ਸਪੋਰਟਸ ਡੈਸਕ— ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ ਟੀਮ ਐਤਵਾਰ ਨੂੰ ਇੱਥੇ ਅੱਜ ਕਟਕ 'ਚ ਵੈਸਟਇੰਡੀਜ਼ ਖਿਲਾਫ ਵਨ ਡੇ ਸੀਰੀਜ਼ ਦੇ ਫੈਸਲਾਕੁੰਨ ਮੁਕਾਬਲੇ 'ਚ ਗਲਤੀਆਂ ਨੂੰ ਸੁਧਾਰ ਕੇ ਸੀਰੀਜ਼ 'ਤੇ ਕਬਜ਼ਾ ਕਰਨ ਉਤਰੇਗੀ। ਭਾਰਤ ਨੇ ਚੇਨਈ 'ਚ ਪਹਿਲਾ ਵਨ ਡੇ 8 ਵਿਕਟਾਂ ਨਾਲ ਗੁਆਉਣ ਤੋਂ ਬਾਅਦ ਦੂਜੇ ਵਨ ਡੇ ਨੂੰ ਵਿਸ਼ਾਖਾਪਟਨਮ 'ਚ 107 ਦੌੜਾਂ ਨਾਲ ਜਿੱਤਿਆ ਸੀ ਤੇ ਸੀਰੀਜ਼ 'ਚ 1-1 ਦੀ ਬਰਾਬਰੀ ਹਾਸਲ ਕਰ ਲਈ। ਭਾਰਤੀ ਟੀਮ ਨੂੰ ਮੌਜੂਦਾ ਦੌਰੇ 'ਚ ਵੈਸਟਇੰਡੀਜ਼ ਤੋਂ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਟੀ-20 ਸੀਰੀਜ਼ 'ਚ ਵੀ ਉਸ ਨੂੰ ਇਸੇ ਤਰ੍ਹਾਂ ਦੀ ਫੈਸਲਾਕੁੰਨ ਸਥਿਤੀ ਦਾ ਸਾਹਮਣਾ ਕਰਨਾ ਪਿਆ ਸੀ, ਜਿਸ 'ਚ ਉਹ 2-1 ਨਾਲ ਸੀਰੀਜ਼ ਜਿੱਤਣ 'ਚ ਸਫਲ ਰਹੀ ਸੀ।
ਵਿਰਾਟ ਐਂਡ ਕੰਪਨੀ ਨੂੰ ਕਟਕ 'ਚ ਇਸੇ ਤਰ੍ਹਾਂ ਇਕ ਵਾਰ ਫਿਰ ਫੈਸਲਾਕੁੰਨ ਮੁਕਾਬਲੇ 'ਚ ਪੂਰਾ ਜ਼ੋਰ ਲਾਉਣਾ ਹੋਵੇਗਾ, ਜਿਸ 'ਚ ਟੀਮ ਦੇ ਸਹੀ ਸੰਯੋਜਨ, ਬੱਲੇਬਾਜ਼ਾਂ ਦੇ ਪ੍ਰਦਰਸ਼ਨ 'ਚ ਨਿਰੰਤਰਤਾ, ਕਿਫਾਇਤੀ ਗੇਂਦਬਾਜ਼ੀ ਤੋਂ ਇਲਾਵਾ ਚੰਗੀ ਫੀਲਡਿੰਗ 'ਤੇ ਉਸ ਨੂੰ ਧਿਆਨ ਦੇਣਾ ਪਵੇਗਾ। ਮੌਜੂਦਾ ਸੀਰੀਜ਼ 'ਚ ਟੀਮ ਇੰਡੀਆ ਦੇ ਫੀਲਡਰਾਂ ਦਾ ਪ੍ਰਦਰਸ਼ਨ ਉਮੀਦਾਂ ਦੇ ਅਨੁਸਾਰ ਨਹੀਂ ਰਿਹਾ ਹੈ ਤੇ ਕੈਚ ਛੱਡਣਾ ਉਨ੍ਹਾਂ ਦੀ ਵੱਡੀ ਸਮੱਸਿਆ ਰਹੀ ਹੈ, ਜਿਸ ਤੋਂ ਖੁਦ ਕਪਤਾਨ ਵਿਰਾਟ ਵੀ ਪ੍ਰੇਸ਼ਾਨ ਹੈ।
ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਪਿਛਲੇ ਕੁਝ ਮੈਚਾਂ 'ਚ ਨਿਰਾਸ਼ ਕਰਨ ਤੋਂ ਬਾਅਦ ਪਿਛਲੇ ਮੈਚ 'ਚ ਸ਼ਾਨਦਾਰ ਬੱਲੇਬਾਜ਼ੀ ਕਰ ਸੈਂਕੜਾ ਲਾਇਆ। ਜ਼ਖਮੀ ਸ਼ਿਖਰ ਧਵਨ ਦੀ ਜਗ੍ਹਾ ਓਪਨਿੰਗ ਦੀ ਜ਼ਿੰਮੇਵਾਰੀ ਸੰਭਾਲ ਰਹੇ ਰਾਹੁਲ ਤੇ ਉਪ ਕਪਤਾਨ ਰੋਹਿਤ ਸ਼ਰਮਾ ਤੋਂ ਇਕ ਵਾਰ ਫਿਰ ਮਜ਼ਬੂਤ ਸਾਂਝੇਦਾਰੀ ਦੇ ਨਾਲ ਮਜ਼ਬੂਤ ਸ਼ੁਰੂਆਤ ਦਿਵਾਉਣ ਦੀ ਉਮੀਦ ਹੋਵੇਗੀ। ਦੋਵਾਂ ਓਪਨਰਾਂ ਨੇ ਦੂਜੇ ਵਨ ਡੇ 'ਚ 227 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਕੀਤੀ ਸੀ, ਜਿਸ 'ਚ ਰਾਹੁਲ ਨੇ 102 ਦੌੜਾਂ ਤੇ ਰੋਹਿਤ ਨੇ 159 ਦੌੜਾਂ ਦੀਆਂ ਸ਼ਾਨਦਾਰ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ ਸਨ।
ਭਾਰਤੀ ਟੀਮ ਦੇ ਪਹਿਲੇ ਮੈਚ 'ਚ ਓਪਨਿੰਗ ਕ੍ਰਮ ਦੇ ਸੰਘਰਸ਼ ਤੋਂ ਬਾਅਦ ਉਨ੍ਹਾਂ ਦੀ ਫਾਰਮ 'ਚ ਵਾਪਸੀ ਕਪਤਾਨ ਵਿਰਾਟ ਲਈ ਨਿਸ਼ਚਿਤ ਹੀ ਸੁਖਦਾਇਕ ਹੈ, ਜਿਹੜਾ ਪਿਛਲੇ ਮੈਚ 'ਚ ਜ਼ੀਰੋ 'ਤੇ ਆਊਟ ਹੋ ਗਿਆ ਸੀ। ਟੀਮ ਦੇ ਬੱਲੇਬਾਜ਼ੀ ਕ੍ਰਮ 'ਚ ਤਿੰਨ ਚੋਟੀ ਕ੍ਰਮ ਦੇ ਬੱਲੇਬਾਜ਼ਾਂ ਤੋਂ ਇਲਾਵਾ ਉਸ ਦੇ ਸਭ ਤੋਂ ਚਰਚਾ 'ਚ ਰਹਿਣ ਵਾਲੇ ਚੌਥੇ ਕ੍ਰਮ 'ਤੇ ਵੀ ਫਿਲਹਾਲ ਨੌਜਵਾਨ ਬੱਲੇਬਾਜ਼ ਸ਼੍ਰੇਅਸ ਅਈਅਰ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਕਈ ਸੀਨੀਅਰ ਬੱਲੇਬਾਜ਼ਾਂ ਤੇ ਸਾਬਕਾ ਕੋਚ ਅਨਿਲ ਕੁੰਬਲੇ ਨੇ ਵੀ ਸ਼੍ਰੇਅਸ ਨੂੰ ਚੌਥੇ ਕ੍ਰਮ ਲਈ ਉਪਯੋਗੀ ਦੱਸਿਆ ਹੈ। ਮੱਧਕ੍ਰਮ 'ਚ ਕਾਫੀ ਸਮੇਂ ਤੋਂ ਆਲੋਚਨਾਵਾਂ 'ਚ ਘਿਰੇ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਨੇ ਵੀ ਪਹਿਲੇ ਮੈਚ 'ਚ 71 ਦੌੜਾਂ ਦੀ ਵੱਡੀ ਪਾਰੀ ਖੇਡੀ ਸੀ, ਜਦਕਿ ਦੂਜੇ ਮੈਚ 'ਚ ਸਿਰਫ 16 ਗੇਂਦਾਂ ਵਿਚ ਉਸ ਨੇ 4 ਛੱਕਿਆਂ ਤੇ 3 ਚੌਕਿਆਂ ਨਾਲ 39 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਸੀ। ਪੰਤ 'ਤੇ ਸੀਮਤ ਓਵਰ ਫਾਰਮੈਟ 'ਚ ਅਗਲੇ ਵਿਸ਼ਵ ਕੱਪ ਤੋਂ ਪਹਿਲਾਂ ਖੁਦ ਨੂੰ ਸਾਬਤ ਕਰ ਕੇ ਟੀਮ 'ਚ ਆਪਣਾ ਸਥਾਨ ਪੱਕਾ ਕਰਨ ਦਾ ਵੀ ਕਾਫੀ ਦਬਾਅ ਹੈ, ਅਜਿਹੇ 'ਚ ਓਡਿਸ਼ਾ 'ਚ ਇਕ ਵਾਰ ਫਿਰ ਉਸ ਤੋਂ ਅਜਿਹੇ ਹਮਲਾਵਰ ਪ੍ਰਦਰਸ਼ਨ ਦੀ ਉਮੀਦ ਬਣੀ ਹੋਈ ਹੈ।
ਗੇਂਦਬਾਜ਼ੀ ਕ੍ਰਮ 'ਚ ਹਾਲਾਂਕਿ ਭਾਰਤ ਨੂੰ ਫਾਈਨਲ ਮੈਚ 'ਚ ਦੀਪਕ ਚਾਹਰ ਦੀ ਕਮੀ ਮਹਿਸੂਸ ਹੋਵੇਗੀ, ਜਿਹੜਾ ਪਿੱਠ 'ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਇਸ ਮੈਚ ਤੋਂ ਬਾਹਰ ਹੋ ਗਿਆ ਹੈ ਤੇ ਉਸਦੀ ਜਗ੍ਹਾ ਨਵਦੀਪ ਸੈਣੀ ਨੂੰ ਮੌਕਾ ਦਿੱਤਾ ਗਿਆ ਹੈ, ਜਿਸ ਨੂੰ ਕਟਕ 'ਚ ਭਾਰਤੀ ਟੀਮ ਲਈ ਡੈਬਿਊ ਦਾ ਮੌਕਾ ਦਿੱਤਾ ਜਾ ਸਕਦਾ ਹੈ। ਸੀਰੀਜ਼ ਦੇ ਪਿਛਲੇ ਦੋਵਾਂ ਮੈਚਾਂ 'ਚ ਭਾਰਤ ਤੇ ਵੈਸਟਇੰਡੀਜ਼ ਦੋਵੇਂ ਨੇ ਹੀ ਕਾਫੀ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਹੈ ਤੇ ਮਹਿਮਾਨ ਟੀਮ ਦੀ ਕੋਸ਼ਿਸ਼ ਹੋਵਗੀ ਕਿ ਉਹ ਟੀ-20 ਸੀਰੀਜ਼ ਗੁਆਉਣ ਤੋਂ ਬਾਅਦ ਵਨ ਡੇ ਸੀਰੀਜ਼ ਦੇ ਫੈਸਲਾਕੁੰਨ ਮੁਕਾਬਲੇ 'ਚ ਪਿਛਲੀਆਂ ਗਲਤੀਆਂ ਨੂੰ ਨਾ ਦੁਹਰਾਏ। ਚੰਗੇ ਬੱਲੇਬਾਜ਼ਾਂ ਤੋਂ ਇਲਾਵਾ ਟੀਮ ਕੋਲ ਕੀਮੋ ਪੌਲ, ਸ਼ੈਲਡਨ ਕੋਟਰੈੱਲ, ਜੇਸਨ ਹੋਲਡਰ ਤੇ ਅਲਜਾਰੀ ਜੋਸਫ ਦੇ ਰੂਪ ਵਿਚ ਬਿਹਤਰੀਨ ਗੇਂਦਬਾਜ਼ ਮੌਜੂਦ ਹਨ। ਬੱਲੇਬਾਜ਼ੀ 'ਚ ਸ਼ਾਈ ਹੋਪ, ਐਵਿਨ ਲੂਈਸ, ਸ਼ਿਮਰੋਨ ਹੈੱਟਮਾਇਰ, ਨਿਰੋਸ਼ਨ ਪੂਰਨ, ਕਪਤਾਨ ਕੀਰੋਨ ਪੋਲਾਰਡ ਵਰਗੇ ਧਾਕੜ ਖਿਡਾਰੀ ਹਨ, ਜਿਹੜੇ ਕਿਸੇ ਵੀ ਸਮੇਂ ਮੈਚ ਦਾ ਪਾਸਾ ਪਲਟ ਸਕਦੇ ਹਨ। ਅਜਿਹੇ ਵਿਚ ਦੋਵਾਂ ਹੀ ਟੀਮਾਂ ਨੂੰ ਖਿਤਾਬ ਹਾਸਲ ਕਰਨ ਲਈ ਗੇਂਦ ਤੇ ਬੱਲੇ ਨਾਲ ਬਰਾਬਰੀ ਦੀ ਖੇਡ ਦਿਖਾਉਣੀ ਪਵੇਗੀ।
13 ਸਾਲ ਬਾਅਦ ਵੈਸਟਇੰਡੀਜ਼ ਟੀਮ ਦੀ ਕੋਸ਼ਿਸ਼ ਹੋਵੇਗੀ ਕਿ ਉਹ ਭਾਰਤ 'ਚ ਕੋਈ ਦੋ-ਪੱਖੀ ਲੜੀ ਜਿੱਤ ਸਕੇ। ਮਾਰਚ 'ਚ ਆਸਟਰੇਲੀਆ ਤੋਂ ਦੋ-ਪੱਖੀ ਲੜੀ ਹਾਰੀ ਭਾਰਤੀ ਟੀਮ ਨੇ, ਪਿਛਲੇ 15 ਸਾਲਾਂ ਤੋਂ ਲਗਾਤਾਰ ਦੋ ਪੱਖੀ ਲੜੀਆਂ ਨਹੀਂ ਗੁਆਈਆਂ ਹਨ।
ਟੀਮਾਂ ਇਸ ਤਰ੍ਹਾਂ ਹਨ
ਭਾਰਤ- ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਮਯੰਕ ਅਗਰਵਾਲ, ਕੇ. ਐੱਲ. ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਰਿਸ਼ਭ ਪੰਤ, ਸ਼ਿਵਮ ਦੂਬੇ, ਕੇਦਾਰ ਜਾਧਵ, ਰਵਿੰਦਰ ਜਡੇਜਾ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਨਵਦੀਪ ਸੈਣੀ, ਦੀਪਕ ਚਾਹਰ, ਮੁਹੰਮਦ ਸ਼ੰਮੀ ਤੇ ਸ਼ਾਰਦੁਲ ਠਾਕੁਰ।
ਵੈਸਟਇੰਡੀਜ਼- ਕੀਰੋਨ ਪੋਲਾਰਡ (ਕਪਤਾਨ), ਸੁਨੀਲ ਅੰਬ੍ਰਿਸ਼, ਸ਼ਾਈ ਹੋਪ, ਕੈਰੀ ਪਿਯਰੇ, ਰੋਸਟਨ ਚੇਜ਼, ਅਲਜਾਰੀ ਜੋਸਫ, ਸ਼ੈਲਡਨ ਕੋਟਰੈੱਲ, ਬ੍ਰੈਂਡਨ ਕਿੰਗ, ਨਿਕੋਲਸ ਪੂਰਨ, ਸ਼ਿਮਰੋਨ ਹੈੱਟਮਾਇਰ, ਐਵਿਨ ਲੂਈਸ, ਰੋਮਾਰੀਓ ਸ਼ੇਫਰਡ, ਜੈਸਨ ਹੋਲਡਰ, ਕੀਮੋ ਪੌਲ ਤੇ ਹੇਡਨ ਵਾਲਸ਼ ਜੂਨੀਅਰ।
ਅਰਵਿੰਦ ਚਿਦਾਂਬਰਮ ਬਣਿਆ ਰਾਸ਼ਟਰੀ ਸ਼ਤਰੰਜ ਚੈਂਪੀਅਨ
NEXT STORY