ਨਵੀਂ ਦਿੱਲੀ– ਖੇਡ ਮੰਤਰਾਲਾ ਨੇ ਬੁੱਧਵਾਰ ਨੂੰ ਭਾਰਤੀ ਟੇਬਲ ਟੈਨਿਸ ਮਹਾਸੰਘ (ਟੀ. ਟੀ. ਐੱਫ. ਆਈ.) ਦੀ ਮਾਨਤਾ ਮੁਅੱਤਲ ਕਰ ਦਿੱਤੀ ਤੇ ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਨੂੰ ਖੇਡ ਦੇ ਸੰਚਾਲਨ ਲਈ ਐਡਹਾਕ ਕਮੇਟੀ ਬਣਾਉਣ ਲਈ ਕਿਹਾ ਹੈ। ਮੰਤਰਾਲਾ ਨੇ ਇਹ ਕਦਮ ਟੀ. ਟੀ. ਐੱਫ. ਆਈ. ’ਚ ਪ੍ਰਬੰਧਕੀ ਖਾਮੀਆਂ ਦਾ ਹਵਾਲਾ ਦਿੰਦੇ ਹੋਏ ਚੁੱਕਿਆ। ਮੰਤਰਾਲਾ ਨੇ ਆਪਣੇ ਆਦੇਸ਼ ’ਚ ਕਿਹਾ ਕਿ ਇਸ ਸਾਲ ਦੀ ਸ਼ੁਰੂਆਤ ’ਚ ਜਾਰੀ ਕਾਰਨ ਦੱਸੋ ਨੋਟਿਸ ਦਾ ‘ਸਬਰਯੋਗ ਜਵਾਬ ਨਾ ਮਿਲਣ’ ਤੋਂ ਬਾਅਦ ਸਮੇਂ ਸਿਰ ਚੋਣਾਂ ਨਾ ਕਰਵਾ ਸਕਣਾ ਟੀ. ਟੀ. ਐੱਫ. ਆਈ. ਦੀ ਮਾਨਤਾ ਮੁਅੱਤਲ ਕਰਨ ਦੇ ਕਾਰਨਾਂ ’ਚ ਸ਼ਾਮਲ ਹੈ।
ਮੰਤਰਾਲਾ ਦੇ ਆਦੇਸ਼ ’ਚ ਕਿਹਾ ਗਿਆ, ‘‘ਅੰਤਰਰਾਸ਼ਟਰੀ ਸੰਸਥਾ (ਆਈ. ਟੀ. ਟੀ. ਐੱਫ.) ਦੀ ਸਲਾਹ ਨਾਲ ਇਕ ਅੰਦਰੂਨੀ ਨਿਯਾਮਕ ਪ੍ਰਣਾਲੀ ਬਣਾਉਣ ਲਈ ਆਈ. ਓ. ਏ. ਉਚਿਤ ਕਦਮ ਚੁੱਕੇਗਾ ਜਿਸ ’ਚ ਐਡਹਾਕ ਕਮੇਟੀ ਦਾ ਗਠਨ ਵੀ ਸ਼ਾਮਲ ਹੈ। ਅਜਿਹਾ ਤਦ ਤੱਕ ਰਹੇਗਾ ਜਦੋਂ ਤੱਕ ਟੀ. ਟੀ. ਐੱਫ. ਆਈ. ’ਚ ਵਿਧਾਨਕ ਤੌਰ ’ਤੇ ਗਠਿਤ ਪ੍ਰਬੰਧਕੀ ਢਾਂਚਾ ਬਹਾਲ ਨਹੀਂ ਹੋ ਜਾਂਦਾ।’’
ਟੀ. ਟੀ. ਐੱਫ. ਆਈ. ਦੀ ਮੌਜੂਦਾ ਪ੍ਰਧਾਨ ਮੇਘਨਾ ਅਹਿਲਾਵਤ ਹੈ। ਉਹ ਮਹਾਸੰਘ ਦੀ ਪਹਿਲੀ ਮਹਿਲਾ ਪ੍ਰਧਾਨ ਹੈ ਤੇ ਹਰਿਆਣਾ ਦੇ ਵਿਧਾਇਕ ਦੁਸ਼ਯੰਤ ਚੌਟਾਲਾ ਦੀ ਪਤਨੀ ਵੀ ਹੈ। ਚੌਟਾਲਾ, ਟੀ. ਟੀ. ਐੱਫ. ਆਈ. ਦੇ ਸਾਬਕਾ ਪ੍ਰਧਾਨ ਅਜੇ ਸਿੰਘ ਚੌਟਾਲਾ ਦਾ ਪੁੱਤਰ ਹੈ। ਮੇਘਨਾ ਨੇ ਦਸੰਬਰ 2022 ’ਚ ਅਹੁਦਾ ਸੰਭਾਲਿਆ ਸੀ।
ਇਹ ਸੰਸਥਾ ਪਿਛਲੇ ਕਈ ਮਹੀਨਿਆਂ ਤੋਂ ਉਥਲ-ਪੁਥਲ ਵਿਚੋਂ ਲੰਘ ਰਹੀ ਹੈ। ਉਸ ਨੇ ਜਨਵਰੀ ’ਚ ਵਿੱਤੀ ਬੇਨਿਯਮੀਆਂ ਦਾ ਦੋਸ਼ ਲਾਉਂਦੇ ਹੋਏ ਆਪਣੇ ਜਨਰਲ ਸਕੱਤਰ ਤੇ ਸਾਬਕਾ ਖਿਡਾਰੀ ਕਮਲੇਸ਼ ਮਹਿਤਾ ਨੂੰ ਮੁਅੱਤਲ ਕਰ ਦਿੱਤਾ ਸੀ। ਮਹਿਤਾ ਨੇ ਇਸ ਮਾਮਲੇ ਨੂੰ ਦਿੱਲੀ ਹਾਈ ਕੋਰਟ ’ਚ ਚੁਣੌਤੀ ਦਿੱਤੀ ਜਿਸ ਨੇ ਬਾਅਦ ’ਚ ਉਸ ਦੀ ਮੁਅੱਤਲੀ ਰੱਦ ਕਰ ਦਿੱਤੀ ਸੀ। ਮਹਿਤਾ ਦੀ ਮੁਅੱਤਲੀ ਨੂੰ ਵੱਡੇ ਪੱਧਰ ’ਤੇ ਟੀ. ਟੀ. ਐੱਫ. ਆਈ. ’ਚ ਅੰਦਰੂਨੀ ਸੱਤਾ ਸੰਘਰਸ਼ ਨਾਲ ਜੋੜ ਕੇ ਦੇਖਿਆ ਗਿਆ ਸੀ। ਮਹਾਸੰਘ ਨੇ ਇਸ ਦੋਸ਼ ਤੋਂ ਇਨਕਾਰ ਕਰਦੇ ਹੋਏ ਕਿਹਾ ਸੀ ਕਿ ਇਹ ਫੈਸਲਾ ‘ਪਾਰਦਰਸ਼ਤਾ, ਸਾਂਝੇ ਫੈਸਲੇ ਲੈਣ ਤੇ ਭਾਰਤੀ ਟੇਬਲ ਟੈਨਿਸ ਦੇ ਲੰਬੇ ਸਮੇਂ ਦੇ ਹਿੱਤਾਂ ਦੀ ਰਾਖੀ’ ਲਈ ਲਿਆ ਗਿਆ ਸੀ।
ਪਾਕਿਸਤਾਨ ਦਾ ਜੈਵਲਿਨ ਥ੍ਰੋਅਰ ਨਦੀਮ ਲੁਸਾਨੇ ਡਾਇਮੰਡ ਲੀਗ ਤੋਂ ਹਟਿਆ
NEXT STORY