ਬੈਂਗਲੁਰੂ– ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੇ ਆਲਰਾਊਂਡਰ ਮੈਕਸਵੈੱਲ ਨੇ ਬੱਲੇਬਾਜ਼ੀ ਵਿਚ ਆਪਣੀ ਖਰਾਬ ਫਾਰਮ ਦੇ ਕਾਰਨ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਤੋਂ ਅਣਮਿੱਥੇ ਸਮੇਂ ਲਈ ‘ਮਾਨਸਿਕ ਤੇ ਸਰੀਰਕ’ ਬ੍ਰੇਕ ਲੈਣ ਦਾ ਫੈਸਲਾ ਕੀਤਾ ਹੈ। ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਸੋਮਵਾਰ ਨੂੰ ਆਰ. ਸੀ. ਬੀ. ਦੇ ਮੈਚ ਲਈ ਮੈਕਸਵੈੱਲ ਨੂੰ ਆਖਰੀ-11 ਵਿਚ ਸ਼ਾਮਲ ਨਹੀਂ ਕੀਤਾ ਗਿਆ ਸੀ। ਇਸ ਦਾ ਕਾਰਨ ਮੁੰਬਈ ਇੰਡੀਅਨਜ਼ ਵਿਰੁੱਧ ਪਿਛਲੇ ਮੈਚ ਦੌਰਾਨ ਲੱਗੀ ਉਂਗਲੀ ਦੀ ਸੱਟ ਦੱਸਿਆ ਗਿਆ ਸੀ ਪਰ ਬਾਅਦ ਵਿਚ ਮੈਕਸਵੈੱਲ ਨੇ ਖੁਦ ਨੂੰ ਟੀਮ ’ਚੋਂ ਬਾਹਰ ਕਰਨ ਦੀ ਗੱਲ ਸਵੀਕਾਰ ਕਰ ਲਈ।
ਮੈਕਸਵੈੱਲ ਨੇ ਕਿਹਾ,‘‘ਇਹ ਕਾਫੀ ਆਸਾਨ ਫੈਸਲਾ ਸੀ । ਮੈਂ ਪਿਛਲੇ ਮੈਚ ਤੋਂ ਬਾਅਦ ਕਪਤਾਨ ਫਾਫ ਡੂ ਪਲੇਸਿਸ ਤੇ ਕੋਚ ਕੋਲ ਗਿਆ ਤੇ ਕਿਹਾ ਕਿ ਸ਼ਾਇਦ ਹੁਣ ਸਮਾਂ ਆ ਗਿਆ ਹੈ ਕਿ ਮੇਰੀ ਜਗ੍ਹਾ ਕਿਸੇ ਹੋਰ ਨੂੰ ਅਜਮਾਇਆ ਜਾਵੇ।’’ ਉਸ ਨੇ ਕਿਹਾ,‘‘ਇਹ ਖੁਦ ਨੂੰ ਥੋੜ੍ਹਾ ਮਾਨਸਿਕ ਤੇ ਸਰੀਰਕ ਤੌਰ ’ਤੇ ਆਰਾਮ ਦੇਣ ਤੋਂ ਇਲਾਵਾ ਆਪਣੇ ਸਰੀਰ ਨੂੰ ਫਿੱਟ ਕਰਨ ਦਾ ਚੰਗਾ ਸਮਾਂ ਹੈ। ਜੇਕਰ ਟੂਰਨਾਮੈਂਟ ਦੌਰਾਨ ਮੈਨੂੰ ਸ਼ਾਮਲ ਕਰਨ ਦੀ ਲੋੜ ਪੈਂਦੀ ਹੈ ਤਾਂ ਉਮੀਦ ਹੈ ਕਿ ਮੈਂ ਮਾਨਸਿਕ ਤੇ ਸਰੀਰਕ ਤੌਰ ’ਤੇ ਮਜ਼ਬੂਤ ਸਥਿਤੀ ਵਿਚ ਵਾਪਸ ਆ ਸਕਦਾ ਹਾਂ ਤੇ ਅਸਰ ਪਾ ਸਕਦਾ ਹਾਂ।’’
ਇਹ ਮੈਕਸਵੈੱਲ ਦੇ ਕਰੀਅਰ ਵਿਚ ਦੂਜੀ ਵਾਰ ਹੋਇਆ ਹੈ ਜਦੋਂ ਇਸ ਆਲਰਾਊਂਡਰ ਨੇ ਖੁਦ ਨੂੰ ਮਾਨਸਿਕ ਤੇ ਸਰੀਰਕ ਫਿਟਨੈੱਸ ਲਈ ਮੁਕਾਬਲੇਬਾਜ਼ੀ ਕ੍ਰਿਕਟ ਵਿਚੋਂ ਬਾਹਰ ਕਰਨ ਦਾ ਫੈਸਲਾ ਕੀਤਾ ਹੈ। ਮੈਕਸਵੈੱਲ ਨੇ ਅਕਤੂਬਰ 2019 ਵਿਚ ਵੀ ਅਜਿਹੀ ਹੀ ਬ੍ਰੇਕ ਲਈ ਸੀ ਤੇ ਤਦ ਉਸ ਨੇ ਕਿਹਾ ਸੀ ਕਿ ਉਸ ਨੂੰ ਮਾਨਸਿਕ ਤੇ ਸਰੀਰਕ ਤੌਰ ’ਤੇ ਆਰਾਮ ਦੀ ਲੋੜ ਹੈ। ਇਸ ਤੋਂ ਕੁਝ ਮਹੀਨੇ ਬਾਅਦ ਇਸ 35 ਸਾਲਾ ਖਿਡਾਰੀ ਨੇ ਵਾਪਸੀ ਕੀਤੀ ਸੀ। ਆਈ. ਪੀ. ਐੱਲ. ਦੇ ਮੌਜੂਦਾ ਸੈਸ਼ਨ ਵਿਚ ਉਹ 6 ਮੈਚਾਂ ਵਿਚ ਬੱਲੇ ਨਾਲ ਕੋਈ ਮਹੱਤਵਪੂਰਨ ਯੋਗਦਾਨ ਨਹੀਂ ਦੇ ਸਕਿਆ ਹੈ। ਉਸ ਨੇ 94 ਦੀ ਸਟ੍ਰਾਈਕ ਰੇਟ ਨਾਲ ਸਿਰਫ 32 ਦੌੜਾਂ ਬਣਾਈਆਂ ਹਨ। ਇਨ੍ਹਾਂ ਵਿਚੋਂ 28 ਦੌੜਾਂ ਤਾਂ ਉਸ ਨੇ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਬਣਾਈਆਂ ਸਨ।
ਆਸਟ੍ਰੇਲੀਆ ਦੀ ਹਮਲਾਵਰ ਸ਼ੈਲੀ ਨਾਲ ਨਜਿੱਠਣ ਲਈ ਬਿਹਤਰ ਪਾਸਿੰਗ ਤੇ ਤਾਲਮੇਲ ਦੀ ਲੋੜ : ਰੁਪਿੰਦਰ
NEXT STORY