ਸਪੋਰਟਸ ਡੈਸਕ : ਦੁਨੀਆ ਦਾ ਸਭ ਤੋਂ ਵੱਡਾ ਖੇਡ ਟੂਰਨਾਮੈਂਟ ਫੀਫਾ ਮੇਨਜ਼ ਵਰਲਡ ਕੱਪ 2026 ਸ਼ੁੱਕਰਵਾਰ 11 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਅਮਰੀਕਾ, ਮੈਕਸੀਕੋ ਅਤੇ ਕੈਨੇਡਾ ਦੀ ਮੇਜ਼ਬਾਨੀ ਵਿੱਚ ਹੋਣ ਵਾਲੇ ਇਸ ਮਹਾਕੁੰਭ ਵਿੱਚ ਪਹਿਲੀ ਵਾਰ 48 ਟੀਮਾਂ ਹਿੱਸਾ ਲੈਣਗੀਆਂ। ਖੇਡ ਵਿੱਚ ਪਾਰਦਰਸ਼ਤਾ ਅਤੇ ਅਨੁਸ਼ਾਸਨ ਬਣਾਈ ਰੱਖਣ ਲਈ ਫੀਫਾ ਨੇ ਇਸ ਵਾਰ 8 ਅਜਿਹੇ ਨਿਯਮ ਲਾਗੂ ਕੀਤੇ ਹਨ, ਜੋ ਖਿਡਾਰੀਆਂ ਦੀ ਮਨਮਾਨੀ 'ਤੇ ਲਗਾਮ ਕੱਸਣਗੇ।
ਨਵੇਂ ਨਿਯਮਾਂ ਅਨੁਸਾਰ, ਹੁਣ ਖਿਡਾਰੀ ਮੈਦਾਨ 'ਤੇ ਹੱਥ ਨਾਲ ਮੂੰਹ ਲੁਕਾ ਕੇ ਆਪਸ ਵਿੱਚ ਜਾਂ ਵਿਰੋਧੀ ਖਿਡਾਰੀ ਨਾਲ ਗੱਲ ਨਹੀਂ ਕਰ ਸਕਣਗੇ। ਜੇਕਰ ਕੋਈ ਖਿਡਾਰੀ ਅਜਿਹਾ ਕਰਦਾ ਪਾਇਆ ਗਿਆ, ਤਾਂ ਰੈਫਰੀ ਉਸ ਨੂੰ ਸਿੱਧਾ ਰੇਡ ਕਾਰਡ ਦਿਖਾ ਕੇ ਮੈਦਾਨ ਤੋਂ ਬਾਹਰ ਭੇਜ ਸਕਦਾ ਹੈ।
ਖੇਡ ਦੀ ਰਫ਼ਤਾਰ ਬਣਾਈ ਰੱਖਣ ਲਈ ਹੁਣ 'ਥਰੋ-ਇਨ' ਜਾਂ 'ਗੋਲ ਕਿਕ' ਵੇਲੇ ਖਿਡਾਰੀਆਂ ਕੋਲ ਸਿਰਫ਼ 5 ਸੈਕਿੰਡ ਦਾ ਸਮਾਂ ਹੋਵੇਗਾ। ਜੇਕਰ ਕੋਈ ਖਿਡਾਰੀ ਇਸ ਵਿੱਚ ਦੇਰੀ ਕਰਦਾ ਹੈ, ਤਾਂ ਗੇਂਦ ਵਿਰੋਧੀ ਟੀਮ ਨੂੰ ਸੌਂਪ ਦਿੱਤੀ ਜਾਵੇਗੀ। ਇਸੇ ਤਰ੍ਹਾਂ, ਖਿਡਾਰੀ ਨੂੰ ਬਦਲਣ (ਸਬਸਟੀਟਿਊਟ) ਲਈ ਸਿਰਫ਼ 10 ਸੈਕਿੰਡ ਮਿਲਣਗੇ; ਦੇਰੀ ਹੋਣ 'ਤੇ ਸਬਸਟੀਟਿਊਟ ਖਿਡਾਰੀ ਨੂੰ 1 ਮਿੰਟ ਤੱਕ ਬਾਹਰ ਇੰਤਜ਼ਾਰ ਕਰਨਾ ਪਵੇਗਾ ਅਤੇ ਟੀਮ ਨੂੰ ਉਦੋਂ ਤੱਕ ਇੱਕ ਖਿਡਾਰੀ ਤੋਂ ਬਿਨਾਂ ਖੇਡਣਾ ਪਵੇਗਾ।
ਵੀਡੀਓ ਅਸਿਸਟੈਂਟ ਰੈਫਰੀ (VAR) ਹੁਣ ਰੈਫਰੀ ਵੱਲੋਂ ਦਿੱਤੀ ਗਈ ਗਲਤ ਕਾਰਨਰ ਕਿਕ ਜਾਂ ਕਿਸੇ ਖਿਡਾਰੀ ਨੂੰ ਦਿੱਤੇ ਗਏ ਦੂਜੇ 'ਯੈਲੋ ਕਾਰਡ' ਦੇ ਫੈਸਲੇ ਨੂੰ ਪਲਟ ਸਕੇਗਾ। ਇਸ ਤੋਂ ਇਲਾਵਾ, ਜੇਕਰ ਕੋਈ ਖਿਡਾਰੀ ਗੇਂਦ ਮੈਦਾਨ ਵਿੱਚ ਆਉਣ ਤੋਂ ਪਹਿਲਾਂ ਫਾਊਲ ਕਰਦਾ ਹੈ, ਤਾਂ VAR ਉਸ ਦੀ ਜਾਂਚ ਕਰਕੇ ਸਜ਼ਾ ਸੁਣਾ ਸਕਦਾ ਹੈ।
ਹੋਰ ਅਹਿਮ ਨਿਯਮ:
ਪੂਰੀ ਟੀਮ ਨੂੰ ਰੇਡ ਕਾਰਡ: ਜੇਕਰ ਕੋਈ ਟੀਮ ਰੈਫਰੀ ਦੇ ਫੈਸਲੇ ਦੇ ਵਿਰੋਧ ਵਿੱਚ ਮੈਦਾਨ ਛੱਡ ਕੇ ਬਾਹਰ ਜਾਂਦੀ ਹੈ, ਤਾਂ ਪੂਰੀ ਟੀਮ ਨੂੰ ਰੇਡ ਕਾਰਡ ਦਿਖਾਇਆ ਜਾ ਸਕਦਾ ਹੈ।
ਜ਼ਖਮੀ ਖਿਡਾਰੀ ਲਈ ਨਿਯਮ: ਮੈਦਾਨ 'ਤੇ ਜ਼ਖਮੀ ਹੋਣ ਵਾਲੇ ਖਿਡਾਰੀ ਨੂੰ ਵਾਪਸ ਆਉਣ ਤੋਂ ਪਹਿਲਾਂ ਘੱਟੋ-ਘੱਟ 1 ਮਿੰਟ ਪਿੱਚ ਤੋਂ ਬਾਹਰ ਰਹਿਣਾ ਪਵੇਗਾ।
ਕੋਚਿੰਗ ਸਟਾਫ਼ ਨਾਲ ਗੱਲਬਾਤ 'ਤੇ ਰੋਕ: ਜੇਕਰ ਗੋਲਕੀਪਰ ਦੇ ਇਲਾਜ ਦੌਰਾਨ ਮੈਡੀਕਲ ਟੀਮ ਮੈਦਾਨ 'ਤੇ ਹੈ, ਤਾਂ ਦੂਜੇ ਖਿਡਾਰੀ ਡਗ-ਆਊਟ ਵਿੱਚ ਜਾ ਕੇ ਕੋਚਿੰਗ ਸਟਾਫ਼ ਨਾਲ ਸਲਾਹ-ਮਸ਼ਵਰਾ ਨਹੀਂ ਕਰ ਸਕਣਗੇ।
ICC ਨੇ ਕ੍ਰਿਕਟ ਦੇ 5 ਨਿਯਮਾਂ 'ਚ ਕੀਤਾ ਵੱਡਾ ਬਦਲਾਅ, ਟੀ-20 ਤੋਂ ਲੈ ਕੇ ਟੈਸਟ ਮੈਚਾਂ ਤੱਕ ਪਵੇਗਾ ਅਸਰ
NEXT STORY