ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਟੀਮ ਨੇ ਟੀ-20 ਵਿਸ਼ਵ ਕੱਪ 2026 ਜਿੱਤ ਕੇ ਇੱਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ। ਇਸ ਸ਼ਾਨਦਾਰ ਜਿੱਤ ਤੋਂ ਬਾਅਦ ਜਿੱਥੇ ਖਿਡਾਰੀਆਂ 'ਤੇ ਇਨਾਮਾਂ ਦੀ ਵਰਖਾ ਹੋ ਰਹੀ ਹੈ, ਉੱਥੇ ਹੀ ਸਪੋਰਟ ਸਟਾਫ ਦੇ ਇੱਕ ਅਜਿਹੇ ਸ਼ਖਸ ਦੀ ਚਰਚਾ ਹੋ ਰਹੀ ਹੈ ਜਿਸ ਨੇ ਪਰਦੇ ਦੇ ਪਿੱਛੇ ਰਹਿ ਕੇ ਭਾਰਤ ਨੂੰ ਲਗਾਤਾਰ ਦੂਜੀ ਵਾਰ ਵਿਸ਼ਵ ਚੈਂਪੀਅਨ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਹ ਸ਼ਖਸ ਹੈ ਸ਼੍ਰੀਲੰਕਾ ਦਾ ਨਾਗਰਿਕ ਨੁਵਾਨ ਸੇਨੇਵਿਰਤਨੇ, ਜਿਸ ਨੂੰ ਟੀਮ ਵਿੱਚ ਪਿਆਰ ਨਾਲ 'ਬਵ੍ਵਾ' ਕਿਹਾ ਜਾਂਦਾ ਹੈ।
ਨੁਵਾਨ ਸੇਨੇਵਿਰਤਨੇ ਦਾ ਜੀਵਨ ਸੰਘਰਸ਼ਾਂ ਨਾਲ ਭਰਿਆ ਰਿਹਾ ਹੈ। 14 ਨਵੰਬਰ 1979 ਨੂੰ ਕੋਲੰਬੋ ਵਿੱਚ ਜਨਮੇ ਨੁਵਾਨ ਨੇ ਸਾਲ 2004 ਵਿੱਚ ਦੋ ਫਰਸਟ ਕਲਾਸ ਮੈਚ ਖੇਡੇ ਸਨ, ਪਰ ਉਨ੍ਹਾਂ ਦਾ ਕ੍ਰਿਕਟ ਕਰੀਅਰ ਜ਼ਿਆਦਾ ਲੰਬਾ ਨਹੀਂ ਚੱਲ ਸਕਿਆ। ਪਰਿਵਾਰ ਦਾ ਪੇਟ ਪਾਲਣ ਲਈ ਉਨ੍ਹਾਂ ਨੂੰ ਕੋਲੰਬੋ ਦੀਆਂ ਸੜਕਾਂ 'ਤੇ ਸਕੂਲ ਬੱਸ ਚਲਾਉਣ ਦਾ ਕੰਮ ਵੀ ਕਰਨਾ ਪਿਆ। ਇਸ ਦੇ ਨਾਲ ਹੀ ਉਹ ਐਨ.ਸੀ.ਸੀ. (NCC) ਗਰਾਊਂਡ ਵਿੱਚ ਬੱਲੇਬਾਜ਼ਾਂ ਨੂੰ ਅਭਿਆਸ ਕਰਵਾਉਂਦੇ ਸਨ।
ਨੁਵਾਨ ਦੀ ਕਿਸਮਤ ਸਾਲ 2017 ਵਿੱਚ ਬਦਲੀ ਜਦੋਂ ਭਾਰਤੀ ਟੀਮ ਸ਼੍ਰੀਲੰਕਾ ਦੇ ਦੌਰੇ 'ਤੇ ਸੀ। ਉਸ ਸਮੇਂ ਵਿਰਾਟ ਕੋਹਲੀ ਦੀ ਨਜ਼ਰ ਉਨ੍ਹਾਂ ਦੇ ਹੁਨਰ 'ਤੇ ਪਈ। ਨੁਵਾਨ ਦੀਆਂ ਗੇਂਦਾਂ ਸੁੱਟਣ ਦੀ ਕਾਬਲੀਅਤ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਭਾਰਤੀ ਟੀਮ ਦੇ ਸਪੋਰਟ ਸਟਾਫ ਵਿੱਚ ਸ਼ਾਮਲ ਕੀਤਾ ਗਿਆ। ਉਹ ਸਾਲ 2018 ਦੇ ਏਸ਼ੀਆ ਕੱਪ ਤੋਂ ਹੀ ਲਗਾਤਾਰ ਭਾਰਤੀ ਟੀਮ ਨਾਲ ਜੁੜੇ ਹੋਏ ਹਨ।
ਨੁਵਾਨ ਟੀਮ ਇੰਡੀਆ ਵਿੱਚ ਲੈਫਟ ਆਰਮ ਥ੍ਰੋ ਡਾਊਨ ਸਪੈਸ਼ਲਿਸਟ (Left arm throw down specialist) ਵਜੋਂ ਕੰਮ ਕਰਦੇ ਹਨ। ਉਹ ਭਾਰਤੀ ਬੱਲੇਬਾਜ਼ਾਂ ਨੂੰ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ਾਂ ਦੀਆਂ ਵੱਖ-ਵੱਖ ਐਂਗਲਾਂ ਅਤੇ ਵੇਰੀਏਸ਼ਨਾਂ ਵਾਲੀਆਂ ਗੇਂਦਾਂ ਵਿਰੁੱਧ ਤਿਆਰ ਕਰਦੇ ਹਨ। ਉਨ੍ਹਾਂ ਦੀ ਮਿਹਨਤ ਸਦਕਾ ਹੀ ਭਾਰਤੀ ਬੱਲੇਬਾਜ਼ੀ ਲਾਈਨ-ਅੱਪ ਮਜ਼ਬੂਤ ਹੋਈ ਹੈ। ਟੀਮ ਇੰਡੀਆ ਦੀ ਜਿੱਤ ਤੋਂ ਬਾਅਦ ਸ਼੍ਰੀਲੰਕਾਈ ਮੀਡੀਆ ਵਿੱਚ ਵੀ ਉਨ੍ਹਾਂ ਦੀ ਖੂਬ ਤਾਰੀਫ਼ ਹੋ ਰਹੀ ਹੈ।
ਭਾਰਤ ਦੀ ਜਿੱਤ ਤੋਂ ਬਾਅਦ ਨੁਵਾਨ ਨੇ ਸੋਸ਼ਲ ਮੀਡੀਆ 'ਤੇ ਟਰਾਫੀ ਦੇ ਨਾਲ ਆਪਣੀ ਤਸਵੀਰ ਸਾਂਝੀ ਕਰਦਿਆਂ ਲਿਖਿਆ ਕਿ ਸਾਲ 2024 ਅਤੇ 2026 ਵਿੱਚ ਲਗਾਤਾਰ ਦੋ ਵਾਰ ਟੀ-20 ਵਿਸ਼ਵ ਕੱਪ ਜਿੱਤਣਾ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ। ਬੀ.ਸੀ.ਸੀ.ਆਈ. (BCCI) ਵੱਲੋਂ ਦਿੱਤੇ ਜਾਣ ਵਾਲੇ ਇਨਾਮ ਦਾ ਹਿੱਸਾ ਹੁਣ ਇਸ ਸ਼੍ਰੀਲੰਕਾਈ ਨਾਗਰਿਕ ਨੂੰ ਵੀ ਮਿਲੇਗਾ, ਜਿਸ ਨੇ ਭਾਰਤ ਨੂੰ ਵਿਸ਼ਵ ਜੇਤੂ ਬਣਾਉਣ ਲਈ ਦਿਨ-ਰਾਤ ਇੱਕ ਕਰ ਦਿੱਤਾ।
ਜੰਗ ਦਾ ਅਸਰ: ਵਿਸ਼ਵ ਕੱਪ ਤੋਂ ਬਾਅਦ ਕੋਲਕਾਤਾ 'ਚ ਫਸੀਆਂ ਟੀਮਾਂ, ਘਰ ਜਾਣ ਲਈ ਤਰਸ ਰਹੇ ਖਿਡਾਰੀ
NEXT STORY