ਨਵੀਂ ਦਿੱਲੀ : ਭਾਰਤ ਦੇ ਧਾਕੜ ਸਪਿੰਨਰ ਹਰਭਜਨ ਸਿੰਘ ਦਾ ਮੰਨਣਾ ਹੈ ਕਿ ਵੈਭਵ ਸੂਰਯਵੰਸ਼ੀ ਦਾ ਬੇਖੌਫ ਹਮਲਾਵਰ ਬੱਲੇਬਾਜ਼ੀ ਪ੍ਰਦਰਸ਼ਨ ਕੌਮਾਂਤਰੀ ਕ੍ਰਿਕਟ ’ਚ ਬੇਜੋੜ ਹੈ ਤੇ ਇਸ 15 ਸਾਲਾ ਬੱਲੇਬਾਜ਼ ਨੂੰ ਰੋਕਣ ਲਈ ਕਿਸੇ ਵੀ ਗੇਂਦਬਾਜ਼ ਨੂੰ ਹਮਲਾਵਰ ਰੁਖ਼ ਅਪਣਾਉਣਾ ਪਵੇਗਾ ਕਿਉਂਕਿ ਉਸਨੂੰ ਬੰਨ੍ਹ ਕੇ ਰੱਖਣਾ ਕੋਈ ਬਦਲ ਨਹੀਂ ਹੈ।
ਹਰਭਜਨ ਦਾ ਮੰਨਣਾ ਹੈ ਕਿ ਘੱਟ ਉਮਰ ਤੇ ਸੀਮਤ ਤਜਰਬੇ ਦੇ ਬਾਵਜੂਦ ਸੂਰਯਵੰਸ਼ੀ ਗੇਂਦਬਾਜ਼ ਦੇ ਮਨ ’ਚ ਸ਼ੱਕ ਪੈਦਾ ਕਰਨ ਦੀ ਸਮਰੱਥਾ ਰੱਖਦਾ ਹੈ। ਹਰਭਜਨ ਨੇ ਕਿਹਾ, ‘‘ਵੈਭਵ ਸੂਰਯਵੰਸ਼ੀ ਅਸਾਧਾਰਨ ਹੈ। ਉਹ ਇਕ ਵੱਖਰੀ ਤਰ੍ਹਾਂ ਦਾ ਖਿਡਾਰੀ ਹੈ। ਮੈਂ ਇਸ ਤੋਂ ਪਹਿਲਾਂ ਅਜਿਹਾ ਖਿਡਾਰੀ ਨਹੀਂ ਦੇਖਿਆ ਜਿਹੜਾ 14-15 ਸਾਲ ਦੀ ਉਮਰ ’ਚ ਹੀ ਦੁਨੀਆ ’ਤੇ ਦਬਦਬਾ ਬਣਾ ਸਕਿਆ।’’
ਰਾਜਸਥਾਨ ਰਾਇਲਜ਼ ਵੱਲੋਂ 2025 ’ਚ 14 ਸਾਲ ਦੀ ਉਮਰ ’ਚ ਡੈਬਿਊ ਕਰਨ ਦੇ ਨਾਲ ਹੀ ਸੂਰਯਵੰਸ਼ੀ ਆਈ. ਪੀ. ਐੱਲ. ਇਤਿਹਾਸ ਦਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣਿਆ ਸੀ। ਇਸ ਦੇ ਕੁਝ ਹੀ ਸਮੇਂ ਬਾਅਦ ਉਸ ਨੇ ਗੁਜਰਾਤ ਟਾਈਟਨਜ਼ ਵਿਰੁੱਧ 35 ਗੇਂਦਾਂ ’ਚ ਸੈਂਕੜਾ ਲਾ ਕੇ ਪੁਰਸ਼ ਟੀ-20 ਕ੍ਰਿਕਟ ’ਚ ਸਭ ਤੋਂ ਘੱਟ ਉਮਰ ’ਚ ਸੈਂਕੜਾ ਲਗਾਉਣ ਦਾ ਰਿਕਾਰਡ ਬਣਾਇਆ। ਉਸ ਦਾ ਸ਼ਾਨਦਾਰ ਸਫਰ ਇਸ ਸਾਲ ਵੀ ਜਾਰੀ ਰਿਹਾ ਤੇ ਉਹ 15 ਸਾਲ 99 ਦਿਨ ਦੀ ਉਮਰ ’ਚ ਓਲਡ ਟ੍ਰੈਫਰਡ ’ਚ ਇੰਗਲੈਂਡ ਵਿਰੁੱਧ ਖੇਡ ਕੇ ਭਾਰਤ ਲਈ ਕੌਮਾਂਤਰੀ ਡੈਬਿਊ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣਿਆ।
ਸੂਰਯਵੰਸ਼ੀ ਨੇ ਅੰਡਰ-19 ਵਿਸ਼ਵ ਕੱਪ ਫਾਈਨਲ ’ਚ ਇੰਗਲੈਂਡ ਵਿਰੁੱਧ 80 ਗੇਂਦਾਂ ’ਚ 175 ਦੌੜਾਂ ਦੀ ਪਾਰੀ ਖੇਡੀ ਸੀ ਜਿਹੜਾ ਟੂਰਨਾਮੈਂਟ ਦੇ ਫਾਈਨਲ ਦੇ ਇਤਿਹਾਸ ਦਾ ਬੈਸਟ ਵਿਅਕਤੀਗਤ ਸਕੋਰ ਹੈ। ਉਸ ਨੂੰ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ ਤੇ ਭਾਰਤ ਨੇ ਖਿਤਾਬ ਆਪਣੇ ਨਾਂ ਕੀਤਾ। ਇਸ ਸਾਲ ਦੇ ਆਈ. ਪੀ. ਐੱਲ. ’ਚ ਰਾਜਸਥਾਨ ਰਾਇਲਜ਼ ਦੇ ਇਸ ਨੌਜਵਾਨ ਬੱਲੇਬਾਜ਼ ਨੇ ਦੁਨੀਆ ਦੇ ਚੋਟੀ ਦੇ ਤੇਜ਼ ਗੇਂਦਬਾਜ਼ਾਂ ਜਸਪ੍ਰੀਤ ਬੁਮਰਾਹ ਤੇ ਪੈਟ ਕਮਿੰਸ ਦੀਆਂ ਪਹਿਲੀਆਂ ਹੀ ਗੇਂਦਾਂ ’ਤੇ ਛੱਕੇ ਲਾ ਕੇ ਉਨ੍ਹਾਂ ਦਾ ਸ਼ਾਨਦਾਰ ਅੰਦਾਜ਼ ’ਚ ਸਵਾਗਤ ਕੀਤਾ ਸੀ। ਹਰਭਜਨ ਨੇ ਕਿਹਾ, ‘‘ਜਦੋਂ ਦੁਨੀਆ ਦੇ ਚੋਟੀ ਦੇ ਗੇਂਦਬਾਜ਼ ਉਸਨੂੰ ਗੇਂਦਬਾਜ਼ੀ ਕਰ ਰਹੇ ਹੁੰਦੇ ਹਨ ਤਾਂ ਉਹ ਅਸਲ ’ਚ ਇਹ ਸੋਚ ਰਿਹਾ ਹੁੰਦਾ ਹੈ ਕਿ ਗੇਂਦ ਕਿੱਥੇ ਸੁੱਟਣੀ ਹੈ। ਇਹ ਆਪਣੇ-ਆਪ ’ਚ ਬਹੁਤ ਵੱਡੀ ਗੱਲ ਹੈ।’’
ਸ਼੍ਰੀਲੰਕਾ ਖਿਲਾਫ ਟਾਸ ਜਿੱਤ ਕੇ ਭਾਰਤ ਨੇ ਪਹਿਲਾ ਬੱਲੇਬਾਜ਼ੀ ਕਰਨ ਦਾ ਲਿਆ ਫੈਸਲਾ
NEXT STORY