ਸੰਗਰੂਰ (ਸ਼ਾਮ)- ਭਕਿਯੂ ਏਕਤਾ (ਡਕੌਂਦਾ) ਵੱਲੋਂ ਝੋਨੇ ਦੇ ਸੀਜ਼ਨ ਦੌਰਾਨ ਬੋਰੀਆਂ ’ਚ ਵੱਧ ਝੋਨਾ ਤੋਲਣ ਵਾਲੇ ਆਡ਼੍ਹਤੀਏ ਖਿਲਾਫ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਮਾਰਕੀਟ ਕਮੇਟੀ ਤਪਾ ਦਾ ਘਿਰਾਓ ਕਰ ਕੇ ਧਰਨਾ ਲਾ ਕੇ ਜ਼ਬਰਦਸਤ ਨਾਅਰੇਬਾਜ਼ੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਭਾਕਿਯੂ ਏਕਤਾ (ਡਕੌਂਦਾ) ਦੇ ਜ਼ਿਲਾ ਮੀਤ ਪ੍ਰਧਾਨ ਦਰਸ਼ਨ ਸਿੰਘ ਮਹਿਤਾ ਦੀ ਅਗਵਾਈ ਲਗਾਏ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੰਡੀ ਦੇ ਇਕ ਆਡ਼੍ਹਤੀਏ ਵੱਲੋਂ ਪਿੰਡ ਮਹਿਤਾ ਦੇ ਕਿਸਾਨ ਬਿੰਦਰ ਸਿੰਘ ਪੁੱਤਰ ਦਲਵਾਰਾ ਸਿੰਘ ਦੋਧੀ ਦੇ ਝੋਨੇ ਦੇ ਸੀਜ਼ਨ ਦੌਰਾਨ ਵੱਧ ਝੋਨਾ ਤੋਲਦਾ ਫਡ਼ਿਆ ਗਿਆ ਸੀ ਪਰ ਮਾਰਕੀਟ ਕਮੇਟੀ ਤਪਾ ਦੇ ਸਕੱਤਰ ਵੱਲੋਂ ਆਡ਼੍ਹਤੀਏ ਖਿਲਾਫ ਕੋਈ ਸਖਤ ਕਾਰਵਾਈ ਨਹੀਂ ਕੀਤੀ ਗਈ ਬਲਕਿ 500-500 ਰੁਪਏ ਤੋਲੇ ਅਤੇ ਆਡ਼੍ਹਤੀਏ ਨੂੰ ਜੁਰਮਾਨਾ ਕਰ ਕੇ ਛੱਡ ਦਿੱਤਾ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਜਿਸ ਤੋਲੇ ਨੂੰ ਜੁਰਮਾਨਾ ਕੀਤਾ ਗਿਆ ਹੈ ਉਸ ਦਾ ਉਸ ਡੇਟ ’ਚ ਲਾਇਸ਼ੈਲ ਵੀ ਰਿਨਿਊ ਨਹੀਂ ਸੀ ਹੋਇਆ,ਬਾਅਦ ’ਚ ਲਾਇਸੈਂਸ ਰਿਨਿਊ ਕੀਤਾ ਗਿਆ ਜੋ ਕਿ ਕਾਨੂੰਨ ਅਨੁਸਾਰ ਬਿਲਕੁਲ ਗਲਤ ਹੈ। ਉਨ੍ਹਾਂ ਦੱਸਿਆ ਕਿ ਸਕੱਤਰ ਮਾਰਕੀਟ ਕਮੇਟੀ ਵੱਲੋਂ ਆਡ਼੍ਹਤੀਆਂ ਨਾਲ ਮਿਲੀਭੁਗਤ ਕਰ ਕੇ ਕਿਸਾਨਾਂ ਨੂੰ ਮੋਟਾ ਚੂਨਾ ਲਾ ਰਹੇ ਹਨ। ਉਨ੍ਹਾਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਇਕਜੁੱਟ ਹੋ ਕੇ ਕਿਸਾਨੀ ਨੂੰ ਬਚਾਇਆ ਜਾਵੇ। ਉਨ੍ਹਾਂ ਪਿੰਡ ਬੱਲ੍ਹੋ ਕੇ ਖਰੀਦ ਕੇਂਦਰ ਦਾ ਝੋਨਾ ਇਕ ਡਿਫਾਲਟਰ ਸ਼ੈਲਰ ਲਗਾਏ ਜਾਣ ਦਾ ਵੀ ਗੰਭੀਰ ਨੋਟਿਸ ਲਿਆ। ਉਨ੍ਹਾਂ ਪ੍ਰਸ਼ਾਸਨ ਅਤੇ ਹੋਰ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਹੈ ਜੇ ਆਡ਼੍ਹਤੀਏ ਖਿਲਾਫ ਕੋਈ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਸੰਘਰਸ਼ ਜਾਰੀ ਰਹੇਗਾ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਮਾਰਕੀਟ ਕਮੇਟੀ ਦੇ ਸਕੱਤਰ ਦੀ ਡਿਊਟੀ ਚੋਣਾਂ ’ਚ ਹੋਣ ਕਾਰਨ ਮਹਿਤਾ ਖਰੀਦ ਕੇਂਦਰ ਦੇ ਮੁਲਾਜ਼ਮ ਬਿਕਰਮਜੀਤ ਸਿੰਘ ਦਾ ਕਹਿਣਾ ਹੈ ਕਿ ਆਡ਼੍ਹਤੀ ਅਤੇ ਤੋਲੇ ਨੂੰ ਬਣਦਾ ਜੁਰਮਾਨਾ ਕਰ ਕੇ ਭਰਵਾ ਲਿਆ ਗਿਆ ਹੈ, ਤੋਲੇ ਦਾ ਲਾਇਸੈਂਸ ਰਿਨਿਊ ਨਾ ਹੋਣ ਸੰਬੰਧੀ ਉਨ੍ਹਾਂ ਕਿਹਾ ਕਿ ਲਾਇਸੈਂਸ ਰਿਨਿਊ ਹੋਣ ਵਜੋਂ ਰਹਿ ਸਕਦਾ ਹੈ, ਜੋ ਬਾਅਦ ’ਚ ਕਰ ਕੇ ਬਣਦਾ ਜੁਰਮਾਨਾ ਭਰਵਾਇਆ ਗਿਆ ਹੈ, ਰੁਪਏ ਲਏ ਜਾਣ ਦੇ ਦੋਸ਼ ਬਿਲਕੁਲ ਝੂਠ ਅਤੇ ਬੇਬੁਨਿਆਦ ਹਨ। ਐੱਸ.ਐੱਚ.ਓ ਤਪਾ ਗੁਰਪ੍ਰਤਾਪ ਸਿੰਘ ਦੀ ਅਗਵਾਈ ’ਚ ਪੁਲਸ ਪਾਰਟੀ ਤਾਇਨਾਤ ਸੀ। ਇਸ ਮੌਕੇ ਜ਼ਿਲਾ ਜਨਰਲ ਸਕੱਤਰ ਕੁਲਵੰਤ ਸਿੰਘ ਭਦੋਡ਼,ਬਲਾਕ ਸਕੱਤਰ ਲਖਵੀਰ ਸਿੰਘ ਦੁੱਲਮਸਰ,ਪਰਵਿੰਦਰ ਸਿੰਘ ਹੰਡਿਆਇਆ,ਸੰਦੀਪ ਚੀਮਾ,ਗੁਰਨਾਮ ਸਿੰਘ ਸੁਖਪੁਰਾ,ਗੁਰਨੈਬ ਧੋਲਾ,ਗੁਰਦੇਵ ਸਿੰਘ ਤਾਜੋਕੇ,ਜਗਰੂਪ ਸਿੰਘ ਭਦੋਡ਼,ਸਿੰਦਾ ਸਿੰਘ ਭਦੋਡ਼,ਮਿਠੂ ਸਿੰਘ ਤਾਜੋਕੇ,ਭੋਲਾ ਸਿੰਘ ਮੋਡ਼,ਸਰਬੀ ਦੁੱਲਮਸਰ,ਪੰਮਾ ਭਦੋਡ਼ ਆਦਿ ਵੱਡੀ ਗਿਣਤੀ ’ਚ ਕਿਸਾਨ ਆਗੂ ਹਾਜ਼ਰ ਸਨ।
ਸੜਕ ਹਾਦਸੇ ’ਚ ਅੌਰਤ ਜ਼ਖਮੀ
NEXT STORY