ਬੇਲਫਾਸਟ, (ਏਜੰਸੀ)–ਸ਼੍ਰੇਅਸ ਅਈਅਰ ਦੀ ਕਪਤਾਨੀ ’ਚ ਭਾਰਤ ਜਦੋਂ ਆਇਰਲੈਂਡ ਵਿਰੁੱਧ ਸ਼ੁੱਕਰਵਾਰ ਨੂੰ ਸ਼ੁਰੂ ਹੋਣ ਵਾਲੀ ਦੋ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਰਾਹੀਂ ਟੀ-20 ਕੌਮਾਂਤਰੀ ਕ੍ਰਿਕਟ ’ਚ ਆਪਣੇ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ ਤਾਂ ਉਸ ਲਈ ਸਭ ਤੋਂ ਵੱਡੀ ਚੁਣੌਤੀ ਕ੍ਰਿਕਟ ਜਗਤ ਦੀ ਨਵੀਂ ਸਨਸਨੀ ਵੈਭਵ ਸੂਰਯਵੰਸ਼ੀ ਨੂੰ ਆਖਰੀ-11 ’ਚ ਫਿੱਟ ਕਰਨ ਦੀ ਹੋਵੇਗੀ। 15 ਸਾਲਾ ਸੂਰਯਵੰਸ਼ੀ ਨੇ ਆਈ.ਪੀ.ਐੱਲ. ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਜਿਸ ਦੇ ਦਮ ’ਤੇ ਉਸ ਨੇ ਸੀਨੀਅਰ ਰਾਸ਼ਟਰੀ ਟੀਮ ’ਚ ਜਗ੍ਹਾ ਬਣਾਈ। ਉਸ ਨੇ ਹਾਲ ਹੀ ’ਚ ਸ਼੍ਰੀਲੰਕਾ-ਏ ਵਿਰੁੱਧ ਤਿਕੋਣੀ ਲੜੀ ਦੇ ਫਾਈਨਲ ’ਚ 29 ਗੇਂਦਾਂ ’ਤੇ 94 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਸੀ ਜਿਸ ਨਾਲ ਉਸ ਦੇ ਕੌਮਾਂਤਰੀ ਕ੍ਰਿਕਟ ’ਚ ਡੈਬਿਊ ਨੂੰ ਲੈ ਕੇ ਉਤਸ਼ਾਹ ਵੱਧ ਗਿਆ ਹੈ।
ਆਮ ਕ੍ਰਿਕਟ ਪ੍ਰੇਮੀ ਇਹ ਹੀ ਚਾਹੁੰਦਾ ਹੈ ਕਿ ਸੂਰਯਵੰਸ਼ੀ ਨੂੰ ਇਸ ਮੈਚ ’ਚ ਮੌਕਾ ਮਿਲੇ ਪਰ ਟੀਮ ਮੈਨੇਜਮੈਂਟ ਲਈ ਇਹ ਕੰਮ ਆਸਾਨ ਨਹੀਂ ਹੋਵੇਗਾ। ਭਾਰਤ ਦੇ ਚੋਟੀ ਦੇ ਕ੍ਰਮ ਦੇ ਤਿੰਨ ਬੱਲੇਬਾਜ਼ ਸੰਜੂ ਸੈਮਸਨ, ਅਭਿਸ਼ੇਕ ਸ਼ਰਮਾ ਤੇ ਈਸ਼ਾਨ ਕਿਸ਼ਨ ਹਨ। ਉਨ੍ਹਾਂ ਦੇ ਟੀ-20 ਰਿਕਾਰਡ ਨੂੰ ਨਜ਼ਰਅੰਦਾਜ਼ ਕਰਨਾ ਆਸਾਨ ਨਹੀਂ ਹੈ। ਨਿਊਜ਼ੀਲੈਂਡ ਵਿਰੁੱਧ ਮਾਰਚ ’ਚ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਫਾਈਨਲ ’ਚ ਮਿਲੀ ਜਿੱਤ ’ਚ ਸੈਮਸਨ, ਅਭਿਸ਼ੇਕ ਤੇ ਕਿਸ਼ਨ ਨੇ ਅਰਧ ਸੈਂਕੜੇ ਬਣਾਏ ਸਨ। ਇਸ ਤੋਂ ਬਾਅਦ ਭਾਰਤ ਨੇ ਸਭ ਤੋਂ ਛੋਟੇ ਰੂਪ ’ਚ ਕੋਈ ਮੈਚ ਨਹੀਂ ਖੇਡਿਆ ਹੈ। ਟੀਮ ਮੈਨੇਜਮੈਂਟ ਜੇਕਰ ਸੂਰਯਵੰਸ਼ੀ ਨੂੰ ਸਲਾਮੀ ਬੱਲੇਬਾਜ਼ ਦੇ ਰੂਪ ’ਚ ਸ਼ਾਮਲ ਕਰਦੀ ਹੈ ਤਾਂ ਫਿਰ ਸੈਮਸਨ ਜਾਂ ਅਭਿਸ਼ੇਕ ’ਚੋਂ ਕਿਸੇ ਇਕ ਨੂੰ ਜਾਂ ਤਾਂ ਬੱਲੇਬਾਜ਼ੀ ਕ੍ਰਮ ’ਚ ਹੇਠਾਂ ਖੇਡਣਾ ਪਵੇਗਾ ਜਾਂ ਟੀਮ ਤੋਂ ਬਾਹਰ ਹੋਣਾ ਪਵੇਗਾ। ਵਿਸ਼ਵ ਕੱਪ ਖਿਤਾਬ ਜਿੱਤਣ ਤੋਂ ਬਾਅਦ ਇਹ ਸਖਤ ਕਦਮ ਹੋਵੇਗਾ।
ਟੀਮ ਮੈਨੇਜਮੈਂਟ ਸੈਮਸਨ ਨੂੰ ਮੱਧਕ੍ਰਮ ’ਚ ਭੇਜ ਸਕਦਾ ਹੈ, ਕਿਉਂਕਿ ਉਹ ਪਹਿਲਾਂ ਵੀ ਚੌਥੇ ਤੇ 5ਵੇਂ ਨੰਬਰ ’ਤੇ ਬੱਲੇਬਾਜ਼ੀ ਕਰ ਚੁੱਕਾ ਹੈ ਪਰ ਹੁਣ ਉਨ੍ਹਾਂ ਸਥਾਨਾਂ ’ਤੇ ਕਪਤਾਨ ਅਈਅਰ ਤੇ ਉਪ-ਕਪਤਾਨ ਤਿਲਕ ਵਰਮਾ ਖੇਡਣਗੇ ਤੇ ਅਜਿਹੇ ’ਚ 6ਵੇਂ ਨੰਬਰ ’ਤੇ ਹੀ ਜਗ੍ਹਾ ਖਾਲੀ ਰਹਿ ਜਾਵੇਗੀ। ਇਹ ਸਥਾਨ ਵੀ ਰਵਾਇਤੀ ਤੌਰ ’ਤੇ ਆਲਰਾਊਂਡਰ ਲਈ ਰੱਖਿਆ ਜਾਂਦਾ ਹੈ ਅਤੇ ਭਾਰਤ ਕੋਲ ਸ਼ਿਵਮ ਦੂਬੇ, ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ ਤੇ ਸੂਰਯਾਂਸ਼ ਸ਼ੈਡਗੇ ਦੇ ਰੂਪ ’ਚ ਕਈ ਬਦਲ ਮੌਜੂਦ ਹਨ।
ਸੈਮਸਨ ਨੂੰ 6ਵੇਂ ਨੰਬਰ ’ਤੇ ਬੱਲੇਬਾਜ਼ੀ ਲਈ ਉਤਾਰਨ ਨਾਲ ਭਾਰਤ ਨੂੰ ਸਿਰਫ 5 ਗੇਂਦਬਾਜ਼ਾਂ ਨਾਲ ਮੈਦਾਨ ’ਤੇ ਉਤਰਨਾ ਪਵੇਗਾ। ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ ਤੇ ਵਰੁਣ ਚੱਕਰਵਰਤੀ ਦੀ ਗੈਰ-ਹਾਜ਼ਰੀ ’ਚ ਇਹ ਵਿਭਾਗ ਪਹਿਲਾਂ ਤੋਂ ਹੀ ਕਮਜ਼ੋਰ ਨਜ਼ਰ ਆਉਂਦਾ ਹੈ।
ਸੈਮਸਨ ਨੇ ਸਲਾਮੀ ਬੱਲੇਬਾਜ਼ ਦੇ ਰੂਪ ’ਚ 28 ਪਾਰੀਆਂ ’ਚ 926 ਦੌੜਾਂ ਬਣਾਈਆਂ ਹਨ, ਜਿਨ੍ਹਾਂ ’ਚ 3 ਸੈਂਕੜੇ ਤੇ 4 ਅਰਧ ਸੈਂਕੜੇ ਸ਼ਾਮਲ ਹਨ। ਉਸ ਦੀ ਸਟ੍ਰਾਈਕ ਰੇਟ 181.93 ਹੈ। ਤੀਸਰੇ, ਚੌਥੇ ਤੇ ਪੰਜਵੇਂ ਨੰਬਰ ’ਤੇ ਉਸ ਦੀ ਸਟ੍ਰਾਈਕ ਰੇਟ ਕ੍ਰਮਵਾਰ 121, 129 ਤੇ 127 ਹੈ। ਟੀ-20 ਕੌਮਾਂਤਰੀ ਕ੍ਰਿਕਟ ’ਚ ਦੁਨੀਆ ਦੇ ਨੰਬਰ ਇਕ ਬੱਲੇਬਾਜ਼ ਅਭਿਸ਼ੇਕ ਨੇ ਸਲਾਮੀ ਬੱਲੇਬਾਜ਼ ਦੇ ਰੂਪ ’ਚ 43 ਪਾਰੀਆਂ ’ਚ 2 ਸੈਂਕੜੇ ਤੇ 10 ਅਰਧ ਸੈਂਕੜਿਆਂ ਦੀ ਮਦਦ ਨਾਲ 1414 ਦੌੜਾਂ ਬਣਾਈਆਂ ਹਨ। ਉਸ ਦੀ ਸਟ੍ਰਾਈਕ ਰੇਟ 192.38 ਹੈ, ਜਿਹੜੀ ਬੇਹੱਦ ਪ੍ਰਭਾਵਸ਼ਾਲੀ ਹੈ। ਆਈ.ਪੀ.ਐੱਲ. 2026 ’ਚ ਅਭਿਸ਼ੇਕ (563), ਕਿਸ਼ਨ (602) ਤੇ ਸੈਮਸਨ (477) ਦਾ ਪ੍ਰਦਰਸ਼ਨ ਵੀ ਸ਼ਾਨਦਾਰ ਰਿਹਾ। ਕਿਸ਼ਨ ਨੇ ਹਾਲ ਹੀ ’ਚ ਲਖਨਊ ’ਚ ਅਫਗਾਨਿਸਤਾਨ ਵਿਰੁੱਧ ਦੂਸਰੇ ਵਨ ਡੇ ਮੈਚ ’ਚ 125 ਦੌੜਾਂ ਵੀ ਬਣਾਈਆਂ ਸਨ। ਇਸ ਲਈ ਮੁੱਖ ਕੋਚ ਗੌਤਮ ਗੰਭੀਰ ਤੇ ਅਈਅਰ ਨੂੰ ਇਸ ’ਤੇ ਗੰਭੀਰਤਾ ਨਾਲ ਵਿਚਾਰ ਕਰਨਾ ਪਵੇਗਾ ਕਿ ਕੀ ਸੂਰਯਵੰਸ਼ੀ ਨੂੰ ਡੈਬਿਊ ਦਾ ਮੌਕਾ ਦਿੱਤਾ ਜਾਵੇ ਜਾਂ ਫਿਲਹਾਲ ਜੇਤੂ ਸੁਮੇਲ ਨੂੰ ਬਰਕਰਾਰ ਰੱਖਿਆ ਜਾਵੇ। ਪਰ ਸੂਰਯਵੰਸ਼ੀ ਦੀ ਮੌਜੂਦਗੀ ਨਾਲ ਸੈਮਸਨ ਤੇ ਅਭਿਸ਼ੇਕ ’ਤੇ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਦਾ ਦਬਾਅ ਵਧੇਗਾ।
ਅਈਅਰ ਫੁੱਲਟਾਈਮ ਕਪਤਾਨ ਦੇ ਰੂਪ ’ਚ ਸ਼ੁਰੂਆਤ ਕਰੇਗਾ। ਆਈ.ਪੀ.ਐੱਲ. ’ਚ ਉਸ ਦਾ ਕਪਤਾਨੀ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ। ਉਸ ਦੀ ਕਪਤਾਨੀ ’ਚ ਕੋਲਕਾਤਾ ਨਾਈਟ ਰਾਈਡਰਜ਼ ਨੇ 2024 ’ਚ ਖਿਤਾਬ ਜਿੱਤਿਆ ਸੀ ਜਦਕਿ ਇਕ ਸਾਲ ਬਾਅਦ ਪੰਜਾਬ ਕਿੰਗਜ਼ ਨੇ ਉਸ ਦੀ ਕਪਤਾਨੀ ’ਚ ਫਾਈਨਲ ’ਚ ਜਗ੍ਹਾ ਬਣਾਈ ਸੀ। ਗੇਂਦਬਾਜ਼ੀ ’ਚ ਭਾਰਤ ਕੋਲ ਦੂਸਰੀ ਲਾਈਨ ਦੇ ਗੇਂਦਬਾਜ਼ ਹਨ ਪਰ ਇਹ ਲੜੀ ਤੇ ਇੰਗਲੈਂਡ ਵਿਰੁੱਧ ਅਗਲੀ ਲੜੀ ’ਚ ਉਨ੍ਹਾਂ ਕੋਲ ਆਪਣੀ ਸਮਰੱਥਾ ਸਾਬਤ ਕਰਨ ਦਾ ਸ਼ਾਨਦਾਰ ਮੌਕਾ ਹੋਵੇਗਾ। ਹਰਸ਼ਿਤ ਰਾਣਾ ਦੀ ਸੱਟ ਤੋਂ ਵਾਪਸੀ ਨੇ ਭਾਰਤ ਨੂੰ ਤੇਜ਼ ਗੇਂਦਬਾਜ਼ੀ ਇਕਾਈ ’ਚ ਇਕ ਹੋਰ ਬਦਲ ਦਿੱਤਾ ਹੈ ਪਰ ਉਸ ਨੂੰ ਪ੍ਰਸਿੱਧ ਕ੍ਰਿਸ਼ਣਾ ਤੇ ਪ੍ਰਿੰਸ ਯਾਦਵ ਤੋਂ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪਵੇਗਾ। ਪ੍ਰਸਿੱਧ ਤੇ ਪ੍ਰਿੰਸ ਦੋਵੇਂ ਹੀ ਸ਼ਾਨਦਾਰ ਫਾਰਮ ’ਚ ਹਨ।
ਦੂਸਰੇ ਪਾਸੇ ਆਇਰਲੈਂਡ ਨੂੰ ਜੋਸ਼ ਲਿਟਿਲ, ਮਾਰਕ ਅਡਾਇਰ, ਪਾਲ ਸਟਰਲਿੰਗ ਤੇ ਕਰਟਿਸ ਕੈਂਫਰ ਦੀ ਕਮੀ ਮਹਿਸੂਸ ਹੋਵੇਗੀ ਜਿਹੜੇ ਸੱਟ ਕਾਰਨ ਇਸ ਲੜੀ ’ਚ ਨਹੀਂ ਖੇਡ ਸਕਣਗੇ। ਉਸ ਕੋਲ ਲੋਰਕਾਨ ਟੱਕਰ ਦੇ ਰੂਪ ’ਚ ਨਵਾਂ ਕਪਤਾਨ ਹੈ। ਉਸ ਤੋਂ ਇਲਾਵਾ ਉਸ ਨੂੰ ਜਾਰਜ ਡਾਕਰੈੱਲ, ਗੈਰੇਥ ਡੇਲਾਨੀ, ਹੈਰੀ ਟੈਕਟਰ ਤੇ ਭਾਰਤੀ ਮੂਲ ਦੇ ਜੈ ਮੂੁੰਦਰਾ ਤੋਂ ਚੰਗਾ ਪ੍ਰਦਰਸ਼ਨ ਕਰਨ ਦੀ ਉਮੀਦ ਹੋਵੇਗੀ।
ਟੀਮਾਂ ਇਸ ਤਰ੍ਹਾਂ ਹਨ
ਭਾਰਤ : ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ (ਉਪ ਕਪਤਾਨ), ਰਵੀ ਬਿਸ਼ਨੋਈ, ਅਭਿਸ਼ੇਕ ਸ਼ਰਮਾ, ਸੂਰਯਾਂਸ਼ ਸ਼ੈਡਗੇ, ਪ੍ਰਸਿੱਧ ਕ੍ਰਿਸ਼ਣਾ, ਸੰਜੂ ਸੈਮਸਨ, ਅਕਸ਼ਰ ਪਟੇਲ, ਹਰਸ਼ਿਤ ਰਾਣਾ, ਈਸ਼ਾਨ ਕਿਸ਼ਨ, ਵਾਸ਼ਿੰਗਟਨ ਸੁੰਦਰ, ਅਰਸ਼ਦੀਪ ਸਿੰਘ, ਸ਼ਿਵਮ ਦੂਬੇ, ਪ੍ਰਿੰਸ ਯਾਦਵ, ਵੈਭਵ ਸੂਰਯਵੰਸ਼ੀ।
ਆਇਰਲੈਂਡ : ਲੋਰਕਾਨ ਟੱਕਰ (ਕਪਤਾਨ), ਰੌਸ ਅਡਾਇਰ, ਬੇਨ ਕੈਲਿਟਜ਼, ਗੈਰੇਥ ਡੇਲਾਨੀ, ਜਾਰਜ ਡਾਕਰੈੱਲ, ਸਟੀਫਨ ਡੋਹਨੀ, ਮੈਥਿਊ ਹੰਫਰੀਜ਼, ਗੈਵਿਨ ਹੋਏ, ਮੈਥਿਊ ਹਾਲਾਰਡ, ਲਿਆਮ ਮੈਕਾਰਥੀ, ਜੈ ਮੂੰਦਰਾ, ਹੈਰੀ ਟੈਕਟਰ, ਟਿਮ ਟੈਕਟਰ, ਰੂਬੇਨ ਵਿਲਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵਿਨੀਸਿਅਸ ਦੇ ਦੋ ਗੋਲ ਤੇ ਗਰੁੱਪ-ਸੀ ’ਚ ਚੋਟੀ ’ਤੇ ਰਿਹਾ ਬ੍ਰਾਜ਼ੀਲ, ਚੈਂਪਨੀਅਨ ਟੀਮ ਨੇ ਸਕਾਟਲੈਂਡ ਨੂੰ 3-0 ਨਾਲ ਹਰਾਇਆ
NEXT STORY