ਬਾਰਸੀਲੋਨਾ- ਬਾਰਸੀਲੋਨਾ ਗੇਟਾਫੇ ’ਤੇ ਮਿਲੀ 2-0 ਦੀ ਜਿੱਤ ਨਾਲ ਸਪੈਨਿਸ਼ ਫੁੱਟਬਾਲ ਲੀਗ ਲਾ ਲਿਗਾ ’ਚ ਲਗਾਤਾਰ ਦੂਜੀ ਵਾਰ ਖਿਤਾਬ ਜਿੱਤਣ ਦੇ ਨੇੜੇ ਪਹੁੰਚ ਗਿਆ ਹੈ ਜਦਕਿ ਐਟਲੇਟਿਕੋ ਮੈਡ੍ਰਿਡ ਚੈਂਪੀਅਨਜ਼ ਲੀਗ ਸੈਮੀਫਾਈਨਲ ’ਚ ਆਰਸਨੈੱਲ ਦਾ ਸਾਹਮਣਾ ਕਰਨ ਤੋਂ ਪਹਿਲਾਂ ਆਤਮਵਿਸ਼ਵਾਸ ਭਰੀ ਜਿੱਤ ਹਾਸਲ ਕਰਨ ’ਚ ਸਫਲ ਰਿਹਾ।
ਬਾਰਸੀਲੋਨਾ ਵੱਲੋਂ ਪਹਿਲਾ ਗੋਲ ਫਰਮਿਨ ਲੋਪੇਜ਼ ਨੇ 45ਵੇਂ ਮਿੰਟ ’ਚ ਕੀਤਾ। ਉਸ ਨੇ ਆਪਣਾ ਇਹ ਗੋਲ ਜ਼ਖ਼ਮੀ ਲਾਮਿਨ ਯਾਮਲ ਨੂੰ ਸਮਰਪਿਤ ਕੀਤਾ। ਬਾਰਸੀਲੋਨਾ ਵੱਲੋਂ ਇਸ ਪ੍ਰਤੀਯੋਗਿਤਾ ’ਚ ਸਰਵੋਤਮ ਗੋਲ ਕਰਨ ਵਾਲਾ ਯਾਮਲ ਮਾਸਪੇਸ਼ੀਆਂ ’ਚ ਖਿਚਾਅ ਹੋਣ ਕਾਰਨ ਇਸ ਸੈਸ਼ਨ ਤੋਂ ਬਾਹਰ ਹੋ ਗਿਆ ਹੈ। ਮਾਰਕਸ ਰੈਸ਼ਫੋਰਡ ਬਦਲਵੇਂ ਖਿਡਾਰੀ ਵਜੋਂ ਮੈਦਾਨ ’ਤੇ ਉਤਰਿਆ ਤੇ ਉਸ ਨੇ 74ਵੇਂ ਮਿੰਟ ’ਚ ਗੋਲ ਕਰਕੇ ਬਾਰਸੀਲੋਨਾ ਦੀ 2-0 ਨਾਲ ਜਿੱਤ ਯਕੀਨੀ ਬਣਾਈ।
ਇਹ ਬਾਰਸੀਲੋਨਾ ਦੀ ਗੇਟਾਫੇ ’ਚ 6 ਸੈਸ਼ਨਾਂ ’ਚ ਪਹਿਲੀ ਜਿੱਤ ਹੈ। ਇਸ ਜਿੱਤ ਨਾਲ ਬਾਰਸੀਲੋਨਾ ਨੇ ਦੂਜੇ ਸਥਾਨ ’ਤੇ ਕਾਬਜ਼ ਰੀਅਲ ਮੈਡ੍ਰਿਡ ’ਤੇ ਆਪਣੀ ਬੜ੍ਹਤ 11 ਅੰਕਾਂ ਦੀ ਕਰ ਦਿੱਤੀ ਹੈ ਜਦਕਿ ਹੁਣ ਸਿਰਫ 5 ਦੌਰ ਦੇ ਮੈਚ ਖੇਡੇ ਜਾਣੇ ਬਾਕੀ ਹਨ। ਬਾਰਸੀਲੋਨਾ ਦੇ 33 ਮੈਚਾਂ ’ਚੋਂ 85 ਜਦਕਿ ਰੀਅਲ ਮੈਡ੍ਰਿਡ ਦੇ ਇੰਨੇ ਹੀ ਮੈਚਾਂ ’ਚੋਂ 74 ਅੰਕ ਹਨ।
ਇਸ ਵਿਚਾਲੇ ਐਟਲੇਟਿਕੋ ਮੈਡ੍ਰਿਡ ਨੇ ਐਂਟੋਨੀ ਗ੍ਰਿਜ਼ਮੈਨ ਦੇ 49ਵੇਂ ਮਿੰਟ ’ਚ ਕੀਤੇ ਗਏ ਗੋਲ ਤੇ ਅਲੈਗਜ਼ੈਂਡਰ ਸੋਰਲੌਥ ਦੇ ਦੋ ਗੋਲਾਂ ਦੀ ਮਦਦ ਨਾਲ ਐਥਲੇਟਿਕ ਬਿਲਬਾਓ ਨੂੰ 3-2 ਨਾਲ ਹਰਾਇਆ। ਐਟਲੇਟਿਕੋ ਦਾ ਹਾਲ ਹੀ ’ਚ ਪ੍ਰਦਰਸ਼ਨ ਬਹੁਤ ਚੰਗਾ ਨਹੀਂ ਰਿਹਾ ਸੀ ਪਰ ਆਰਸਨੈੱਲ ਵਿਰੁੱਧ ਬੁੱਧਵਾਰ ਨੂੰ ਹੋਣ ਵਾਲੇ ਮੈਚ ਤੋਂ ਪਹਿਲਾਂ ਇਸ ਜਿੱਤ ਨਾਲ ਉਸ ਦਾ ਮਨੋਬਲ ਵਧੇਗਾ।
IPL 2026 : ਸੁਪਰ ਓਵਰ 'ਚ ਜਿੱਤੀ ਕੋਲਕਾਤਾ, ਲਖਨਊ ਦੀ ਲਗਾਤਾਰ 5ਵੀਂ ਹਾਰ
NEXT STORY