ਮੋਕੀ (ਚੀਨ)- ਕਪਤਾਨ ਅਨਮੋਲ ਇੱਕਾ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ 6 ਗੋਲ ਕੀਤੇ ਜਿਸ ਨਾਲ ਮੌਜੂਦਾ ਚੈਂਪੀਅਨ ਭਾਰਤ ਨੇ ਬੁੱਧਵਾਰ ਨੂੰ ਇੱਥੇ ਚੀਨੀ ਤਾਈਪੇ ਨੂੰ 15-0 ਨਾਲ ਕਰਾਰੀ ਹਾਰ ਦੇ ਕੇ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਜਗ੍ਹਾ ਪੱਕੀ ਕਰ ਲਈ। ਅਨਮੋਲ ਨੇ ਪੈਨਲਟੀ ਕਾਰਨਰ ਨੂੰ ਗੋਲ ’ਚ ਬਦਲਣ ਦੀ ਆਪਣੀ ਕਲਾ ਦਾ ਸ਼ਾਨਦਾਰ ਨਮੂਨਾ ਪੇਸ਼ ਕੀਤਾ।
ਭਾਰਤੀ ਟੀਮ ਪਹਿਲੇ ਕੁਆਰਟਰ ’ਚ ਗੋਲ ਨਹੀਂ ਕਰ ਸਕੀ ਸੀ ਪਰ ਇਸ ਤੋਂ ਬਾਅਦ ਉਸ ਨੇ ਸ਼ਾਨਦਾਰ ਖੇਡ ਦਿਖਾਈ ਅਤੇ ਦਨਾਦਨ ਗੋਲ ਕੀਤੇ। 5 ਵਾਰ ਦੀ ਚੈਂਪੀਅਨ ਭਾਰਤੀ ਟੀਮ ਨੇ 3 ਜਿੱਤਾਂ ਤੇ ਇਕ ਡਰਾਅ ਨਾਲ ਪੂਲ-ਏ ’ਚ 10 ਅੰਕਾਂ ਦੇ ਨਾਲ ਚੋਟੀ ਦਾ ਸਥਾਨ ਹਾਸਲ ਕੀਤਾ।
ਉੱਥੇ ਹੀ, ਦੱਖਣੀ ਕੋਰੀਆ ਨੇ ਜਾਪਾਨ ਨੂੰ 3-2 ਨਾਲ ਹਰਾ ਕੇ 9 ਅੰਕਾਂ ਨਾਲ ਸੈਮੀਫਾਈਨਲ ’ਚ ਜਗ੍ਹਾ ਬਣਾਈ। ਜਾਪਾਨ, ਇੰਡੋਨੇਸ਼ੀਆ ਤੇ ਚੀਨੀ ਤਾਈਪੇ ਖਿਤਾਬ ਦੀ ਦੌੜ ਤੋਂ ਬਾਹਰ ਹੋ ਗਏ ਹਨ ਅਤੇ ਹੁਣ ਉਹ ਵਰਗੀਕਰਨ ਮੈਚਾਂ ’ਚ ਖੇਡਣਗੇ।
ਭਾਰਤ ਨੇ ਪਹਿਲੇ ਕੁਆਰਟਰ ’ਚ ਗੇਂਦ ’ਤੇ ਕਬਜ਼ਾ ਬਣਾਈ ਰੱਖਿਆ। ਭਾਰਤ ਨੇ ਦੂਜੇ ਕੁਆਰਟਰ ’ਚ 5 ਮਿੰਟ ਦੇ ਅੰਦਰ 3 ਗੋਲ ਕੀਤੇ। ਆਰੀਅਨ ਜ਼ੇਸ ਨੇ 17ਵੇਂ ਮਿੰਟ ’ਚ ਭਾਰਤ ਦਾ ਖਾਤਾ ਖੋਲਿਆ, ਜਿਸ ਤੋਂ 1 ਮਿੰਟ ਬਾਅਦ ਹੀ ਪ੍ਰਭਦੀਪ ਸਿੰਘ ਨੇ ਬੜ੍ਹਤ ਨੂੰ ਦੁੱਗਣਾ ਕਰ ਦਿੱਤਾ। ਫਿਰ ਗੁਰਸੇਵਕ ਸਿੰਘ ਨੇ 22ਵੇਂ ਮਿੰਟ ’ਚ ਤੀਜਾ ਗੋਲ ਕੀਤਾ ਕੇ ਸਕੋਰ 3-0 ਕਰ ਦਿੱਤਾ। ਅਨਮੋਲ ਨੇ 25ਵੇਂ ਮਿੰਟ ’ਚ ਪੈਨਲਟੀ ਕਾਰਨਰ ਨੂੰ ਗੋਲ ’ਚ ਬਦਲ ਕੇ ਆਪਣਾ ਪਹਿਲਾ ਗੋਲ ਕੀਤਾ। ਅਰਜੁਨ ਸੰਤੋਸ਼ ਹਰਗੁਡੇ ਨੇ 28ਵੇਂ ਮਿੰਟ ’ਚ ਗੋਲ ਕੀਤਾ, ਜਦਕਿ ਅਗਲੇ ਹੀ ਮਿੰਟ ਅਨਮੋਲ ਨੇ ਪੈਨਲਟੀ ਕਾਰਨਰ ਨੂੰ ਗੋਲ ’ਚ ਬਦਲਿਆ। ਇਸ ਤਰ੍ਹਾਂ ਨਾਲ ਭਾਰਤ ਨੇ ਹਾਫ ਟਾਈਮ ਤੱਕ 6-0 ਦੀ ਬੜ੍ਹਤ ਬਣਾ ਲਈ ਸੀ।
ਭਾਰਤ ਨੇ ਇਸ ਤੋਂ ਬਾਅਦ ਵੀ ਹਮਲਾਵਰ ਰਵੱਈਆ ਅਪਣਾਇਆ ਤੇ ਤੀਜੇ ਕੁਆਰਟਰ ਦੇ ਸ਼ੁਰੂਆਤੀ ਤਿੰਨ ਮਿੰਟਾਂ ਦੇ ਅੰਦਰ ਦੋ ਪੈਨਲਟੀ ਕਾਰਨਰ ਹਾਸਲ ਕੀਤੇ। ਅਨਮੋਲ ਨੇ ਇਨ੍ਹਾਂ ਦੋਵਾਂ ਨੂੰ ਗੋਲ ’ਚ ਬਦਲਣ ’ਚ ਕਿਸੇ ਤਰ੍ਹਾਂ ਦੀ ਗਲਤੀ ਨਹੀਂ ਕੀਤੀ। ਅਜੀਤ ਯਾਦਵ ਨੇ ਵੀ 35ਵੇਂ ਮਿੰਟ ’ਚ ਗੋਲ ਕਰਕੇ ਸਕੋਰ ਸ਼ੀਟ ’ਚ ਆਪਣਾ ਨਾਂ ਦਰਜ ਕਰਵਾਇਆ, ਜਦਕਿ ਅਨਮੋਲ ਨੇ ਗੋਲ ਕਰਨ ਦਾ ਆਪਣਾ ਸਿਲਸਿਲਾ ਜਾਰੀ ਰੱਖਿਆ। ਉਸ ਨੇ 45ਵੇਂ ਮਿੰਟ ’ਚ ਇਕ ਹੋਰ ਪੈਨਲਟੀ ਕਾਰਨਰ ਨੂੰ ਗੋਲ ’ਚ ਬਦਲ ਕੇ ਮੈਚ ਦਾ ਆਪਣਾ 5ਵਾਂ ਗੋਲ ਕੀਤਾ ਅਤੇ ਤੀਜੇ ਕੁਆਰਟਰ ਦੇ ਅੰਤ ਤੱਕ ਭਾਰਤ ਨੂੰ 10-0 ਨਾਲ ਅੱਗੇ ਕਰ ਦਿੱਤਾ।
ਭਾਰਤੀ ਟੀਮ ਨੇ ਆਖਰੀ 15 ਮਿੰਟਾਂ ’ਚ ਵੀ ਮਨਮਾਫਿਕ ਗੋਲ ਕੀਤੇ। ਹਰਪਾਲ ਨੇ 48ਵੇਂ ਮਿੰਟ ’ਚ ਮੈਦਾਨੀ ਗੋਲ ਕੀਤਾ ਜਿਸ ਤੋਂ ਬਾਅਦ ਅਨਮੋਲ ਨੇ 51ਵੇਂ ਮਿੰਟ ’ਚ ਪੈਨਲਟੀ ਕਾਰਨਰ ’ਤੇ ਮੈਚ ਦਾ ਆਪਣਾ ਛੇਵਾਂ ਗੋਲ ਕੀਤਾ। ਇਸ ਤੋਂ ਬਾਅਦ ਹਰਪਾਲ ਨੇ ਆਪਣਾ ਦੂਜਾ ਗੋਲ ਕੀਤਾ, ਉੱਥੇ ਹੀ ਆਰੀਅਨ ਜ਼ੇਸ ਨੇ ਦੋ ਗੋਲ ਕੀਤੇ।
ਆਸਟ੍ਰੇਲੀਆ-ਏ ਵਿਰੁੱਧ ਵਨ ਡੇ ਲੜੀ ਲਈ ਇਹ ਧਾਕੜ ਖਿਡਾਰੀ ਭਾਰਤ-ਏ ਟੀਮ ’ਚ
NEXT STORY