ਸਪੋਰਟਸ ਡੈਸਕ- ਚੇਨਈ ਸੁਪਰ ਕਿੰਗਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਸ਼ੁੱਕਰਵਾਰ ਨੂੰ ਇੱਥੇ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਮੈਚ ਵਿੱਚ ਆਪਣੀਆਂ ਉਮੀਦਾਂ ਨੂੰ ਜਿਊਂਦਾ ਰੱਖਣ ਦੀ ਦਿਲਚਸਪ ਜੰਗ ਦੇਖਣ ਨੂੰ ਮਿਲੇਗੀ। ਇਨ੍ਹਾਂ ਦੋਵਾਂ ਟੀਮਾਂ ਦਾ ਮੌਜੂਦਾ ਸੈਸ਼ਨ ਵਿੱਚ ਅਜੇ ਤੱਕ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ। ਦੋਵਾਂ ਟੀਮਾਂ ਦੇ 8 ਮੈਚਾਂ ਵਿੱਚ 4 ਅੰਕ ਹਨ। ਜੇਕਰ ਉਨ੍ਹਾਂ ਨੇ ਪਲੇਆਫ਼ ਵਿੱਚ ਪਹੁੰਚਣ ਦੀ ਆਪਣੀ ਧੁੰਦਲੀ ਉਮੀਦ ਨੂੰ ਬਰਕਰਾਰ ਰੱਖਣਾ ਹੈ ਤਾਂ ਉਨ੍ਹਾਂ ਨੂੰ ਆਪਣੇ ਸਾਰੇ ਮੈਚ ਜਿੱਤਣੇ ਹੋਣਗੇ।
ਚੇਨਈ ਦੀ ਟੀਮ ਨੂੰ ਘਰੇਲੂ ਹਾਲਾਤਾਂ ਦਾ ਫਾਇਦਾ ਚੁੱਕਣ ਲਈ ਜਾਣਿਆ ਜਾਂਦਾ ਹੈ ਪਰ ਇਸ ਵਾਰ ਉਸ ਨੂੰ ਇੱਥੇ ਮੂੰਹ ਦੀ ਖਾਣੀ ਪੈ ਰਹੀ ਹੈ। ਉਸ ਦੀ ਟੀਮ ਅਜੇ ਤੱਕ ਇੱਥੋਂ ਦੀ ਵਿਕਟ ਦਾ ਸਹੀ ਅੰਦਾਜ਼ਾ ਲਗਾਉਣ ਵਿੱਚ ਅਸਫਲ ਰਹੀ ਹੈ। ਚੇਨਈ ਨੇ ਸਪਿਨਰ ਨੂਰ ਅਹਿਮਦ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਬਲ ’ਤੇ ਮੁੰਬਈ ਇੰਡੀਅਨਜ਼ ਨੂੰ ਹਰਾ ਕੇ ਆਪਣੇ ਅਭਿਆਨ ਦੀ ਚੰਗੀ ਸ਼ੁਰੂਆਤ ਕੀਤੀ ਸੀ, ਪਰ ਇਸ ਦੇ ਬਾਅਦ ਉਸ ਦੀ ਲੈਅ ਗੜਬੜਾ ਗਈ।
ਉਸ ਨੂੰ ਆਪਣੇ ਘਰੇਲੂ ਮੈਦਾਨ ’ਤੇ ਹੀ ਲਗਾਤਾਰ 3 ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਇਹੀ ਨਹੀਂ, ਉਸ ਦੀ ਟੀਮ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ 9 ਵਿਕਟਾਂ ’ਤੇ 103 ਦੌੜਾਂ ਹੀ ਬਣਾ ਸਕੀ, ਜੋ ਉਸ ਦਾ ਆਪਣੇ ਘਰੇਲੂ ਮੈਦਾਨ ’ਤੇ ਘੱਟੋ-ਘੱਟ ਸਕੋਰ ਵੀ ਹੈ। ਚੇਨਈ ਦੇ ਮੁੱਖ ਕੋਚ ਸਟੀਫਨ ਫਲੇਮਿੰਗ ਇੱਥੋਂ ਦੀ ਪਿੱਚ ਨੂੰ ਲੈ ਕੇ ਖੁੱਲ੍ਹੇਆਮ ਆਪਣੀ ਨਾਰਾਜ਼ਗੀ ਜ਼ਾਹਿਰ ਕਰ ਚੁੱਕਾ ਹੈ।

ਇਹ ਵੀ ਪੜ੍ਹੋ- ਅਗਸਤ 'ਚ ਹੋਵੇਗਾ ਏਸ਼ੀਆ ਕੱਪ, ਕੀ ਪਾਕਿਸਤਾਨੀ ਟੀਮ ਹਿੱਸਾ ਲੈਣ ਲਈ ਆਵੇਗੀ ਭਾਰਤ ?
ਇੱਥੋਂ ਦੀ ਵਿਕਟ ਨੂੰ ਸਪਿਨਰਾਂ ਲਈ ਮਦਦਗਾਰ ਮੰਨਿਆ ਜਾਂਦਾ ਹੈ, ਪਰ ਇਸ ਵਾਰ ਇੱਥੇ ਤੇਜ਼ ਗੇਂਦਬਾਜ਼ਾਂ ਨੂੰ ਮਦਦ ਮਿਲ ਰਹੀ ਹੈ। ਚੇਨਈ ਦਾ ਆਪਣੇ ਮੈਦਾਨ ਤੋਂ ਇਲਾਵਾ ਹੋਰ ਥਾਵਾਂ ’ਤੇ ਵੀ ਪ੍ਰਦਰਸ਼ਨ ਕੋਈ ਜ਼ਿਆਦਾ ਵਧੀਆ ਨਹੀਂ ਰਿਹਾ। ਉਸ ਨੇ ਦੂਸਰੇ ਮੈਦਾਨਾਂ ’ਤੇ ਖੇਡੇ ਗਏ 4 ਮੈਚਾਂ ਵਿੱਚੋਂ ਸਿਰਫ਼ 1 ਮੈਚ ਹੀ ਜਿੱਤਿਆ ਹੈ। ਇਸ ਵਾਰ ਉਸ ਦੇ ਬੱਲੇਬਾਜ਼ ਚੰਗਾ ਪ੍ਰਦਰਸ਼ਨ ਨਹੀਂ ਕਰ ਪਾ ਰਹੇ ਅਤੇ ਨਿਯਮਤ ਕਪਤਾਨ ਰਿਤੁਰਾਜ ਗਾਇਕਵਾੜ ਦੇ ਜ਼ਖ਼ਮੀ ਹੋਣ ਕਾਰਨ ਬਾਹਰ ਹੋਣ ਨਾਲ ਉਸ ਦੀਆਂ ਸਮੱਸਿਆਵਾਂ ਵਧ ਗਈਆਂ ਹਨ।
ਮਹਿੰਦਰ ਸਿੰਘ ਧੋਨੀ ਦੀ ਕਪਤਾਨ ਦੇ ਰੂਪ ਵਿੱਚ ਵਾਪਸੀ ਹੋਈ ਹੈ। ਗੋਡੇ ਦੀ ਪ੍ਰੇਸ਼ਾਨੀ ਦੇ ਬਾਵਜੂਦ, ਕਪਤਾਨ ਦੇ ਰੂਪ ਵਿੱਚ ਉਸ ਦੇ ਫੈਸਲੇ ਕਾਫੀ ਮਹੱਤਵਪੂਰਨ ਹਨ। ਡੈੱਥ ਓਵਰਾਂ ਵਿੱਚ ਉਸ ਦੀ ਬੱਲੇਬਾਜ਼ੀ ਅਤੇ ਮੈਚ ਦੇ ਅਹਿਮ ਮੋੜ 'ਤੇ ਲਏ ਜਾਣ ਵਾਲੇ ਫੈਸਲੇ ਟੀਮ ਨੂੰ ਵਾਪਸੀ ਦਿਲਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਚੇਨਈ ਲਈ 17 ਸਾਲਾ ਆਯੁਸ਼ ਮਹਾਤ੍ਰੇ ਦਾ ਟੀਮ ਨਾਲ ਜੁੜਨਾ ਚੰਗਾ ਸੰਕੇਤ ਹੈ। ਇਸ ਨੌਜਵਾਨ ਬੱਲੇਬਾਜ਼ ਨੇ ਮੁੰਬਈ ਇੰਡੀਅਨਜ਼ ਖਿਲਾਫ ਆਪਣੇ ਡੈਬਿਊ ਮੈਚ ਵਿੱਚ ਆਪਣੀ ਬੱਲੇਬਾਜ਼ੀ ਨਾਲ ਪ੍ਰਭਾਵਿਤ ਕੀਤਾ ਸੀ। ਚੇਨਈ ਨੇ ਆਪਣੀ ਬੱਲੇਬਾਜ਼ੀ ਵਿਭਾਗ ਨੂੰ ਮਜ਼ਬੂਤ ਕਰਨ ਲਈ ਦੱਖਣੀ ਅਫਰੀਕਾ ਦੇ ਡੇਵਾਲਡ ਬ੍ਰੇਵਿਸ ਨੂੰ ਵੀ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਹੈ।
ਇਹ ਵੀ ਪੜ੍ਹੋ- ਭਾਰਤ ਦੀ ਰਾਜਧਾਨੀ 'ਚ ਬੰਦ ਦਾ ਐਲਾਨ
ਸਨਰਾਈਜ਼ਰਸ ਦੀ ਕਹਾਣੀ ਵੀ ਕੁਝ ਇਸੇ ਤਰ੍ਹਾਂ ਦੀ ਹੀ ਹੈ। ਉਸ ਦੀ ਟੀਮ ਨੇ ਵੀ ਸ਼ਾਨਦਾਰ ਸ਼ੁਰੂਆਤ ਕੀਤੀ ਸੀ ਪਰ ਇਸ ਤੋਂ ਬਾਅਦ ਉਸ ਦੀ ਹਮਲਾਵਰਤਾ ਭਾਰੀ ਪੈਣ ਲੱਗੀ। ਪਿਛਲੇ ਸੈਸ਼ਨ ਵਿੱਚ ਉਸ ਦੀ ਸਫਲਤਾ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਟ੍ਰੈਵਿਸ ਹੈੱਡ ਅਤੇ ਅਭਿਸ਼ੇਕ ਸ਼ਰਮਾ ਦੀ ਧਮਾਕੇਦਾਰ ਸਲਾਮੀ ਜੋੜੀ ਇਸ ਵਾਰ ਨਹੀਂ ਚੱਲ ਪਾ ਰਹੀ। ਉਸ ਨੂੰ ਪਿਛਲੇ ਮੈਚ ਵਿੱਚ ਮੁੰਬਈ ਇੰਡੀਅਨਜ਼ ਕੋਲੋਂ 7 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਸਨਰਾਈਜ਼ਰਸ ਦੇ ਮੁੱਖ ਕੋਚ ਡੇਨੀਅਲ ਵਿਟੋਰੀ ਨੇ ਵੀ ਮੰਨਿਆ ਹੈ ਕਿ ਉਸ ਦੇ ਬੱਲੇਬਾਜ਼ ਸਾਂਝੇਦਾਰੀ ਨਿਭਾਉਣ ਵਿੱਚ ਨਾਕਾਮ ਰਹੇ ਹਨ। ਵਿਟੋਰੀ ਨੇ ਕਿਹਾ ਕਿ ਜਦੋਂ ਹੈੱਡ ਅਤੇ ਅਭਿਸ਼ੇਕ ਸਫਲ ਨਹੀਂ ਹੁੰਦੇ ਤਾਂ ਇਹ ਹੋਰ ਬੱਲੇਬਾਜ਼ਾਂ ਦੀ ਜ਼ਿੰਮੇਵਾਰੀ ਬਣਦੀ ਹੈ। ਇਸ ਸੈਸ਼ਨ ਵਿੱਚ ਅਸੀਂ ਇਸ ਤਰ੍ਹਾਂ ਨਹੀਂ ਕਰ ਪਾ ਰਹੇ ਹਾਂ। ਸਾਨੂੰ ਚੰਗੀਆਂ ਸਾਂਝੇਦਾਰੀਆਂ ਨਿਭਾਉਣ ਦੀ ਲੋੜ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਗਸਤ 'ਚ ਹੋਵੇਗਾ ਏਸ਼ੀਆ ਕੱਪ, ਕੀ ਪਾਕਿਸਤਾਨੀ ਟੀਮ ਹਿੱਸਾ ਲੈਣ ਲਈ ਆਵੇਗੀ ਭਾਰਤ ?
NEXT STORY