ਲਾਹੌਰ (ਭਾਸ਼ਾ)– ਪਾਕਿਸਤਾਨ ਨੇ ਬੁੱਧਵਾਰ ਨੂੰ ਇੱਥੇ ਪਹਿਲੇ ਕ੍ਰਿਕਟ ਟੈਸਟ ਵਿਚ 93 ਦੌੜਾਂ ਦੀ ਜਿੱਤ ਦੇ ਨਾਲ ਵਿਸ਼ਵ ਚੈਂਪੀਅਨ ਦੱਖਣੀ ਅਫਰੀਕਾ ਦੇ ਲਗਾਤਾਰ 10 ਮੈਚਾਂ ਵਿਚ ਜਿੱਤ ਦੇ ਕ੍ਰਮ ’ਤੇ ਰੋਕ ਲਾ ਦਿੱਤੀ । ਖੱਬੇ ਹੱਥ ਦੇ ਸਪਿੰਨਰ ਨੋਮਾਨ ਅਲੀ ਨੇ ਸਪਿੰਨ ਦੀ ਅਨੁਕੂਲ ਪਿੱਚ ’ਤੇ ਮੈਚ ’ਚ 191 ਦੌੜਾਂ ਦੇ ਕੇ 10 ਵਿਕਟਾਂ ਲਈਆਂ, ਜਿਸ ਨਾਲ ਦੱਖਣੀ ਅਫਰੀਕਾ ਦੀ ਟੀਮ 277 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਮੈਚ ਦੇ ਚੌਥੇ ਦਿਨ ਲੰਚ ਤੋਂ ਬਾਅਦ 183 ਦੌੜਾਂ ’ਤੇ ਸਿਮਟ ਗਈ।
ਨੋਮਾਨ ਨੇ ਪਿਛਲੇ 5 ਘਰੇਲੂ ਟੈਸਟ ਵਿਚ 46 ਵਿਕਟਾਂ ਲਈਆਂ ਹਨ। ਉਸ ਨੇ ਇੰਗਲੈਂਡ ਵਿਰੁੱਧ 20 ਤੇ ਵੈਸਟਇੰਡੀਜ਼ ਵਿਰੁੱਧ 16 ਵਿਕਟਾਂ ਹਾਸਲ ਕੀਤੀਆਂ। ਪਹਿਲੀ ਪਾਰੀ ਵਿਚ 112 ਦੌੜਾਂ ’ਤੇ 6 ਵਿਕਟਾਂ ਲੈਣ ਵਾਲੇ ਨੋਮਾਨ ਨੇ ਦੂਜੀ ਪਾਰੀ ਵਿਚ 79 ਦੌੜਾਂ ’ਤੇ 4 ਵਿਕਟਾਂ ਲਈਆਂ। ਉਸ ਨੇ ਲਗਾਤਾਰ 28 ਓਵਰ ਗੇਂਦਬਾਜ਼ੀ ਕੀਤੀ। ਸ਼ਾਹੀਨ ਸ਼ਾਹ ਅਫਰੀਦੀ ਨੇ ਹੇਠਲੇ ਕ੍ਰਮ ਨੂੰ ਢਹਿ-ਢੇਰੀ ਕਰਦੇ ਹੋਏ 33 ਦੌੜਾਂ ’ਤੇ 4 ਵਿਕਟਾਂ ਹਾਸਲ ਕੀਤੀਆਂ।
ਦੱਖਣੀ ਅਫਰੀਕਾ ਨੇ ਦਿਨ ਦੀ ਸ਼ੁਰੂਆਤ 2 ਵਿਕਟਾਂ ’ਤੇ 51 ਦੌੜਾਂ ਤੋਂ ਕੀਤੀ। ਪਹਿਲੀ ਪਾਰੀ ਵਿਚ 109 ਦੌੜਾਂ ਨਾਲ ਪਿਛੜਨ ਵਾਲੀ ਮਹਿਮਾਨ ਟੀਮ ਨੂੰ ਦੂਜੀ ਪਾਰੀ ਵਿਚ ਵੀ ਸਪਿੰਨਰਾਂ ਦੇ ਸਾਹਮਣੇ ਜੂਝਣਾ ਪਿਆ। ਅਫਰੀਦੀ ਨੇ ਦਿਨ ਦੀ ਤੀਜੀ ਗੇਂਦ ’ਤੇ ਪਹਿਲੀ ਪਾਰੀ ਵਿਚ ਸੈਂਕੜਾ ਲਾਉਣ ਵਾਲੇ ਟੋਨੀ ਡੀ ਜਾਰਜੀ (16) ਨੂੰ ਐੱਲ. ਬੀ. ਡਬਲਯੂ. ਕੀਤਾ। ਟ੍ਰਿਸਟਨ ਸਟੱਬਸ ਵੀ 2 ਦੌੜਾਂ ਬਣਾਉਣ ਤੋਂ ਬਾਅਦ ਨੋਮਾਨ ਦੀ ਗੇਂਦ ਨੂੰ ਰਿਵਰਸ ਸਵੀਪ ਕਰਨ ਦੀ ਕੋਸ਼ਿਸ਼ ਵਿਚ ਸਲਿੱਪ ਵਿਚ ਸਲਮਾਨ ਅਲੀ ਆਗਾ ਨੂੰ ਕੈਚ ਦੇ ਬੈਠਾ। ਡੇਵਾਲਡ ਬ੍ਰੇਵਿਸ (54) ਤੇ ਰਿਆਨ ਰਿਕਲਟਨ (45) ਨੇ 73 ਦੌੜਾਂ ਜੋੜ ਕੇ ਦੱਖਣੀ ਅਫਰੀਕਾ ਦੀ ਉਮੀਦ ਜਗਾਈ ਪਰ ਲੰਚ ਤੋਂ ਪਹਿਲਾਂ 2 ਵਿਕਟਾਂ ਜਲਦੀ-ਜਲਦੀ ਡਿੱਗਣ ਦੇ ਨਾਲ ਪਾਕਿਸਤਾਨ ਦੀ ਜਿੱਤ ਲੱਗਭਗ ਤੈਅ ਹੋ ਗਈ। ਰਿਕਲਟਨ ਨੂੰ ਸਾਜਿਦ ਖਾਨ ਨੇ ਪੈਵੇਲੀਅਨ ਭੇਜਿਆ ਜਦਕਿ ਬ੍ਰੇਵਿਸ ਨੂੰ ਨੋਮਾਨ ਨੇ ਬੋਲਡ ਕੀਤਾ। ਆਫ ਸਪਿੰਨਰ ਸਾਜਿਦ ਨੇ ਇਸ ਤੋਂ ਬਾਅਦ ਸੇਨੁਰਨ ਮੁਥੂਸਾਮੀ ਨੂੰ ਐੱਲ. ਬੀ. ਡਬਲਯੂ. ਕੀਤਾ ਜਿਸ ਤੋਂ ਬਾਅਦ ਅਫਰੀਦੀ ਨੇ ਹੇਠਲੇ ਕ੍ਰਮ ਨੂੰ ਸਮੇਟਣ ਵਿਚ ਵੱਧ ਸਮਾਂ ਨਹੀਂ ਲਾਇਆ। ਦੋ ਮੈਚਾਂ ਦੀ ਲੜੀ ਦਾ ਦੂਜਾ ਟੈਸਟ ਸੋਮਵਾਰ ਤੋਂ ਰਾਵਲਪਿੰਡੀ ਵਿਚ ਖੇਡਿਆ ਜਾਵੇਗਾ। ਸੱਟ ਕਾਰਨ ਪਹਿਲੇ ਟੈਸਟ ਵਿਚੋਂ ਬਾਹਰ ਰਹੇ ਤਜਰਬੇਕਾਰ ਕੇਸ਼ਵ ਮਹਾਰਾਜ ਦੇ ਦੂਜੇ ਟੈਸਟ ਵਿਚ ਖੇਡਣ ਦੀ ਉਮੀਦ ਹੈ, ਜਿਸ ਨਾਲ ਦੱਖਣੀ ਅਫਰੀਕਾ ਦਾ ਸਪਿੰਨ ਗੇਂਦਬਾਜ਼ੀ ਹਮਲਾ ਮਜ਼ਬੂਤ ਹੋਵੇਗਾ।
ਪੰਜਾਬ ਸਰਕਾਰ ਦਾ ਵੱਡਾ ਤੋਹਫ਼ਾ ਤੇ ਅੰਮ੍ਰਿਤਸਰ ਵਾਪਰੀ ਵੱਡੀ ਘਟਨਾ, ਪੜ੍ਹੋ ਖਾਸ ਖ਼ਬਰਾਂ
NEXT STORY