ਕਰਾਚੀ- ਪਾਕਿਸਤਾਨ ਦੇ ਹਾਕੀ ਖਿਡਾਰੀਆਂ ਦੀ ਆਰਥਿਕ ਪ੍ਰੇਸ਼ਾਨੀ ਜਾਰੀ ਹੈ ਕਿਉਂਕਿ ਉਨ੍ਹਾਂ ਨੂੰ ਪਾਕਿਸਤਾਨ ਹਾਕੀ ਮਹਾਸੰਘ (ਪੀ. ਐੱਚ. ਐੱਫ.) ਵੱਲੋਂ ਅਜੇ ਤੱਕ ਬਕਾਇਆ ਰਾਸ਼ੀ ਨਹੀਂ ਮਿਲੀ ਹੈ। ਇਸ ਸਾਲ ਅਗਸਤ ’ਚ ਨੀਦਰਲੈਂਡ ਤੇ ਬੈਲਜੀਅਮ ’ਚ ਹੋਣ ਵਾਲੇ ਐੱਫ. ਆਈ. ਐੱਚ. ਵਿਸ਼ਵ ਕੱਪ ਤੋਂ ਪਹਿਲਾਂ ਉਨ੍ਹਾਂ ਦੇ ਰੋਜ਼ਾਨਾ ਟ੍ਰੇਨਿੰਗ ਕੈਂਪ ਭੱਤੇ ’ਚ ਵੀ ਕਟੌਤੀ ਕੀਤੀ ਗਈ ਹੈ।
ਰਾਸ਼ਟਰੀ ਮਹਾਸੰਘ (ਪੀ. ਐੱਚ. ਐੱਫ.) ਦੇ ਅੰਤਰਿਮ ਸੰਸਥਾ ਨੇ ਐਲਾਨ ਕੀਤਾ ਕਿ ਰਾਸ਼ਟਰੀ ਟੀਮ ਦੇ ਖਿਡਾਰੀਆਂ ਤੇ ਅਧਿਕਾਰੀਆਂ ਨੂੰ ਹੁਣ ਵਿਦੇਸ਼ੀ ਦੌਰਿਆਂ ’ਤੇ ਰੋਜ਼ਾਨਾ 110 ਡਾਲਰ ਦਾ ਭੱਤਾ ਮਿਲੇਗਾ। ਖਿਡਾਰੀਆਂ ਨੇ ਹਾਲਾਂਕਿ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੇ ਟ੍ਰੇਨਿੰਗ ਕੈਂਪ ਭੱਤੇ ਨੂੰ 11 ਡਾਲਰ (ਲਗਭਗ 3000 ਪਾਕਿਸਤਾਨੀ ਰੁਪਏ) ਤੋਂ ਘਟਾ ਕੇ 3.5 ਡਾਲਰ (ਲਗਭਗ 1000 ਰੁਪਏ) ਕਰ ਦਿੱਤਾ ਗਿਆ ਹੈ।
ਪੀ. ਐੱਚ. ਐੱਫ. ਦੇ ਇਕ ਭਰੋਸੇਯੋਗ ਸੂਤਰ ਮੁਤਾਬਕ ਤਜ਼ਰੇਬਕਾਰ ਖਿਡਾਰੀਆਂ ਨੇ ਪੀ. ਐੱਚ. ਐੱਫ. ਤੋਂ ਟ੍ਰੇਨਿੰਗ ਕੈਂਪ ਦੀ ਮਿਆਦ ਲਈ ਮਿਲਣ ਵਾਲੇ ਭੱਤੇ ਦੀ ਪੁਸ਼ਟੀ ਕਰਨ ਨੂੰ ਕਿਹਾ ਸੀ। ਪਾਕਿਸਤਾਨ ਨੇ ਵੀਰਵਾਰ ਨੂੰ ਬੈਲਜੀਅਮ ਤੇ ਇੰਗਲੈਂਡ ’ਚ ਅਗਲੇ ਮਹੀਨੇ ਹੋਣ ਵਾਲੇ ਐੱਫ. ਆਈ. ਐੱਚ. ਪ੍ਰੋ ਲੀਗ ਮੈਚਾਂ ਲਈ ਆਪਣੀ 20 ਮੈਂਬਰੀ ਟੀਮ ਦਾ ਐਲਾਨ ਕੀਤਾ ਪਰ ਕਪਤਾਨ ਦਾ ਨਾਂ ਨਹੀਂ ਦੱਸਿਆ। ਪੀ. ਐੱਚ. ਐੱਫ. ਦੇ ਇਸ ਰਵੱਈਏ ਤੋਂ ਖਿਡਾਰੀ ਨਾਖੁਸ਼ ਹਨ। ਸ਼ਕੀਲ ਅੰਮਾਦ ਬੱਟ ਪਿਛਲੇ ਸਾਲ ਦੀ ਸ਼ੁਰੂਆਤ ਤੋਂ ਹੀ ਪਾਕਿਸਤਾਨ ਦੀ ਕਪਤਾਨੀ ਕਰ ਰਹੇ ਹਨ।
ਇਕ ਖਿਡਾਰੀ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਕਿਹਾ, ‘‘ਉਸ ਨੇ ਐਲਾਨ ਕੀਤਾ ਹੈ ਕਿ ਸਾਨੂੰ ਵਿਦੇਸ਼ੀ ਦੌਰਿਆਂ ਲਈ 110 ਅਮਰੀਕੀ ਡਾਲਰ ਰੋਜ਼ਾਨਾ ਭੱਤਾ ਮਿਲੇਗਾ, ਜਿਸ ’ਚ ਮਿਸਰ ’ਚ ਖੇਡਿਆ ਗਿਆ ਵਿਸ਼ਵ ਕੱਪ ਕੁਆਲੀਫਾਇੰਗ ਟੂਰਨਾਮੈਂਟ ਵੀ ਸ਼ਾਮਿਲ ਹੈ ਪਰ ਅਸੀਂ ਇਸ ’ਤੇ ਉਦੋਂ ਹੀ ਵਿਸ਼ਵਾਸ ਕਰਾਂਗੇ, ਜਦੋਂ ਸਾਨੂੰ ਇਹ ਰਾਸ਼ੀ ਦਿੱਤੀ ਜਾਵੇਗੀ।’’ ਉਸ ਨੇ ਕਿਹਾ ਕਿ ਪੀ. ਐੱਚ. ਐੱਫ. ਦੇ ਅਧਿਕਾਰੀਆਂ ਨੇ ਪਹਿਲਾਂ ਵੀ ਇਸੇ ਤਰ੍ਹਾਂ ਦੇ ਵਾਅਦੇ ਕੀਤੇ ਸਨ ਪਰ ਉਨ੍ਹਾਂ ਨੂੰ ਕਦੇ ਪੂਰਾ ਨਹੀਂ ਕੀਤਾ।
ਇਕ ਹੋਰ ਖਿਡਾਰੀ ਨੇ ਕਿਹਾ, ‘‘ਅਜੇ ਅਸੀਂ ਸਿਰਫ ਇਹ ਜਾਣਨਾ ਚਾਹੁੰਦੇ ਹਾਂ ਕਿ ਕੀ ਇਹ ਸੱਚ ਹੈ ਕਿ ਉਹ ਸਾਨੂੰ ਕੈਂਪ ਦੀ ਮਿਆਦ ਲਈ ਰੋਜ਼ਾਨਾ ਸਿਰਫ 1000 ਰੁਪਏ ਹੀ ਦੇਣਗੇ। ਇਹ ਰਾਸ਼ੀ ਰਾਸ਼ਟਰੀ ਖਿਡਾਰੀਆਂ ਦਾ ਅਪਮਾਨ ਹੈ।’’
ਐੱਫ. ਆਈ. ਐੱਚ. ਪ੍ਰੋ ਲੀਗ ਦਾ ਤੀਜਾ ਪੜਾਅ 13 ਤੋਂ 27 ਜੂਨ ਤੱਕ ਨਿਰਧਾਰਿਤ ਹੈ, ਜਿਸ ’ਚ ਪਾਕਿਸਤਾਨ ਬੈਲਜੀਅਮ, ਸਪੇਨ, ਇੰਗਲੈਂਡ ਤੇ ਆਪਣੇ ਪੁਰਾਣੇ ਵਿਰੋਧੀ ਭਾਰਤ ਵਿਰੁੱਧ ਖੇਡੇਗਾ। ਇਸ ਤੋਂ ਬਾਅਦ ਪਾਕਿਸਤਾਨ ਐੱਫ. ਆਈ. ਐੱਚ. ਵਿਸ਼ਵ ਕੱਪ ’ਚ ਹਿੱਸਾ ਲਵੇਗਾ।
IPL: ਪੰਜਾਬ ਕਿੰਗਜ਼ ਤੇ ਲਖਨਊ ਦੇ ਮੁਕਾਬਲੇ ਤੋਂ ਪਹਿਲਾਂ ਵੱਡੀ ਖ਼ਬਰ! ਧਾਕੜ ਖਿਡਾਰੀ ਹੋਇਆ ਬਾਹਰ
NEXT STORY