ਸਪੋਰਟਸ ਡੈਸਕ- ਭਾਰਤੀ ਮਹਿਲਾ ਹਾਕੀ ਟੀਮ ਨੇ ਏਸ਼ੀਆਈ ਖੇਡਾਂ ’ਚ ਆਪਣੀ ਜੇਤੂ ਮੁਹਿੰਮ ਜਾਰੀ ਰੱਖਦੇ ਹੋਏ ਮੇਜ਼ਬਾਨ ਜਾਪਾਨ ਨੂੰ 3-1 ਨਾਲ ਹਰਾ ਕੇ ਲਗਾਤਾਰ ਚੌਥੀ ਜਿੱਤ ਦਰਜ ਕੀਤੀ ਤੇ ਇਸ ਤਰ੍ਹਾਂ ਨਾਲ ਸੈਮੀਫਾਈਨਲ ’ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਭਾਰਤ ਵੱਲੋਂ ਲਾਲਰੇਮਸਿਆਮੀ (5ਵੇਂ), ਇਸ਼ਿਕਾ ਚੌਧਰੀ (30ਵੇਂ) ਅਤੇ ਨਵਨੀਤ ਕੌਰ (36ਵੇਂ) ਨੇ ਗੋਲ ਕੀਤੇ। ਜਾਪਾਨ ਵੱਲੋਂ ਇਕਲੌਤਾ ਗੋਲ ਸ਼ਿਹੋ ਕੋਬਾਯਾਕਾਵਾ ਨੇ 46ਵੇਂ ਮਿੰਟ ’ਚ ਕੀਤਾ। ਭਾਰਤ ਐਤਵਾਰ ਨੂੰ ਸਿੰਗਾਪੁਰ ਵਿਰੁੱਧ ਪੂਲ-ਬੀ ’ਚ ਆਪਣਾ ਆਖਰੀ ਮੈਚ ਖੇਡੇਗਾ।
ਭਾਰਤੀ ਟੀਮ ਨੇ ਅਜੇ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਸ ਨੇ ਉਜ਼ਬੇਕਿਸਤਾਨ ’ਤੇ 19-0 ਦੀ ਜਿੱਤ ਦੇ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਇੰਡੋਨੇਸ਼ੀਆ ਨੂੰ 17-1 ਨਾਲ ਤੇ ਫਿਰ ਥਾਈਲੈਂਡ ਨੂੰ 20-1 ਨਾਲ ਹਰਾਇਆ।
ਜਾਪਾਨ ਵਿਰੁੱਧ ਭਾਰਤੀ ਟੀਮ ਨੇ ਲਾਲਰੇਮਸਿਆਮੀ ਦੇ ਫੀਲਡ ਗੋਲ ਦੀ ਬਦੌਲਤ 5ਵੇਂ ਮਿੰਟ ’ਚ ਹੀ ਬੜ੍ਹਤ ਹਾਸਲ ਕਰ ਲਈ। ਭਾਰਤੀ ਟੀਮ ਨੇ ਖੇਡ ’ਚ ਕੰਟਰੋਲ ਬਣਾਈ ਰੱਖਿਆ ਤੇ ਲਗਾਤਾਰ ਹਮਲੇ ਕੀਤੇ ਪਰ ਜਾਪਾਨ ਦੀ ਡਿਫੈਂਡਿੰਗ ਲਾਈਨ ਨੇ ਵੀ ਚੰਗੀ ਖੇਡ ਦਿਖਾਈ। ਜਾਪਾਨ ਨੂੰ ਵੀ ਮੌਕੇ ਮਿਲੇ ਸਨ ਪਰ ਉਹ ਭਾਰਤੀ ਡਿਫੈਂਡਿੰਗ ਨੂੰ ਪਾਰ ਕਰਨ ’ਚ ਅਸਫਲ ਰਿਹਾ। ਹਾਲਾਂਕਿ, ਭਾਰਤ ਪੈਨਲਟੀ ਕਾਰਨਰ ਨੂੰ ਲੈ ਕੇ ਥੋੜ੍ਹਾ ਲਾਪ੍ਰਵਾਹ ਰਿਹਾ। ਉਸ ਨੇ ਪਹਿਲੇ ਹਾਫ ’ਚ ਮਿਲੇ 5 ਪੈਨਲਟੀ ਕਾਰਨਰਾਂ ’ਚੋਂ ਸਿਰਫ ਇਕ ਦਾ ਹੀ ਫਾਇਦਾ ਚੁੱਕਿਆ। ਉਸ ’ਤੇ ਵੀ ਉਸ ਨੇ ਰਿਬਾਊਂਡ ਨਾਲ ਗੋਲ ਕੀਤਾ।
ਪਹਿਲੇ ਹਾਫ ਦੇ ਆਖਰੀ 2 ਮਿੰਟਾਂ ’ਚ ਭਾਰਤ ਨੇ ਤੇਜ਼ੀ ਨਾਲ 3 ਪੈਨਲਟੀ ਕਾਰਨਰ ਹਾਸਲ ਕੀਤੇ, ਜਿਨ੍ਹਾਂ ’ਚੋਂ ਆਖਰੀ ਪੈਨਲਟੀ ਕਾਰਨਰ ’ਤੇ ਨਵਨੀਤ ਕੌਰ ਦੀ ਸ਼ੁਰੂਆਤੀ ਸ਼ਾਟ ਨੂੰ ਜਾਪਾਨੀ ਗੋਲਕੀਪਰ ਨੇ ਬਚਾ ਦਿੱਤਾ ਪਰ ਰਿਬਾਊਂਡ ’ਤੇ ਇਸ਼ਿਕਾ ਨੇ ਗੋਲ ਕਰ ਦਿੱਤਾ।
ਦੂਜੇ ਹਾਫ ’ਚ ਵੀ ਭਾਰਤੀ ਟੀਮ ਨੇ ਆਪਣੀ ਲਹਿਰ ਨੂੰ ਬਰਕਰਾਰ ਰੱਖਿਆ ਤੇ ਤੀਜੇ ਕੁਆਰਟਰ ਦੇ 6ਵੇਂ ਮਿੰਟ ’ਚ ਨਵਨੀਤ ਦੇ ਗੋਲ ਨਾਲ ਆਪਣੀ ਬੜ੍ਹਤ ਨੂੰ ਮਜ਼ਬੂਤ ਕਰ ਦਿੱਤਾ। ਨਵਨੀਤ ਨੇ ਸ਼ਾਨਦਾਰ ਸਟਿਕਵਰਕ ਦਾ ਇਸਤੇਮਾਲ ਕਰਦੇ ਹੋਏ ਬਿਹਤਰੀਨ ਸ਼ਾਟ ਲਾ ਕੇ ਗੋਲ ਕੀਤਾ। ਜਾਪਾਨੀ ਟੀਮ ਨੂੰ ਭਾਰਤੀ ਹਾਫ ’ਚ ਪ੍ਰਵੇਸ਼ ਕਰਨ ’ਚ ਕਾਫੀ ਸੰਘਰਸ਼ ਕਰਨਾ ਪਿਆ ਅਤੇ ਜਦੋਂ ਉਹ ਅਜਿਹਾ ਕਰਨ ’ਚ ਕਾਮਯਾਬ ਵੀ ਹੋਇਆ ਤਾਂ ਭਾਰਤੀ ਡਿਫੈਂਡਿੰਗ ਲਾਈਨ ਨੂੰ ਪਾਰ ਕਰਨ ’ਚ ਅਸਫਲ ਰਿਹਾ।
ਜਾਪਾਨ ਨੇ ਹਾਲਾਂਕਿ ਚੌਥੇ ਕੁਆਰਟਰ ’ਚ ਚੰਗਾ ਪ੍ਰਦਰਸ਼ਨ ਕੀਤਾ। ਇਸ ਕੁਆਰਟਰ ਦੇ ਸ਼ੁਰੂ ਹੋਣ ਦੇ ਤੁਰੰਤ ਬਾਅਦ ਹੀ ਕੋਬਾਯਾਕਾਵਾ ਨੇ ਸਰਕਲ ਦੇ ਸਿਖਰ ਤੋਂ ਇਕ ਸ਼ਾਨਦਾਰ ਸ਼ਾਟ ਲਾ ਕੇ ਗੋਲ ਕੀਤਾ, ਜਿਸ ਨੂੰ ਤਜ਼ਰੇਬਕਾਰ ਭਾਰਤੀ ਗੋਲਕੀਪਰ ਸਵਿਤਾ ਰੋਕਣ ’ਚ ਅਸਫਲ ਰਹੀ। ਭਾਰਤ ਨੂੰ 50ਵੇਂ ਮਿੰਟ ’ਚ ਇਕ ਹੋਰ ਪੈਨਲਟੀ ਕਾਰਨਰ ਮਿਲਿਆ ਪਰ ਉਸ ਨੇ ਇਸ ਮੌਕੇ ਨੂੰ ਗੁਆ ਦਿੱਤਾ। ਜਾਪਾਨ ਨੂੰ ਵੀ ਆਖਰੀ ਸੀਟੀ ਵੱਜਣ ਤੋਂ 4 ਮਿੰਟ ਪਹਿਲਾਂ ਪੈਨਲਟੀ ਕਾਰਨਰ ਮਿਲਿਆ ਪਰ ਭਾਰਤ ਉਸ ਨੂੰ ਬਚਾਉਣ ’ਚ ਸਫਲ ਰਿਹਾ।
ਟੀਮ ਇੰਡੀਆ ਨੂੰ ਵੱਡਾ ਝਟਕਾ ! ਧਾਕੜ ਖਿਡਾਰੀ ਦੇ ਲੱਗ ਗਈ ਸੱਟ, ਵਨਡੇ ਤੇ T20i ਸੀਰੀਜ਼ 'ਚੋਂ ਹੋਇਆ ਬਾਹਰ
NEXT STORY