ਮੋਹਾਲੀ (ਜੱਸੀ) : ਥਾਣਾ ਸੋਹਾਣਾ ਅਧੀਨ ਪੈਂਦੇ ਸੈਕਟਰ-87 ’ਚ ਜਾਇਦਾਦ ਨੂੰ ਲੈ ਕੇ ਚੱਲ ਰਹੀ ਰੰਜਿਸ਼ ਨੇ ਖ਼ੂਨੀ ਰੂਪ ਧਾਰ ਲਿਆ। ਇੱਥੇ ਪ੍ਰਾਪਰਟੀ ਡੀਲਰ ਨੂੰ ਉਸਦੇ ਹੀ ਦਫ਼ਤਰ ’ਚ ਚਾਕੂ ਅਤੇ ਰਾਡ ਨਾਲ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਸੈਕਟਰ-66ਬੀ ਵਾਸੀ ਅਮਨਦੀਪ ਸਿੰਘ ਵਜੋਂ ਹੋਈ ਹੈ। ਪੁਲਸ ਜਾਂਚ ਮੁਤਾਬਕ ਵਾਰਦਾਤ ਨੂੰ ਅਮਨਦੀਪ ਸਿੰਘ ਦੇ ਸਾਲੇ ਪਰਦੀਪ ਸਿੰਘ ਵਾਸੀ ਨਾਨੂ ਮਾਜਰਾ ਨੇ ਆਪਣੇ ਇਕ ਦੋਸਤ ਨਾਲ ਮਿਲ ਕੇ ਅੰਜਾਮ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪਰਦੀਪ ਨੂੰ ਇਸ ਗੱਲ ਦੀ ਰੰਜਿਸ਼ ਸੀ ਕਿ ਉਸਦੀ ਮਾਂ ਦੀ ਜਾਇਦਾਦ ਉਸਦੇ ਨਾਂ ਨਹੀਂ ਹੋ ਰਹੀ ਸੀ ਤੇ ਇਸ ਮਾਮਲੇ ’ਚ ਅਮਨਦੀਪ ਸਿੰਘ ਉਸਦੇ ਰਾਹ ’ਚ ਰੁਕਾਵਟ ਬਣ ਰਿਹਾ ਸੀ। ਮ੍ਰਿਤਕ ਦੀ ਪਤਨੀ ਰਮਨਦੀਪ ਕੌਰ ਵੱਲੋਂ ਥਾਣਾ ਸੋਹਾਣਾ ਪੁਲਸ ਨੂੰ ਦਿੱਤੀ ਸ਼ਿਕਾਇਤ ਮੁਤਾਬਕ ਉਹ ਆਪਣੇ ਪਤੀ ਅਮਨਦੀਪ ਸਿੰਘ ਤੇ ਦੋ ਬੱਚਿਆਂ ਨਾਲ ਸੈਕਟਰ-66ਬੀ ’ਚ ਰਹਿੰਦੀ ਹੈ। ਸਾਲ 2019 ’ਚ ਉਸਦਾ ਵਿਆਹ ਅਮਨਦੀਪ ਨਾਲ ਹੋਇਆ ਸੀ। ਦੋਵਾਂ ਦਾ ਇਹ ਦੂਜਾ ਵਿਆਹ ਸੀ ਅਤੇ ਉਨ੍ਹਾਂ ਦੇ ਦੋ ਬੱਚੇ ਹਨ। ਰਮਨਦੀਪ ਕੌਰ ਨੇ ਪੁਲਸ ਨੂੰ ਦੱਸਿਆ ਕਿ ਉਸਦੇ ਪਿਤਾ ਦੀ ਮੌਤ ਤੋਂ ਬਾਅਦ ਪਰਿਵਾਰ ਦੀ ਜ਼ਮੀਨ-ਜਾਇਦਾਦ ਉਸਦੀ ਮਾਤਾ ਸਵਰਨਜੀਤ ਕੌਰ ਦੇ ਨਾਂ ਹੋ ਗਈ ਸੀ। ਉਸਦੀ ਮਾਤਾ ਨੇ ਉਸ ਨੂੰ ਆਪਣੀ ਜਾਇਦਾਦ ਦੀ ਵਾਰਸ ਬਣਾਇਆ ਹੋਇਆ ਸੀ। ਸ਼ਿਕਾਇਤ ਮੁਤਾਬਕ ਉਸਦਾ ਭਰਾ ਪਰਦੀਪ ਸਿੰਘ ਮਾੜੀ ਸੰਗਤ ’ਚ ਪੈ ਗਿਆ ਸੀ, ਜਿਸ ਕਾਰਨ ਉਸਦੀ ਮਾਤਾ ਨੇ ਉਸ ਨੂੰ ਜਾਇਦਾਦ ਦਾ ਵਾਰਸ ਨਹੀਂ ਬਣਾਇਆ। ਸੈਕਟਰ-87 ’ਚ ਸਵਰਨਜੀਤ ਕੌਰ ਦੇ ਨਾਂ ਕਰੀਬ ਦੋ ਕਨਾਲ ਜ਼ਮੀਨ ਹੈ। ਇਸੇ ਜ਼ਮੀਨ ’ਚ ਅਮਨਦੀਪ ਸਿੰਘ ਨੇ ਪ੍ਰਾਪਰਟੀ ਡੀਲਰ ਦਾ ਦਫ਼ਤਰ ਅਤੇ ਫਾਰਮ ਹਾਊਸ ਬਣਾਇਆ ਹੋਇਆ ਸੀ, ਜਿਸ ਦਾ ਨਾਮ 'ਓਲਡ ਫਾਰਮ ਹਾਊਸ' ਰੱਖਿਆ ਗਿਆ ਸੀ। ਇੱਥੇ ਹੀ ਅਮਨਦੀਪ ਸਿੰਘ ਪ੍ਰਾਪਰਟੀ ਦੀ ਖਰੀਦੋ-ਫਰੋਖ਼ਤ ਸਬੰਧੀ ਮੀਟਿੰਗਾਂ ਕਰਦਾ ਸੀ।
ਇਹ ਵੀ ਪੜ੍ਹੋ : ਪੰਜਾਬ : ਇਨ੍ਹਾਂ ਅਧਿਆਪਕਾਂ ਦੀਆਂ ਤਰੱਕੀਆਂ 'ਤੇ ਰੋਕ! ਹਾਈਕੋਰਟ ਵਲੋਂ ਨੋਟਿਸ ਜਾਰੀ, ਪੜ੍ਹੋ ਪੂਰੀ ਖ਼ਬਰ
ਜਾਨ ਬਚਾਉਣ ਲਈ ਭੱਜਿਆ ਤਾਂ ਪਿੱਛਾ ਕਰਕੇ ਕੀਤਾ ਹਮਲਾ
ਰਮਨਦੀਪ ਕੌਰ ਦੇ ਬਿਆਨਾਂ ਮੁਤਾਬਕ ਪਰਦੀਪ ਸਿੰਘ ਨੂੰ ਇਸ ਗੱਲ ਦੀ ਰੰਜਿਸ਼ ਸੀ ਕਿ ਅਮਨਦੀਪ ਸਿੰਘ ਉਸਦੀ ਮਾਤਾ ਦੀ ਜਾਇਦਾਦ ਦੀ ਵਸੀਅਤ ਉਸਦੇ ਨਾਂ ਨਹੀਂ ਹੋਣ ਦੇ ਰਿਹਾ ਸੀ। ਇਸੇ ਰੰਜਿਸ਼ ਕਾਰਨ ਪਰਦੀਪ ਸਿੰਘ ਨੇ ਦੋਸਤ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਸ਼ਿਕਾਇਤ ਮੁਤਾਬਕ ਬੀਤੀ ਸ਼ਾਮ ਪਰਦੀਪ ਸਿੰਘ ਦੋਸਤ ਨਾਲ ਸੈਕਟਰ-87 ਸਥਿਤ ਅਮਨਦੀਪ ਸਿੰਘ ਦਫ਼ਤਰ ’ਚ ਪਹੁੰਚਿਆ। ਦੋਵਾਂ ਨੇ ਅਮਨਦੀਪ ਨਾਲ ਜਾਇਦਾਦ ਨੂੰ ਲੈ ਕੇ ਗੱਲਬਾਤ ਸ਼ੁਰੂ ਕੀਤੀ। ਇਸ ਦੌਰਾਨ ਪਰਦੀਪ ਸਿੰਘ ਨੇ ਆਪਣੇ ਡੱਬ ’ਚੋਂ ਚਾਕੂ ਕੱਢ ਕੇ ਅਮਨਦੀਪ ਸਿੰਘ ’ਤੇ ਹਮਲਾ ਕਰ ਦਿੱਤਾ। ਹਮਲੇ ਤੋਂ ਬਚਣ ਲਈ ਅਮਨਦੀਪ ਸਿੰਘ ਦਫ਼ਤਰ ਤੋਂ ਬਾਹਰ ਵੱਲ ਭੱਜਿਆ ਪਰ ਪਰਦੀਪ ਸਿੰਘ ਅਤੇ ਉਸਦਾ ਦੋਸਤ ਵੀ ਉਸਦੇ ਪਿੱਛੇ ਭੱਜੇ। ਦੋਸ਼ ਹੈ ਕਿ ਪਰਦੀਪ ਸਿੰਘ ਨੇ ਅਮਨਦੀਪ ਦੀ ਧੌਣ ਤੇ ਸਰੀਰ ’ਤੇ ਚਾਕੂ ਨਾਲ ਕਈ ਵਾਰ ਕੀਤੇ। ਇਸੇ ਦੌਰਾਨ ਉਸਦੇ ਦੋਸਤ ਨੇ ਰਾਡ ਨਾਲ ਅਮਨਦੀਪ ਦੇ ਸਿਰ ਤੇ ਛਾਤੀ ’ਤੇ ਕਈ ਵਾਰ ਕੀਤੇ। ਰਮਨਦੀਪ ਕੌਰ ਮੁਤਾਬਕ ਜਦੋਂ ਉਹ ਆਪਣੇ ਭਰਾ ਨੂੰ ਰੋਕਣ ਲਈ ਅੱਗੇ ਆਈ ਤਾਂ ਦੋਵੇਂ ਮੁਲਜ਼ਮ ਉਨ੍ਹਾਂ ਦੀ ਇਨੋਵਾ ਗੱਡੀ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਤੋਂ ਬਾਅਦ ਜਾਣਕਾਰਾਂ ਦੀ ਮਦਦ ਨਾਲ ਗੰਭੀਰ ਰੂਪ ’ਚ ਜ਼ਖ਼ਮੀ ਅਮਨਦੀਪ ਸਿੰਘ ਨੂੰ ਸੋਹਾਣਾ ਦੇ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਪੰਜਾਬ : ਚੱਲਦੇ ਅਨੰਦ ਕਾਰਜ 'ਚੋਂ ਚੁੱਕ ਲਿਆ ਲਾੜੀ ਦਾ ਪਿਓ, ਵਿਆਹ ਦੇ ਰੰਗ 'ਚ ਪੈ ਗਿਆ ਭੰਗ (ਵੀਡੀਓ)
ਪਟਿਆਲਾ ਦੇ ਸਿਆਸੀ ਆਗੂ ਨਾਲ ਨੇੜਲੇ ਸਬੰਧ
ਮ੍ਰਿਤਕ ਅਮਨਦੀਪ ਸਿੰਘ ਦਾ ਪਿਛੋਕੜ ਪਟਿਆਲਾ ਜ਼ਿਲ੍ਹੇ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਉਸਦੇ ਪਟਿਆਲਾ ਖੇਤਰ ਦੇ ਇਕ ਸਿਆਸੀ ਆਗੂ ਨਾਲ ਨੇੜਲੇ ਸਬੰਧ ਸਨ। ਹਾਲਾਂਕਿ ਪੁਲਸ ਵੱਲੋਂ ਇਸ ਪੱਖ ਸਮੇਤ ਕਤਲ ਦੇ ਹੋਰ ਕਾਰਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਦੋਵੇਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ : ਡੀ.ਐੱਸ.ਪੀ.
ਡੀ.ਐੱਸ.ਪੀ. ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੁਲਸ ਨੇ ਪਰਦੀਪ ਸਿੰਘ ਵਾਸੀ ਨਾਨੂ ਮਾਜਰਾ ਤੇ ਉਸਦੇ ਅਣਪਛਾਤੇ ਦੋਸਤ ਖ਼ਿਲਾਫ਼ ਕਤਲ ਦੀ ਧਾਰਾ 103 ਤੇ 3(5) ਬੀ. ਐੱਨ. ਐੱਸ. ਐਕਟ ਤਹਿਤ ਪਰਚਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਵੱਲੋਂ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦ ਹੀ ਦੋਹਾਂ ਨੂੰ ਕਾਬੂ ਕਰ ਲਿਆ ਜਾਵੇਗਾ। ਪੁਲਸ ਵੱਲੋਂ ਮਾਮਲੇ ਨਾਲ ਜੁੜੇ ਹੋਰ ਸਬੂਤ ਵੀ ਇਕੱਠੇ ਕੀਤੇ ਜਾ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਤੇਜ਼ ਰਫ਼ਤਾਰ ਵਾਹਨ ਦੀ ਫੇਟ ਨਾਲ ਟੈਂਕਰ ਡਰਾਈਵਰ ਦੀ ਮੌਤ
NEXT STORY