ਸਪੋਰਟਸ ਡੈਸਕ- ਸ਼੍ਰੀਲੰਕਾ ਕ੍ਰਿਕਟ ਪ੍ਰਸ਼ਾਸਨ ਵਿੱਚ ਇਸ ਸਮੇਂ ਵੱਡਾ ਸਿਆਸੀ ਅਤੇ ਖੇਡ ਵਿਵਾਦ ਖੜ੍ਹਾ ਹੋ ਗਿਆ ਹੈ। ਦੇਸ਼ ਵਿੱਚ ਕ੍ਰਿਕਟ ਦੇ ਲਗਾਤਾਰ ਡਿੱਗ ਰਹੇ ਪ੍ਰਦਰਸ਼ਨ ਅਤੇ ਪ੍ਰਬੰਧਕੀ ਖਾਮੀਆਂ ਦੇ ਮੱਦੇਨਜ਼ਰ, ਸ਼੍ਰੀਲੰਕਾ ਸਰਕਾਰ ਨੇ ਬੋਰਡ ਦੀ ਕਾਰਜਕਾਰੀ ਕਮੇਟੀ ਨੂੰ ਇਸ ਹਫ਼ਤੇ ਦੇ ਅੰਤ ਤੱਕ ਆਪਣੇ ਅਹੁਦੇ ਛੱਡਣ ਦਾ ਸਖ਼ਤ ਨਿਰਦੇਸ਼ ਦਿੱਤਾ ਹੈ।
ਸਰਕਾਰ ਵੱਲੋਂ ਇਹ ਸਖ਼ਤ ਕਦਮ ਬੋਰਡ 'ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ, ਮਾੜੇ ਪ੍ਰਬੰਧਨ ਅਤੇ ਟੀਮ ਦੇ ਨਿਰਾਸ਼ਾਜਨਕ ਨਤੀਜਿਆਂ ਕਾਰਨ ਚੁੱਕਿਆ ਗਿਆ ਹੈ। ਜ਼ਿਕਰਯੋਗ ਹੈ ਕਿ ਟੀ-20 ਵਿਸ਼ਵ ਕੱਪ 2026 ਵਿੱਚ ਘਰੇਲੂ ਹਾਲਾਤਾਂ ਦਾ ਫਾਇਦਾ ਉਠਾਉਣ ਦੇ ਬਾਵਜੂਦ ਸ਼੍ਰੀਲੰਕਾ ਦੀ ਟੀਮ ਸੁਪਰ-8 ਪੜਾਅ ਤੋਂ ਅੱਗੇ ਨਹੀਂ ਵਧ ਸਕੀ ਸੀ, ਜਿਸ ਕਾਰਨ ਪ੍ਰਸ਼ੰਸਕਾਂ ਵਿੱਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ।
ਮੌਜੂਦਾ ਸਮੇਂ ਵਿੱਚ ਬੋਰਡ ਦੀ ਪ੍ਰਧਾਨਗੀ ਸ਼ੰਮੀ ਸਿਲਵਾ ਕਰ ਰਹੇ ਹਨ। ਬੋਰਡ 'ਤੇ ਲੰਬੇ ਸਮੇਂ ਤੋਂ ਖਿਡਾਰੀਆਂ ਨੂੰ ਐਨ.ਓ.ਸੀ. (NOC) ਜਾਰੀ ਕਰਨ ਅਤੇ ਆਈ.ਪੀ.ਐਲ. ਫਿਟਨੈਸ ਰਿਪੋਰਟਾਂ ਨੂੰ ਲੈ ਕੇ ਵੀ ਗੰਭੀਰ ਸਵਾਲ ਉੱਠ ਰਹੇ ਸਨ। ਹਾਲਾਂਕਿ ਵਿਸ਼ਵ ਕੱਪ ਤੋਂ ਬਾਅਦ ਕੋਚ ਸਨਥ ਜਯਾਸੂਰਿਆ ਦੇ ਅਸਤੀਫ਼ੇ ਤੋਂ ਬਾਅਦ ਗੈਰੀ ਕਰਸਟਨ ਨੂੰ ਹੈੱਡ ਕੋਚ ਨਿਯੁਕਤ ਕੀਤਾ ਗਿਆ ਸੀ, ਪਰ ਇਸ ਨਾਲ ਬੋਰਡ 'ਤੇ ਦਬਾਅ ਘੱਟ ਨਹੀਂ ਹੋਇਆ।
ਸ਼੍ਰੀਲੰਕਾ ਦੇ ਖੇਡ ਮੰਤਰੀ ਸੁਨੀਲ ਕੁਮਾਰ ਗਮਾਗੇ ਨੇ ਇਸ ਮਾਮਲੇ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨਾਲ ਚਰਚਾ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਜੈ ਸ਼ਾਹ ਦੀ ਅਗਵਾਈ ਵਾਲੀ ਸੰਸਥਾ ਨੂੰ ਦਖ਼ਲ ਦੇਣ ਦੀ ਅਪੀਲ ਕੀਤੀ ਹੈ ਤਾਂ ਜੋ ਦੇਸ਼ ਵਿੱਚ ਇੱਕ ਅੰਤਰਿਮ ਪ੍ਰਸ਼ਾਸਨ ਦਾ ਗਠਨ ਕੀਤਾ ਜਾ ਸਕੇ। ਸਰਕਾਰ ਦਾ ਮੰਨਣਾ ਹੈ ਕਿ ਸ਼੍ਰੀਲੰਕਾ ਕ੍ਰਿਕਟ ਦੀ ਪੁਰਾਣੀ ਪਛਾਣ ਵਾਪਸ ਲਿਆਉਣ ਲਈ ਬੋਰਡ ਵਿੱਚ ਵੱਡੇ ਬਦਲਾਅ ਬਹੁਤ ਜ਼ਰੂਰੀ ਹਨ।
ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਸ਼੍ਰੀਲੰਕਾ ਕ੍ਰਿਕਟ ਵਿੱਚ ਅਜਿਹੀ ਅਸਥਿਰਤਾ ਦੇਖਣ ਨੂੰ ਮਿਲੀ ਹੋਵੇ। ਸਾਲ 2023 ਵਿੱਚ ਵੀ ਸਿਆਸੀ ਦਖ਼ਲਅੰਦਾਜ਼ੀ ਦੇ ਚਲਦਿਆਂ ICC ਨੇ ਸ਼੍ਰੀਲੰਕਾ ਕ੍ਰਿਕਟ 'ਤੇ ਪਾਬੰਦੀ ਲਗਾ ਦਿੱਤੀ ਸੀ, ਜਿਸ ਨੂੰ ਸਾਲ 2024 ਦੀ ਸ਼ੁਰੂਆਤ ਵਿੱਚ ਹਟਾਇਆ ਗਿਆ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਇੱਕ ਹਫ਼ਤੇ ਦੇ ਅਲਟੀਮੇਟਮ ਤੋਂ ਬਾਅਦ ਬੋਰਡ ਦੇ ਅਧਿਕਾਰੀ ਕੀ ਕਦਮ ਚੁੱਕਦੇ ਹਨ।
IPL 'ਚ ਗੂੰਜਿਆ ਵੈਭਵ ਸੂਰਿਆਵੰਸ਼ੀ ਦਾ ਨਾਮ, ਸਭ ਤੋਂ ਤੇਜ਼ 500 ਦੌੜਾਂ ਬਣਾ ਕੇ ਰਚਿਆ ਇਤਿਹਾਸ
NEXT STORY