ਸਪੋਰਟਸ ਡੈਸਕ : ਆਸਟ੍ਰੇਲੀਆ-ਇੰਗਲੈਂਡ ਵਿਚਾਲੇ ਖੇਡੀ ਜਾ ਰਹੀ 3 ਮੈਚਾਂ ਦੀ ਵਨਡੇ ਸੀਰੀਜ਼ ਦੇ ਪਹਿਲੇ ਮੁਕਾਬਲੇ ਵਿੱਚ 21 ਸਾਲਾ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਮਾਹਿਲ ਬਿਅਰਡਮੈਨ ਨੇ ਆਪਣੇ ਡੈਬਿਊ ਮੈਚ ਵਿੱਚ ਹੀ ਇਤਿਹਾਸ ਰਚ ਦਿੱਤਾ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਇੰਗਲੈਂਡ ਦੀ ਪੂਰੀ ਟੀਮ ਬਿਅਰਡਮੈਨ ਦੀ ਰਫ਼ਤਾਰ ਅਤੇ ਸਟੀਕ ਸੀਮ ਗੇਂਦਬਾਜ਼ੀ ਅੱਗੇ ਤਾਸ਼ ਦੇ ਪੱਤਿਆਂ ਵਾਂਗ ਬਿਖਰ ਗਈ। ਆਪਣੇ ਅੰਤਰਰਾਸ਼ਟਰੀ ਵਨਡੇ ਕਰੀਅਰ ਦਾ ਪਹਿਲਾ ਹੀ ਮੈਚ ਖੇਡ ਰਹੇ ਬਿਅਰਡਮੈਨ ਨੇ ਸਿਰਫ਼ 28 ਗੇਂਦਾਂ (4.4 ਓਵਰ) ਦੇ ਅੰਦਰ 5 ਵਿਕਟਾਂ ਝਟਕਾ ਕੇ ਸਭ ਨੂੰ ਹੈਰਾਨ ਕਰ ਦਿੱਤਾ।
ਬਿਅਰਡਮੈਨ ਨੇ ਵਨਡੇ ਵਿੱਚ ਆਪਣਾ ਪਹਿਲਾ ਸ਼ਿਕਾਰ ਇੰਗਲੈਂਡ ਦੇ ਕਪਤਾਨ ਹੈਰੀ ਬਰੂਕ ਨੂੰ ਬਣਾਇਆ, ਜਿਨ੍ਹਾਂ ਨੂੰ 141 ਕਿਮੀ/ਘੰਟੇ ਦੀ ਰਫ਼ਤਾਰ ਵਾਲੀ ਗੁੱਡ ਲੈਂਥ ਗੇਂਦ 'ਤੇ ਵਿਕਟਕੀਪਰ ਹੱਥੋਂ ਕੈਚ ਕਰਵਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਦਿਗਜ਼ ਜੋ ਰੂਟ ਨੂੰ ਡ੍ਰਾਈਵ ਲਗਾਉਣ ਦੀ ਕੋਸ਼ਿਸ਼ ਵਿੱਚ ਵਿਕਟ ਦੇ ਪਿੱਛੇ ਕੈਚ ਕਰਵਾਇਆ ਅਤੇ ਜੌਰਡਨ ਕਾਕਸ ਨੂੰ ਵੀ ਕੈਚ ਆਊਟ ਕਰਵਾ ਕੇ ਆਪਣੀ ਤੀਜੀ ਸਫ਼ਲਤਾ ਹਾਸਲ ਕੀਤੀ। ਆਪਣੇ ਚੌਥੇ ਓਵਰ ਵਿੱਚ ਉਨ੍ਹਾਂ ਨੇ ਸੈਮ ਕਰਨ ਨੂੰ ਬਿਨਾਂ ਖਾਤਾ ਖੋਲ੍ਹਦਿਆਂ ਹੀ ਪਵੇਲੀਅਨ ਭੇਜ ਦਿੱਤਾ। ਇਸ ਤੋਂ ਬਾਅਦ ਆਪਣੇ 5ਵੇਂ ਓਵਰ ਦੀ ਚੌਥੀ ਗੇਂਦ 'ਤੇ ਲਿਆਮ ਡੌਸਨ ਨੂੰ ਆਊਟ ਕਰਕੇ ਆਪਣੇ ਇਤਿਹਾਸਕ 5 ਵਿਕਟ ਪੂਰੇ ਕੀਤੇ, ਜਿਸ ਨਾਲ ਇੰਗਲੈਂਡ ਦਾ ਸਕੋਰ ਸਿਰਫ਼ 60 ਦੌੜਾਂ 'ਤੇ 7 ਵਿਕਟਾਂ ਹੋ ਗਿਆ।
ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਮਾਹਿਲ ਬਿਅਰਡਮੈਨ ਵਨਡੇ ਅੰਤਰਰਾਸ਼ਟਰੀ ਡੈਬਿਊ 'ਚ 5 ਵਿਕਟਾਂ ਲੈਣ ਵਾਲੇ ਆਸਟ੍ਰੇਲੀਆ ਦੇ ਦੂਜੇ ਗੇਂਦਬਾਜ਼ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਇਹ ਰਿਕਾਰਡ ਪੂਰਵ ਆਸਟ੍ਰੇਲੀਆਈ ਖਿਡਾਰੀ ਟੋਨੀ ਡੋਡੇਮਾਈਡ ਨੇ ਸਾਲ 1988 ਵਿੱਚ ਪਰਥ ਦੇ ਹੀ ਵਾਕਾ ਮੈਦਾਨ 'ਤੇ ਸ਼੍ਰੀਲੰਕਾ ਖ਼ਿਲਾਫ਼ (21 ਦੌੜਾਂ ਦੇ ਕੇ 5 ਵਿਕਟਾਂ) ਬਣਾਇਆ ਸੀ। ਇਸ ਤੋਂ ਇਲਾਵਾ ਉਹ ਆਸਟ੍ਰੇਲੀਆ ਲਈ ਵਨਡੇ ਵਿੱਚ ਸਭ ਤੋਂ ਘੱਟ ਗੇਂਦਾਂ (4.4 ਓਵਰ) ਵਿੱਚ 5 ਵਿਕਟਾਂ ਲੈਣ ਵਾਲੇ ਗੇਂਦਬਾਜ਼ ਵੀ ਬਣ ਗਏ ਹਨ, ਜਿਨ੍ਹਾਂ ਨੇ ਐਂਥਨੀ ਸਟੂਅਰਟ (5.5 ਓਵਰ), ਗਲੇਨ ਮੈਕਗ੍ਰਾ (5.5 ਓਵਰ) ਅਤੇ ਕੂਪਰ ਕੋਨੋਲੀ (5.5 ਓਵਰ) ਨੂੰ ਪਿੱਛੇ ਛੱਡ ਦਿੱਤਾ ਹੈ। ਪਵਨਡੇ ਇਤਿਹਾਸ 'ਚ ਡੈਬਿਊ ਮੈਚ 'ਚ ਸਭ ਤੋਂ ਤੇਜ਼ 5 ਵਿਕਟਾਂ ਲੈਣ ਦੇ ਮਾਮਲੇ 'ਚ ਬਿਅਰਡਮੈਨ (4.4 ਓਵਰ) ਤੀਜੇ ਸਥਾਨ 'ਤੇ ਆ ਗਏ ਹਨ। ਇਸ ਸੂਚੀ ਵਿੱਚ ਚਾਰਲੀ ਕੈਸਲ (3.1 ਓਵਰ ਬਨਾਮ ਓਮਾਨ, 2024) ਪਹਿਲੇ ਅਤੇ ਫਿਡੇਲ ਐਡਵਰਡਜ਼ (3.4 ਓਵਰ ਬਨਾਮ ਜ਼ਿੰਬਾਬਵੇ, 2003) ਦੂਜੇ ਸਥਾਨ 'ਤੇ ਹਨ।
IND vs NZ 4th ODI: ਨਿਊਜ਼ੀਲੈਂਡ ਨੇ ਭਾਰਤ ਅੱਗੇ ਰੱਖਿਆ 334 ਦੌੜਾਂ ਦਾ ਵੱਡਾ ਟੀਚਾ
NEXT STORY