ਦੁਬਈ (ਭਾਸ਼ਾ)– ਤੇਜ਼ੀ ਨਾਲ ਉੱਭਰਦੇ ਹੋਏ ਭਾਰਤ ਦੇ ਸਟਾਰ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਬੱੁਧਵਾਰ ਨੂੰ ਜਾਰੀ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀ ਟੀ-20 ਬੱਲੇਬਾਜ਼ੀ ਰੈਂਕਿੰਗ ਵਿਚ ਇਤਿਹਾਸ ਦੇ ਸਰਵੋਤਮ ਰੇਟਿੰਗ ਅੰਕਾਂ ਨਾਲ ਚੋਟੀ ’ਤੇ ਆਪਣੀ ਸਥਿਤੀ ਹੋਰ ਮਜ਼ਬੂਤ ਕੀਤੀ ਜਦਕਿ ਵਰੁਣ ਚੱਕਰਵਰਤੀ ਵੀ ਗੇਂਦਬਾਜ਼ੀ ਰੈਂਕਿੰਗ ਵਿਚ ਚੋਟੀ ’ਤੇ ਬਰਕਰਾਰ ਹੈ। ਪਾਕਿਸਤਾਨ ਦਾ ਸਈਮ ਅਯੂਬ ਹਾਲਾਂਕਿ ਟੀ-20 ਕੌਮਾਂਤਰੀ ਆਲਰਾਊਂਡਰਾਂ ਦੀ ਸੂਚੀ ਵਿਚ ਭਾਰਤ ਦੇ ਹਾਰਦਿਕ ਪੰਡਯਾ ਨੂੰ ਪਛਾੜ ਕੇ ਚੋਟੀ ’ਤੇ ਪਹੁੰਚ ਗਿਆ।
ਹਾਲ ਹੀ ਵਿਚ ਖਤਮ ਹੋਏ ਏਸ਼ੀਆ ਕੱਪ ਵਿਚ ਭਾਰਤ ਦੀ ਖਿਤਾਬੀ ਜਿੱਤ ਤੋਂ ਬਾਅਦ ਅਭਿਸ਼ੇਕ ਨੇ ਇਤਿਹਾਸ ਦੇ ਸਰਵੋਤਮ 931 ਅੰਕਾਂ ਨਾਲ ਲੱਗਭਗ 5 ਸਾਲ ਪੁਰਾਣੇ ਰਿਕਾਰਡ ਨੂੰ ਤੋੜਿਆ। ਆਈ. ਸੀ. ਸੀ. ਨੇ ਦੱਸਿਆ ਕਿ 25 ਸਾਲਾ ਅਭਿਸ਼ੇਕ ਨੇ 2020 ਵਿਚ ਬਣਾਏ ਗਏ ਇੰਗਲੈਂਡ ਦੇ ਖੱਬੇ ਹੱਥ ਦੇ ਬੱਲੇਬਾਜ਼ ਡੇਵਿਡ ਮਲਾਨ ਦੇ 919 ਰੇਟਿੰਗ ਅੰਕਾਂ ਦੇ ਰਿਕਾਰਡ ਨੂੰ ਤੋੜਿਆ। ਏਸ਼ੀਆ ਕੱਪ ਦੌਰਾਨ 200 ਤੋਂ ਵੱਧ ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾ ਕੇ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਬਣੇ ਅਭਿਸ਼ੇਕ ਨੇ ਟੀਮ ਦੇ ਆਪਣੇ ਸਾਥੀਆਂ ਸੂਰਯਕੁਮਾਰਰ ਯਾਦਵ (912) ਤੇ ਵਿਰਾਟ ਕੋਹਲੀ (909) ਦੇ ਪਿਛਲੇ ਸਰਵੋਤਮ ਰੇਟਿੰਗ ਅੰਕ ਨੂੰ ਵੀ ਪਿੱਛੇ ਛੱਡਿਆ। ਪਿਛਲੇ ਸਾਲ ਕੌਮਾਂਤਰੀ ਡੈਬਿਊ ਕਰਨ ਵਾਲੇ ਅਭਿਸ਼ੇਕ ਨੇ ਏਸ਼ੀਆ ਕੱਪ ਦੇ 7 ਮੈਚਾਂ ਵਿਚ 44.85 ਦੀ ਔਸਤ ਨਾਲ 314 ਦੌੜਾਂ ਬਣਾਈਆਂ। ਅਭਿਸ਼ੇਕ ਦੂਜੇ ਸਥਾਨ ’ਤੇ ਰਹੇ ਇੰਗਲੈਂਡ ਦੇ ਫਿਲ ਸਾਲਟ ਤੋਂ 82 ਰੇਟਿੰਗ ਅੰਕ ਅੱਗੇ ਹੈ।
ਟੀਮ ਇੰਡੀਆ ਦਾ ਉਸਦਾ ਸਾਥੀ ਤਿਲਕ ਵਰਮਾ ਤੀਜੇ ਸਥਾਨ ’ਤੇ ਹੈ। ਵਰਮਾ ਨੇ ਏਸ਼ੀਆ ਕੱਪ ਵਿਚ 213 ਦੌੜਾਂ ਬਣਾਈਆਂ। ਭਾਰਤ ਦੇ ਸੰਜੂ ਸੈਮਸਨ (8 ਸਥਾਨਾਂ ਦੇ ਫਾਇਦੇ ਨਾਲ 31ਵੇਂ ਸਥਾਨ ’ਤੇ) ਦੀ ਰੇਟਿੰਗ ਵੀ ਏਸ਼ੀਆ ਕੱਪ ਵਿਚ ਚੰਗੇ ਪ੍ਰਦਰਸ਼ਨ ਤੋਂ ਬਾਅਦ ਸੁਧਰੀ ਹੈ।
ਏਸ਼ੀਆ ਕੱਪ ਵਿਚ 7 ਵਿਕਟਾਂ ਲੈਣ ਵਾਲਾ ਚੱਕਰਵਰਤੀ ਦੁਨੀਆ ਦਾ ਨੰਬਰ ਇਕ ਟੀ-20 ਕੌਮਾਂਤੀ ਗੇਂਦਬਾਜ਼ ਬਣਿਆ ਹੋਇਆ ਹੈ । ਟੀਮ ਦਾ ਉਸਦਾ ਸਾਥੀ ਕੁਲਦੀਪ ਯਾਦਵ (9 ਸਥਾਨਾਂ ਦੇ ਫਾਇਦੇ ਨਾਲ 12ਵੇਂ ਸਥਾਨ ’ਤੇ), ਪਾਕਿਸਤਾਨ ਦਾ ਸ਼ਾਹੀਨ ਅਫਰੀਦੀ (12 ਸਥਾਨਾਂ ਦੇ ਫਾਇਦੇ ਨਾਲ 20ਵੇਂ ਸਥਾਨ) ਨੂੰ ਰੈਂਕਿੰਗ ਵਿਚ ਫਾਇਦਾ ਹੋਇਆ ਹੈ।
ਸਿਨੇਰ ਨੇ ਜਿੱਤਿਆ ਚਾਈਨਾ ਓਪਨ
NEXT STORY