱਲ ਤੋਂ ਸ਼ੁਰੂ ਹੋਏ ਝਗੜੇ ਦੌਰਾਨ ਘਰ ਅੰਦਰ ਵੜ ਕੇ ਕੀਤੇ ਗਏ ਹਮਲੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਪੀੜਤ ਪਰਿਵਾਰ ਦੇ ਲੜਕੇ ਦੀ ਅੱਜ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਇੱਕ ਛੋਟੀ ਜਿਹੀ ਘਟਨਾ ਵੱਲ ਧਿਆਨ ਨਾ ਦੇਣ ਅਤੇ ਗੁੱਸੇ 'ਤੇ ਕਾਬੂ ਨਾ ਰੱਖਣ ਕਾਰਨ ਇੱਕ ਪਰਿਵਾਰ ਦਾ ਨੌਜਵਾਨ ਪੁੱਤ ਹਮੇਸ਼ਾ ਲਈ ਇਸ ਸੰਸਾਰ ਤੋਂ ਰੁਖ਼ਸਤ ਹੋ ਗਿਆ, ਜਿਸ ਨਾਲ ਪੂਰੇ ਸ਼ਹਿਰ ਅੰਦਰ ਗਮ ਅਤੇ ਸੋਗ ਦੀ ਲਹਿਰ ਦੌੜ ਗਈ ਹੈ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਪਰਿਵਾਰ ਦੇ ਮੁਖੀ ਮੇਘਰਾਜ ਨੇ ਦੱਸਿਆ ਸੀ ਕਿ ਬੀਤੇ ਦਿਨ ਗਲੀ ਵਿੱਚ ਕੂੜਾ ਸੁੱਟਣ ਨੂੰ ਲੈ ਕੇ ਉਨ੍ਹਾਂ ਦੀ ਆਪਣੇ ਗੁਆਂਢੀ ਨਾਲ ਆਪਸੀ ਤਕਰਾਰ ਹੋਈ ਸੀ। ਦੋਸ਼ ਹੈ ਕਿ ਗੁਆਂਢੀ ਨੇ ਆਪਣੇ ਰਿਸ਼ਤੇਦਾਰ (ਲੱਖ ਵਾਲੀ ਬਸਤੀ) ਦੇ ਰਾਜਕੁਮਾਰ ਨੂੰ ਫੋਨ ਕਰਕੇ ਬੁਲਾ ਲਿਆ। ਇਸ ਤੋਂ ਬਾਅਦ ਰਾਜਕੁਮਾਰ ਆਪਣੇ ਨਾਲ 10 ਤੋਂ 15 ਅਣਪਛਾਤੇ ਨੌਜਵਾਨਾਂ ਨੂੰ ਲੈ ਕੇ ਮੌਕੇ 'ਤੇ ਪਹੁੰਚ ਗਿਆ। ਖ਼ੌਫ਼ਜ਼ਦਾ ਹੋ ਕੇ ਪੀੜਤ ਪਰਿਵਾਰ ਨੇ ਆਪਣੇ ਘਰ ਦੇ ਦਰਵਾਜ਼ੇ ਬੰਦ ਕਰ ਲਏ ਸਨ, ਪਰ ਹਮਲਾਵਰਾਂ ਨੇ ਗੁੰਡਾਗਰਦੀ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਘਰ ਦੀਆਂ ਕੰਧਾਂ ਟੱਪ ਕੇ ਅੰਦਰ ਦਾਖਲ ਹੋ ਕੇ ਉਨ੍ਹਾਂ ਦੇ ਦੋਵਾਂ ਪੁੱਤਰਾਂ 'ਤੇ ਡਾਂਗਾਂ-ਸੋਟਿਆਂ ਨਾਲ ਬੇਰਹਿਮੀ ਨਾਲ ਹਮਲਾ ਕਰ ਦਿੱਤਾ ਅਤੇ ਘਰ ਦੇ ਸਾਮਾਨ ਦੀ ਭੰਨ-ਤੋੜ ਕੀਤੀ।
ਪਾਤੜਾਂ ਤੋਂ ਸਮਾਣਾ ਅਤੇ ਫਿਰ ਲੁਧਿਆਣਾ ਕੀਤਾ ਗਿਆ ਸੀ ਰੈਫਰ
ਇਸ ਖ਼ੂਨੀ ਹਮਲੇ ਵਿੱਚ ਮੇਘਰਾਜ ਦਾ ਛੋਟਾ ਲੜਕਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ। ਉਸ ਨੂੰ ਤੁਰੰਤ ਪਾਤੜਾਂ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਪਹਿਲਾਂ ਸਮਾਣਾ ਦੇ ਸਰਕਾਰੀ ਹਸਪਤਾਲ ਅਤੇ ਲੰਘੇ ਕੱਲ੍ਹ ਹਾਲਤ ਹੋਰ ਵਿਗੜਨ 'ਤੇ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ। ਪਰ ਡਾਕਟਰਾਂ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਅੱਜ ਉਸ ਨੇ ਜ਼ਿੰਦਗੀ ਅਤੇ ਮੌਤ ਦੀ ਜੰਗ ਹਾਰ ਦਿੱਤੀ।
ਘਟਨਾ ਤੋਂ ਬਾਅਦ ਸ਼ਹਿਰ ਨਿਵਾਸੀਆਂ ਅੰਦਰ ਭਾਰੀ ਰੋਸ ਨੂੰ ਦੇਖਦਿਆਂ ਅਤੇ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਪੁਲਸ ਵੱਲੋਂ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਰਾਜਕੁਮਾਰ ਸਮੇਤ 5 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ ਅਤੇ 10-12 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੀ ਮੁਕੱਦਮਾ ਦਰਜ ਕਰ ਲਿਆ ਗਿਆ ਸੀ। ਨੌਜਵਾਨ ਦੀ ਮੌਤ ਤੋਂ ਬਾਅਦ ਸਿਟੀ ਪੁਲਿਸ ਲੁਧਿਆਣਾ ਹਸਪਤਾਲ ਪੰਹੁਚ ਗਈ ਹੈ ਅਤੇ ਸਿਟੀ ਇੰਚਾਰਜ਼ ਨੇ ਦੱਸਿਆ ਕਿ ਮ੍ਰਿਤਕ ਦਾ ਪੋਸਟ ਮਾਰਟਮ ਕਰਾਉਣ ਉਪਰੰਤ ਮਾਮਲੇ ਵਿੱਚ ਹੋਰ ਸੰਗੀਨ ਧਾਰਾਵਾਂ ਦਾ ਵਾਧਾ ਕੀਤਾ ਜਾ ਰਿਹਾ ਹੈ।
ਸਿਵਾਏ ਪਛਤਾਵੇ ਦੇ ਕੁੱਝ ਨਹੀਂ ਬਚਿਆ, ਹਰ ਅੱਖ ਹੋਈ ਨਮ
ਇੱਕ ਮਾਮੂਲੀ ਜਿਹੇ ਵਿਵਾਦ ਦਾ ਅਜਿਹਾ ਖ਼ੂਨੀ ਅੰਤ ਹੋ ਜਾਵੇਗਾ, ਇਸ ਦਾ ਅੰਦਾਜ਼ਾ ਕਿਸੇ ਨੇ ਨਹੀਂ ਲਗਾਇਆ ਸੀ। ਇਸ ਘਟਨਾ ਨੇ ਜਿੱਥੇ ਇੱਕ ਹੱਸਦਾ-ਖੇਡਦਾ ਪਰਿਵਾਰ ਉਜਾੜ ਕੇ ਰੱਖ ਦਿੱਤਾ ਹੈ, ਉੱਥੇ ਹੀ ਹੁਣ ਦੋਵਾਂ ਧਿਰਾਂ ਕੋਲ ਸਿਵਾਏ ਪਛਤਾਵੇ ਦੇ ਕੁੱਝ ਨਹੀਂ ਬਚਿਆ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਥਿਤ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।
ਪੰਜਾਬ 'ਚ ਲਗਾਤਾਰ 4 ਦਿਨ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ Alert ਜਾਰੀ
NEXT STORY