ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (IPL) 2026 ਵਿੱਚ ਐਤਵਾਰ ਨੂੰ ਗੁਜਰਾਤ ਟਾਈਟਨਸ ਨੇ ਚੇਨਈ ਸੁਪਰ ਕਿੰਗਜ਼ (CSK) ਨੂੰ ਉਨ੍ਹਾਂ ਦੇ ਘਰੇਲੂ ਮੈਦਾਨ 'ਤੇ 8 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ। ਹਾਲਾਂਕਿ ਇਸ ਵੱਡੀ ਜਿੱਤ ਦੇ ਬਾਵਜੂਦ ਗੁਜਰਾਤ ਦੇ ਕਪਤਾਨ ਸ਼ੁਭਮਨ ਗਿੱਲ ਟੀਮ ਦੇ ਪ੍ਰਦਰਸ਼ਨ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਜ਼ਰ ਨਹੀਂ ਆਏ ਅਤੇ ਉਨ੍ਹਾਂ ਨੇ ਆਉਣ ਵਾਲੇ ਮੈਚਾਂ ਲਈ ਇਕ ਖਾਸ ਪਹਿਲੂ ਵਿੱਚ ਸੁਧਾਰ ਕਰਨ ਦੀ ਗੱਲ ਕਹੀ ਹੈ।
'ਪਾਰੀ ਨੂੰ ਖਤਮ ਕਰਨਾ ਇਕ ਵੱਡੀ ਸਮੱਸਿਆ'
ਮੈਚ ਤੋਂ ਬਾਅਦ ਗਿੱਲ ਨੇ ਸਪੱਸ਼ਟ ਕੀਤਾ ਕਿ ਭਾਵੇਂ ਉਹ ਚੇਨਈ ਵਿੱਚ ਜਿੱਤ ਕੇ ਬਹੁਤ ਖੁਸ਼ ਹਨ, ਪਰ ਟੀਮ ਨੂੰ ਆਪਣੀ 'ਫਿਨਿਸ਼ਿੰਗ' 'ਤੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ, "ਆਖਰੀ ਚਾਰ ਜਾਂ ਪੰਜ ਓਵਰਾਂ ਨੂੰ ਛੱਡ ਕੇ ਇਹ ਇਕ ਮੁਕੰਮਲ ਪ੍ਰਦਰਸ਼ਨ ਸੀ। ਜੇਕਰ ਮੈਨੂੰ ਆਲੋਚਨਾ ਕਰਨੀ ਪਵੇ ਤਾਂ ਪਾਰੀ ਨੂੰ ਖਤਮ ਕਰਨਾ ਸਾਡੇ ਲਈ ਇਕ ਸਮੱਸਿਆ ਰਹੀ ਹੈ। ਸਾਨੂੰ ਇਸ ਮਾਮਲੇ ਵਿੱਚ ਬਿਹਤਰ ਹੋਣ ਦੀ ਲੋੜ ਹੈ"।
ਰਬਾਡਾ ਅਤੇ ਸੁਦਰਸਨ ਦਾ ਰਿਹਾ ਦਬਦਬਾ
ਗੁਜਰਾਤ ਦੀ ਇਸ ਜਿੱਤ ਵਿੱਚ ਤੇਜ਼ ਗੇਂਦਬਾਜ਼ ਕਗਿਸੋ ਰਬਾਡਾ ਨੇ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਮਹਿਜ਼ 25 ਦੌੜਾਂ ਦੇ ਕੇ 3 ਵਿਕਟਾਂ ਝਟਕਾਈਆਂ, ਜਿਸ ਲਈ ਉਨ੍ਹਾਂ ਨੂੰ 'ਪਲੇਅਰ ਆਫ ਦਿ ਮੈਚ' ਚੁਣਿਆ ਗਿਆ। ਬੱਲੇਬਾਜ਼ੀ ਵਿੱਚ ਸਾਈ ਸੁਦਰਸਨ ਨੇ ਇਕ ਵਾਰ ਫਿਰ ਸ਼ਾਨਦਾਰ ਖੇਡ ਦਿਖਾਈ। ਸੁਦਰਸਨ ਨੇ ਦੱਸਿਆ ਕਿ ਪਿਛਲੇ ਮੈਚ ਵਿੱਚ ਬੈਂਗਲੁਰੂ ਵਿਰੁੱਧ ਲਗਾਏ ਸੈਂਕੜੇ ਨੇ ਉਨ੍ਹਾਂ ਦਾ ਆਤਮਵਿਸ਼ਵਾਸ ਕਾਫੀ ਵਧਾਇਆ ਸੀ, ਜਿਸ ਦਾ ਫਾਇਦਾ ਉਨ੍ਹਾਂ ਨੂੰ ਇਸ ਪਾਰੀ ਵਿੱਚ ਮਿਲਿਆ।
ਟਾਸ ਅਤੇ ਪਿੱਚ ਦਾ ਹਾਲ
ਸ਼ੁਭਮਨ ਗਿੱਲ ਨੇ ਮੰਨਿਆ ਕਿ ਟਾਸ ਜਿੱਤਣ ਵੇਲੇ ਉਹ ਕੁਝ ਦੁਚਿੱਤੀ ਵਿੱਚ ਸਨ ਕਿ ਪਹਿਲਾਂ ਗੇਂਦਬਾਜ਼ੀ ਕੀਤੀ ਜਾਵੇ ਜਾਂ ਬੱਲੇਬਾਜ਼ੀ। ਪਰ ਗੇਂਦਬਾਜ਼ਾਂ ਨੇ ਪਾਵਰਪਲੇਅ ਵਿੱਚ ਬਿਹਤਰੀਨ ਗੇਂਦਬਾਜ਼ੀ ਕਰਕੇ ਉਨ੍ਹਾਂ ਦੇ ਫੈਸਲੇ ਨੂੰ ਸਹੀ ਸਾਬਤ ਕਰ ਦਿੱਤਾ। ਸੁਦਰਸਨ ਅਨੁਸਾਰ ਪਹਿਲੇ ਛੇ ਓਵਰ ਬੱਲੇਬਾਜ਼ੀ ਲਈ ਕਾਫੀ ਮੁਸ਼ਕਲ ਸਨ, ਪਰ ਬਾਅਦ ਵਿੱਚ ਪਿੱਚ ਬਿਹਤਰ ਹੋ ਗਈ ਸੀ। ਗਿੱਲ ਨੇ ਵੀ ਸੁਦਰਸਨ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਫਾਰਮ ਵਿੱਚ ਸਨ, ਬਸ ਕ੍ਰੀਜ਼ 'ਤੇ ਸਮਾਂ ਬਿਤਾਉਣ ਦੀ ਲੋੜ ਸੀ।
ਕਰੋੜਾਂ ਦਾ ਫੰਡ, ਲੱਖਾਂ ਦੀਆਂ ਦੁਆਵਾਂ: Manny Singh Kang ਦੀ 'ਮੈਰਾਥਨ ਮੈਡਨੈੱਸ' ਨੇ ਜਿੱਤਿਆ ਦੁਨੀਆ ਦਾ ਦਿਲ
NEXT STORY