ਪੈਰਿਸ- ਖ਼ੂਬਸੂਰਤ ਲਾਈਟ ਸ਼ੋਅ ਅਤੇ ਫਰਾਂਸ ਦੇ ਇਲੈਕਟਰੌਨਿਕ ਸੰਗੀਤ ਦੇ ਨਾਲ ਅੱਜ ਇੱਥੇ ਪੈਰਿਸ ਪੈਰਾਲੰਪਿਕ ਖੇਡਾਂ ਦੀ ਸਮਾਪਤੀ ਹੋ ਗਈ। ਜੀਨ-ਮਿਸ਼ੇਲ ਜੱਰੇ ਨੇ ਸਟੈੱਡ ਡੀ ਫਰਾਂਸ ਵਿੱਚ ਪਾਰਟੀ ਦੀ ਸ਼ੁਰੂਆਤ ਕੀਤੀ। ਉਨ੍ਹਾਂ ਆਪਣੇ ਸੰਗੀਤ ਨਾਲ ਖਿਡਾਰੀਆਂ, ਸਵੈ ਸੇਵਕਾਂ ਅਤੇ ਦਰਸ਼ਕਾਂ ਨੂੰ ਥਿਰਕਨ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦੇ ਅਖ਼ੀਰ ਵਿੱਚ ਲਾਈਟ ਸ਼ੋਅ ਹੋਇਆ ਜਿਸ ਨੂੰ ਦੇਖ ਕੇ ਦਰਸ਼ਕ ਕੀਲੇ ਗਏ।
ਖੇਡਾਂ ਦੇ ਆਖਰੀ ਦਿਨ ਦੋ ਵਿਸ਼ਵ ਰਿਕਾਰਡ ਬਣੇ। ਮੋਰੱਕੋ ਦੀ ਫਾਤਿਮਾ ਐਜ਼ਾਹਰਾ ਐੱਲ ਇਦਰਿਸੀ ਨੇ ਨੇਤਰਹੀਣ ਦੌੜਾਕਾਂ ਲਈ ਮਹਿਲਾ ਮੈਰਾਥਨ ਵਿੱਚ ਨਵਾਂ ਵਿਸ਼ਵ ਰਿਕਾਰਡ ਬਣਾਇਆ ਜਦਕਿ ਨਾਇਜੀਰੀਆ ਦੀ ਫੋਲਾਸ਼ੇਡ ਓਲੂਵਾਫੇਮਿਆਓ ਨੇ ਮਹਿਲਾ ਪੈਰਾ ਪਾਵਰਲਿਫਟਿੰਗ ਵਿੱਚ ਆਪਣਾ ਹੀ ਵਿਸ਼ਵ ਰਿਕਾਰਡ ਤੋੜਿਆ। ਇਨ੍ਹਾਂ ਖੇਡਾਂ ਵਿੱਚ ਕੁੱਲ 220 ਤਗ਼ਮਿਆਂ ਨਾਲ ਚੀਨ ਦਾ ਦਬਦਬਾ ਰਿਹਾ ਜਦਕਿ ਭਾਰਤ ਨੇ ਵੀ ਰਿਕਾਰਡ 29 ਤਗ਼ਮੇ ਜਿੱਤੇ। ਭਾਰਤ ਨੇ ਸੱਤ ਸੋਨ, ਨੌਂ ਚਾਂਦੀ ਅਤੇ 13 ਕਾਂਸੀ ਤਗ਼ਮਿਆਂ ਦੇ ਰਿਕਾਰਡ ਨਾਲ ਪੈਰਿਸ ਪੈਰਾਲੰਪਿਕ ਖੇਡਾਂ ਦੀ ਸਮਾਪਤੀ ਕੀਤੀ ਅਤੇ ਤਗ਼ਮਾ ਸੂਚੀ ਵਿੱਚ 18ਵੇਂ ਸਥਾਨ ’ਤੇ ਰਿਹਾ।
ਸਚਿਨ ਦੇ ਪੁੱਤਰ ਬਾਰੇ ਇਹ ਕੀ ਬੋਲ ਗਏ ਯੋਗਰਾਜ ਸਿੰਘ, ਇੰਟਰਨੈੱਟ 'ਤੇ ਮੱਚੀ ਤਰਥੱਲੀ
NEXT STORY