ਸਪੋਰਟਸ ਡੈਸਕ- ਯੂਨਾਈਟਿਡ ਸਟੇਟਸ ਟੈਨਿਸ ਐਸੋਸੀਏਸ਼ਨ ਨੇ ਯੂਐਸ ਓਪਨ 2026 ਲਈ ਰਿਕਾਰਡ 108 ਮਿਲੀਅਨ ਡਾਲਰ (ਲਗਭਗ 1,033 ਕਰੋੜ ਰੁਪਏ) ਦੀ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਹੈ, ਜੋ ਗ੍ਰੈਂਡ ਸਲੈਮ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਹੈ। ਇਹ ਇਨਾਮੀ ਰਾਸ਼ੀ ਪਿਛਲੇ ਸਾਲ ਨਾਲੋਂ 20 ਫੀਸਦੀ ਵੱਧ ਹੈ, ਜਿਸ ਵਿੱਚ ਪੁਰਸ਼ ਅਤੇ ਮਹਿਲਾ ਏਕਲ ਦੇ ਜੇਤੂਆਂ ਨੂੰ 52.65 ਕਰੋੜ ਰੁਪਏ ਪ੍ਰਤੀ ਖਿਡਾਰੀ ਅਤੇ ਉੱਪ-ਜੇਤੂਆਂ ਨੂੰ 26.80 ਕਰੋੜ ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ, ਟੂਰਨਾਮੈਂਟ ਦੇ ਮੁੱਖ ਡਰਾਅ ਦੇ ਪਹਿਲੇ ਹੀ ਦੌਰ ਵਿੱਚ ਬਾਹਰ ਹੋਣ ਵਾਲੇ ਖਿਡਾਰੀਆਂ ਨੂੰ ਵੀ ਲਗਭਗ 1.34 ਕਰੋੜ ਰੁਪਏ ਦਿੱਤੇ ਜਾਣਗੇ।
ਖਿਡਾਰੀਆਂ ਦੀਆਂ ਆਰਥਿਕ ਲੋੜਾਂ ਅਤੇ ਰਿਟਾਇਰਮੈਂਟ ਤੋਂ ਬਾਅਦ ਦੀ ਮਦਦ ਲਈ 19.1 ਕਰੋੜ ਰੁਪਏ ਦਾ ਇੱਕ ਨਵਾਂ 'ਪਲੇਅਰ ਸਪੋਰਟ ਪ੍ਰੋਗਰਾਮ ਫੰਡ' ਵੀ ਸ਼ੁਰੂ ਕੀਤਾ ਗਿਆ ਹੈ। ਇਸ ਦੇ ਨਾਲ ਹੀ, ਚਾਰੇ ਗ੍ਰੈਂਡ ਸਲੈਮਾਂ ਨੇ ਮਿਲ ਕੇ 'ਗ੍ਰੈਂਡ ਸਲੈਮ ਪਲੇਅਰਜ਼ ਕੌਂਸਲ' ਬਣਾਉਣ ਦਾ ਫੈਸਲਾ ਕੀਤਾ ਹੈ, ਤਾਂ ਜੋ ਖਿਡਾਰੀ ਖੇਡ ਅਤੇ ਪ੍ਰਸ਼ਾਸਨਿਕ ਮਾਮਲਿਆਂ ਵਿੱਚ ਆਪਣੀ ਆਵਾਜ਼ ਬੁਲੰਦ ਕਰ ਸਕਣ ਅਤੇ ਆਪਣੀ ਰਾਏ ਆਯੋਜਕਾਂ ਦੇ ਸਾਹਮਣੇ ਰੱਖ ਸਕਣ।
ਟੈਨਿਸ ਜਗਤ ਦੇ ਸਿਖਰਲੇ ਖਿਡਾਰੀ ਲੰਬੇ ਸਮੇਂ ਤੋਂ ਗ੍ਰੈਂਡ ਸਲੈਮਾਂ ਦੀ ਕਮਾਈ ਵਿੱਚੋਂ ਆਪਣੇ ਹਿੱਸੇ ਦੀ ਮੰਗ ਕਰ ਰਹੇ ਸਨ ਅਤੇ ਫ੍ਰੈਂਚ ਓਪਨ ਤੇ ਵਿੰਬਲਡਨ ਦੌਰਾਨ ਮੀਡੀਆ ਨਾਲ ਗੱਲਬਾਤ ਸੀਮਤ ਕਰਕੇ ਆਪਣਾ ਰੋਸ ਵੀ ਜ਼ਾਹਰ ਕਰ ਚੁੱਕੇ ਸਨ। ਆਯੋਜਕਾਂ ਨੇ ਇਨਾਮੀ ਰਾਸ਼ੀ ਵਿੱਚ ਰਿਕਾਰਡ ਵਾਧਾ ਕਰਕੇ ਖਿਡਾਰੀਆਂ ਦੀ ਇਸ ਨਾਰਾਜ਼ਗੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਯੂਐਸ ਓਪਨ ਦਾ ਮੁੱਖ ਆਗਾਜ਼ 30 ਅਗਸਤ ਤੋਂ ਹੋਵੇਗਾ, ਜਦੋਂ ਕਿ ਮਿਕਸਡ ਡਬਲਜ਼ ਦੇ ਮੁਕਾਬਲੇ 24 ਅਗਸਤ ਤੋਂ ਖੇਡੇ ਜਾਣਗੇ।
ਸਟਾਰ ਕ੍ਰਿਕਟਰ ਨੇ ਲਿਆ ਸੰਨਿਆਸ, 15 ਸਾਲ ਲੰਬੇ ਕਰੀਅਰ 'ਚ ਹਾਸਲ ਕੀਤੀਆਂ ਕਈ ਉਪਲੱਬਧੀਆਂ
NEXT STORY