ਸਪੋਰਟਸ ਡੈਸਕ- ਰਾਜਸਥਾਨ ਦੇ ਸਵਾਈ ਮਾਨ ਸਿੰਘ ਸਟੇਡੀਅਮ 'ਚ ਰਾਜਸਥਾਨ ਰਾਇਲਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਖੇਡੇ ਗਏ ਆਈ.ਪੀ.ਐੱਲ. ਦੇ ਮੁਕਾਬਲੇ ਵਿਰਾਟ ਕੋਹਲੀ ਦੇ ਰਿਕਾਰਡ ਸੈਂਕੜੇ ਦੇ ਬਾਵਜੂਦ ਬੈਂਗਲੁਰੂ ਨੂੰ ਰਾਜਸਥਾਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਰਾਜਸਥਾਨ ਨੇ ਬੈਂਗਲੁਰੂ ਨੂੰ 6 ਵਿਕਟਾਂ ਨਾਲ ਹਰਾ ਕੇ ਲਗਾਤਾਰ ਚੌਥੀ ਜਿੱਤ ਹਾਸਲ ਕਰ ਲਈ ਹੈ ਤੇ 8 ਅੰਕਾਂ ਨਾਲ ਪੁਆਇੰਟ ਟੇਬਲ 'ਚ ਚੋਟੀ ਦੇ ਸਥਾਨ 'ਤੇ ਪਹੁੰਚ ਗਈ ਹੈ, ਜਦਕਿ ਬੈਂਗਲੁਰੂ 5 ਮੈਚਾਂ 'ਚੋਂ 4 ਮੁਕਾਬਲੇ ਹਾਰ ਕੇ ਸਿਰਫ਼ 1 ਜਿੱਤ ਨਾਲ 8ਵੇਂ ਸਥਾਨ 'ਤੇ ਬਣੀ ਹੋਈ ਹੈ।
ਰਾਜਸਥਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਮਿਲਣ ਦਾ ਬੈਂਗਲੁਰੂ ਦੇ ਓਪਨਰ ਵਿਰਾਟ ਕੋਹਲੀ ਅਤੇ ਕਪਤਾਨ ਫਾਫ ਡੁਪਲੇਸਿਸ ਨੇ ਨੇ ਪੂਰਾ ਫ਼ਾਇਦਾ ਉਠਾਇਆ ਤੇ ਦੋਵਾਂ ਨੇ ਪਹਿਲੀ ਵਿਕਟ ਲਈ 14 ਓਵਰਾਂ 'ਚ 125 ਦੌੜਾਂ ਦੀ ਸਾਂਝੇਦਾਰੀ ਕੀਤੀ।
ਦੋਵਾਂ ਨੇ ਰਾਜਸਥਾਨ ਦੇ ਗੇਂਦਬਾਜ਼ਾਂ ਨੂੰ ਖੁੱਲ੍ਹ ਕੇ ਖੇਡਿਆ ਤੇ ਮੈਦਾਨ ਦੇ ਚਾਰੇ ਪਾਸੇ ਚੌਕੇ-ਛੱਕੇ ਵਰ੍ਹਾਏ। ਦੋਵਾਂ ਨੇ ਤੇਜ਼ੀ ਨਾਲ ਦੌੜਾਂ ਬਣਾਈਆਂ ਤੇ ਟੀਮ ਨੂੰ ਵੱਡੇ ਸਕੋਰ ਵੱਲ ਵਧਾਇਆ। ਕਪਤਾਨ ਡੁਪਲੇਸਿਸ ਨੇ 33 ਗੇਂਦਾਂ 'ਚ 2 ਚੌਕੇ ਤੇ 2 ਛੱਕਿਆਂ ਦੀ ਮਦਦ ਨਾਲ 44 ਦੌੜਾਂ ਦੀ ਪਾਰੀ ਖੇਡੀ।
ਵਿਰਾਟ ਕੋਹਲੀ ਨੇ ਸ਼ਾਨਦਾਰ ਪਾਰੀ ਖੇਡਦਿਆਂ ਆਪਣੇ ਆਈ.ਪੀ.ਐੱਲ. ਕਰੀਅਰ ਦਾ ਰਿਕਾਰਡ 8ਵਾਂ ਸੈਂਕੜਾ ਜੜ ਦਿੱਤਾ ਤੇ 12 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 113 ਦੌੜਾਂ ਦੀ ਨਾਬਾਦ ਪਾਰੀ ਖੇਡੀ। ਹਾਲਾਂਕਿ ਉਸ ਨੇ 67 ਗੇਂਦਾਂ 'ਚ ਇਹ ਸੈਂਕੜਾ ਪੂਰਾ ਕੀਤਾ, ਜੋ ਕਿ ਆਈ.ਪੀ.ਐੱਲ. ਇਤਿਹਾਸ ਦਾ ਸਾਂਝੇ ਤੌਰ 'ਤੇ ਸਭ ਤੋਂ ਹੌਲੀ ਸੈਂਕੜਾ ਰਿਹਾ। ਇਸ ਤੋਂ ਪਹਿਲਾਂ ਇਹ ਰਿਕਾਰਡ ਮਨੀਸ਼ ਪਾਂਡੇ ਦੇ ਨਾਂ ਸੀ, ਜਿਸ ਨੇ ਸਾਲ 2009 'ਚ ਇੰਨੀਆਂ ਹੀ ਗੇਂਦਾਂ 'ਚ ਸੈਂਕੜਾ ਜੜਿਆ ਸੀ।
ਇਨ੍ਹਾਂ ਦੋਵਾਂ ਤੋਂ ਇਲਾਵਾ ਹੋਰ ਕੋਈ ਬੱਲੇਬਾਜ਼ ਨਹੀਂ ਚੱਲ ਸਕਿਆ ਤੇ ਜਿੱਥੇ ਟੀਮ 200 ਤੋਂ ਪਾਰ ਜਾਂਦੀ ਦਿਖਾਈ ਦੇ ਰਹੀ ਸੀ, ਉੱਥੇ ਹੀ ਮੈਕਸਵੈੱਲ ਅਤੇ ਬਾਕੀ ਬੱਲੇਬਾਜ਼ਾਂ ਵੱਲੋਂ ਵੱਡੀਆਂ ਸ਼ਾਟਾਂ ਨਾ ਖੇਡ ਸਕਣ ਕਾਰਨ ਟੀਮ ਆਖ਼ਰੀ ਓਵਰਾਂ 'ਚ ਹੌਲੀ ਰਨ-ਰੇਟ ਕਾਰਨ 20 ਓਵਰਾਂ 'ਚ 3 ਵਿਕਟਾਂ ਗੁਆ ਕੇ 183 ਦੌੜਾਂ ਹੀ ਬਣਾ ਸਕੀ।
184 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਰਾਜਸਥਾਨ ਦੀ ਸ਼ੁਰੂਆਤ ਖ਼ਰਾਬ ਰਹੀ ਤੇ ਓਪਨਿੰਗ ਕਰਨ ਆਏ ਯਸ਼ਸਵੀ ਜਾਇਸਵਾਲ ਪਹਿਲੇ ਹੀ ਓਵਰ ਦੀ ਦੂਜੀ ਗੇਂਦ 'ਤੇ ਆਊਟ ਹੋ ਗਿਆ। ਪਰ ਉਸ ਦੇ ਆਊਟ ਹੋਣ ਤੋਂ ਬਾਅਦ ਕਪਤਾਨ ਸੰਜੂ ਸੈਮਸਨ ਤੇ ਜੌਸ ਬਟਲਰ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ ਬੈਂਗਲੁਰੂ ਦੇ ਗੇਂਦਬਾਜ਼ਾਂ ਦਾ ਰੱਜ ਕੇ ਕੁਟਾਪਾ ਚਾੜ੍ਹਿਆ।
ਦੋਵਾਂ ਨੇ ਚੌਕੇ-ਛੱਕਿਆਂ ਦੀ ਝੜੀ ਲਗਾਉਂਦੇ ਹੋਏ ਆਪਣੇ-ਆਪਣੇ ਅਰਧ ਸੈਂਕੜੇ ਪੂਰੇ ਕੀਤੇ। ਸੈਮਸਨ ਨੇ ਕਪਤਾਨੀ ਪਾਰੀ ਖੇਡੀ ਤੇ 42 ਗੇਂਦਾਂ 'ਚ 8 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ ਸ਼ਾਨਦਾਰ 69 ਦੌੜਾਂ ਬਣਾਈਆਂ। ਟੀਮ ਨੂੰ ਜਿੱਤ ਦੇ ਨੇੜੇ ਪਹੁੰਚਾ ਕੇ ਉਹ ਮੁਹੰਮਦ ਸਿਰਾਜ ਦੀ ਗੇਂਦ 'ਤੇ ਯਸ਼ ਦਿਆਲ ਹੱਥੋਂ ਕੈਚ ਆਊਟ ਹੋ ਗਿਆ।
ਪਿਛਲੇ ਮੁਕਾਬਲਿਆਂ 'ਚ ਸ਼ਾਨਦਾਰ ਬੱਲੇਬਾਜ਼ੀ ਕਰ ਕੇ ਚਰਚਾ 'ਚ ਆਏ ਰਿਆਨ ਪਰਾਗ ਕੁਝ ਖ਼ਾਸ ਨਹੀਂ ਕਰ ਸਕੇ ਤੇ 4 ਗੇਂਦਾਂ 'ਚ 4 ਦੌੜਾਂ ਬਣਾ ਕੇ ਆਊਟ ਹੋ ਗਿਆ। ਹਾਲਾਂਕਿ ਜੌਸ ਬਟਲਰ ਨੇ ਇਕ ਪਾਸਾ ਸੰਭਾਲੀ ਰੱਖਿਆ ਤੇ ਟੀਮ ਨੂੰ ਮੁਸ਼ਕਲ ਸਥਿਤੀ 'ਚ ਫਸਣ ਨਹੀਂ ਦਿੱਤਾ। ਬਟਲਰ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ 58 ਗੇਂਦਾਂ 'ਚ 9 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ ਨਾਬਾਦ ਸੈਂਕੜਾ ਜੜ ਕੇ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਈ।
ਇਹ ਉਸ ਦਾ ਆਈ.ਪੀ.ਐੱਲ. ਕਰੀਅਰ ਦਾ 6ਵਾਂ ਸੈਂਕੜਾ ਸੀ ਤੇ ਹੁਣ ਉਹ ਆਈ.ਪੀ.ਐੱਲ. 'ਚ ਸਭ ਤੋਂ ਵੱਧ ਸੈਂਕੜੇ ਲਗਾਉਣ ਦੇ ਮਾਮਲੇ 'ਚ ਵਿਰਾਟ ਕੋਹਲੀ (8) ਤੋਂ ਬਾਅਦ ਕ੍ਰਿਸ ਗੇਲ (6) ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਹੈ। ਇਸ ਤੋਂ ਇਲਾਵਾ ਇਹ ਉਸ ਦਾ 100ਵਾਂ ਆਈ.ਪੀ.ਐੱਲ. ਮੁਕਾਬਲਾ ਵੀ ਸੀ, ਜਿਸ 'ਚ ਉਸ ਨੇ ਸੈਂਕੜਾ ਲਗਾ ਕੇ ਇਸ ਨੂੰ ਹੋਰ ਖ਼ਾਸ ਬਣਾ ਦਿੱਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਆਰਸੀਬੀ ਨੂੰ ਜਿੱਤ ਲਈ ਟੀਚੇ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ: ਗਾਵਸਕਰ
NEXT STORY