ਨਵੀਂ ਦਿੱਲੀ : ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਖੇਡੀ ਜਾਣ ਵਾਲੀ ਵਨਡੇ ਅਤੇ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ, ਪਰ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਨੂੰ ਦੋਵਾਂ ਵਿੱਚੋਂ ਕਿਸੇ ਵੀ ਟੀਮ ਵਿੱਚ ਜਗ੍ਹਾ ਨਹੀਂ ਮਿਲੀ। ਲੰਬੇ ਸਮੇਂ ਤੋਂ ਸੱਟ ਨਾਲ ਜੂਝ ਰਹੇ ਹਾਰਦਿਕ ਦੀ ਇਸ ਸੀਰੀਜ਼ ਰਾਹੀਂ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਵਾਪਸੀ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਰਿਪੋਰਟਾਂ ਅਨੁਸਾਰ, ਉਨ੍ਹਾਂ ਦੀ ਫਿਟਨੈੱਸ ਅਤੇ ਗੇਂਦਬਾਜ਼ੀ ਵਰਕਲੋਡ ਨਾਲ ਜੁੜੀਆਂ ਸਮੱਸਿਆਵਾਂ ਹੀ ਟੀਮ ਤੋਂ ਬਾਹਰ ਰਹਿਣ ਦਾ ਮੁੱਖ ਕਾਰਨ ਬਣੀਆਂ ਹਨ।
ਭਾਰਤੀ ਟੀਮ ਵੈਸਟਇੰਡੀਜ਼ ਖ਼ਿਲਾਫ਼ ਤਿੰਨ ਵਨਡੇ ਅਤੇ ਪੰਜ ਟੀ-20 ਮੈਚਾਂ ਦੀ ਘਰੇਲੂ ਸੀਰੀਜ਼ ਖੇਡੇਗੀ। ਵਨਡੇ ਸੀਰੀਜ਼ ਦੀ ਸ਼ੁਰੂਆਤ 27 ਸਤੰਬਰ ਤੋਂ ਤਿਰੂਵਨੰਤਪੁਰਮ ਵਿੱਚ ਹੋਵੇਗੀ, ਜਦੋਂ ਕਿ ਟੀ-20 ਸੀਰੀਜ਼ 6 ਅਕਤੂਬਰ ਤੋਂ ਲਖਨਊ ਵਿੱਚ ਸ਼ੁਰੂ ਹੋਵੇਗੀ। ਹਾਰਦਿਕ ਆਈ.ਪੀ.ਐੱਲ. 2026 ਤੋਂ ਬਾਅਦ ਤੋਂ ਹੀ ਪ੍ਰਤੀਯੋਗੀ ਕ੍ਰਿਕਟ ਤੋਂ ਦੂਰ ਹਨ। ਵਨਡੇ ਮੈਚਾਂ ਵਿੱਚ ਇੱਕ ਆਲਰਾਊਂਡਰ ਵਜੋਂ ਪੂਰੇ 10 ਓਵਰ ਗੇਂਦਬਾਜ਼ੀ ਕਰਨੀ ਹੁੰਦੀ ਹੈ, ਪਰ ਮੌਜੂਦਾ ਸਮੇਂ ਉਹ ਇੱਕ ਮੈਚ ਵਿੱਚ 6 ਓਵਰਾਂ ਤੋਂ ਵੱਧ ਗੇਂਦਬਾਜ਼ੀ ਕਰਨ ਦੀ ਸਥਿਤੀ ਵਿੱਚ ਨਹੀਂ ਹਨ।
ਚੋਣਕਾਰਾਂ ਦਾ ਮੰਨਣਾ ਹੈ ਕਿ ਰਾਸ਼ਟਰੀ ਟੀਮ ਵਿੱਚ ਵਾਪਸੀ ਤੋਂ ਪਹਿਲਾਂ ਹਾਰਦਿਕ ਨੂੰ ਆਪਣਾ ਪੂਰਾ ਵਰਕਲੋਡ ਸੰਭਾਲਣ ਦੇ ਯੋਗ ਹੋਣਾ ਪਵੇਗਾ। ਇਸੇ ਲਈ ਵੈਸਟਇੰਡੀਜ਼ ਸੀਰੀਜ਼ ਤੋਂ ਬਾਹਰ ਰੱਖ ਕੇ ਉਨ੍ਹਾਂ ਨੂੰ ਅਕਤੂਬਰ ਵਿੱਚ ਆਸਟ੍ਰੇਲੀਆ ਏ ਖ਼ਿਲਾਫ਼ ਹੋਣ ਵਾਲੀ ਵਨਡੇ ਸੀਰੀਜ਼ ਲਈ 'ਭਾਰਤ ਏ' ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਦੌਰੇ ਦੌਰਾਨ ਉਨ੍ਹਾਂ ਦੀ ਫਿਟਨੈੱਸ ਅਤੇ 10 ਓਵਰ ਗੇਂਦਬਾਜ਼ੀ ਕਰਨ ਦੀ ਸਮਰੱਥਾ 'ਤੇ ਬਾਰੀਕੀ ਨਾਲ ਨਜ਼ਰ ਰੱਖੀ ਜਾਵੇਗੀ।
ਇਸ ਸੀਰੀਜ਼ ਲਈ ਵਨਡੇ ਟੀਮ ਦੀ ਕਮਾਨ ਸ਼ੁਭਮਨ ਗਿਲ ਨੂੰ ਸੌਂਪੀ ਗਈ ਹੈ, ਜਿਸ ਵਿੱਚ ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਕੇ.ਐੱਲ. ਰਾਹੁਲ ਵਰਗੇ ਸੀਨੀਅਰ ਖਿਡਾਰੀ ਸ਼ਾਮਲ ਹਨ। ਦੂਜੇ ਪਾਸੇ, ਟੀ-20 ਟੀਮ ਦੀ ਕਪਤਾਨੀ ਸ਼੍ਰੇਅਸ ਅੱਯਰ ਕਰਨਗੇ, ਜਿਸ ਵਿੱਚ ਅਭਿਸ਼ੇਕ ਸ਼ਰਮਾ, ਇਸ਼ਾਨ ਕਿਸ਼ਨ ਅਤੇ ਸੰਜੂ ਸੈਮਸਨ ਵਰਗੇ ਨੌਜਵਾਨ ਖਿਡਾਰੀਆਂ ਨੂੰ ਮੌਕਾ ਦਿੱਤਾ ਗਿਆ ਹੈ। ਫਿਟਨੈੱਸ ਟੈਸਟ 'ਚ ਖਰੇ ਉੱਤਰਨ ਤੋਂ ਬਾਅਦ ਹੀ ਹਾਰਦਿਕ ਦੀ ਭਾਰਤੀ ਟੀਮ 'ਚ ਵਾਪਸੀ 'ਤੇ ਫੈਸਲਾ ਲਿਆ ਜਾਵੇਗਾ।
ਈਰਾਨੀ ਕੱਪ 2026: ਰਿਸ਼ਭ ਪੰਤ ਨੂੰ ਮਿਲੀ 'ਰੈਸਟ ਆਫ਼ ਇੰਡੀਆ' ਦੀ ਕਪਤਾਨੀ
NEXT STORY