ਨਵੀਂ ਦਿੱਲੀ- ਸਾਬਕਾ ਕਪਤਾਨ ਰੋਹਿਤ ਸ਼ਰਮਾ ਦੇ ਭਵਿੱਖ ਨੂੰ ਲੈ ਕੇ ਚੱਲ ਰਿਹਾ ਵਿਵਾਦ ਅਤੇ ‘ਸੈਂਟਰ ਆਫ ਐਕਸੀਲੈਂਸ’ (ਸੀ. ਓ. ਈ.) ਦੇ ਮੁਖੀ ਵੀ. ਵੀ. ਐੱਸ. ਲਕਸ਼ਮਣ ਦੇ ਨਾਲ ਵਧਦੇ ਮਤਭੇਦ ਇਕ ਦੋਸਤਾਨਾ ਵਿਸ਼ਵ ਕੱਪ 2027 ਤੋਂ ਪਹਿਲਾਂ ਸੀਨੀਅਰ ਚੋਣ ਕਮੇਟੀ ਦੇ ਮੁਖੀ ਅਜੀਤ ਅਗਰਕਰ ਤੇ ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਵਿਚਾਲੇ ਰਿਸ਼ਤੇ ਟੁੱਟਣ ਦੀ ਪ੍ਰਮੁੱਖ ਵਜ੍ਹਾ ਬਣੇ।
ਅਗਰਕਰ ਦੇ ਜਾਣ ਦੀ ਕਹਾਣੀ ਉਸ ਸਮੇਂ ਲੱਗਭਗ ਲਿਖੀ ਜਾ ਚੁੱਕੀ ਸੀ, ਜਦੋਂ ਇੰਗਲੈਂਡ ਵਿਰੁੱਧ ਵਨ ਡੇ ਸੀਰੀਜ਼ ’ਚ ਭਾਰਤ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਦੀ ਸਮੀਖਿਆ ਲਈ ਮੁੰਬਈ ’ਚ ਬੁਲਾਈ ਗਈ ਅਹਿਮ ਮੀਟਿੰਗ ਤੋਂ ਉਸ ਨੇ ਦੂਰੀ ਬਣਾਈ ਸੀ। ਬੀ. ਸੀ. ਸੀ. ਆਈ. ਸਕੱਤਰ ਦੇਵਜੀਤ ਸੈਕੀਆ ਨੇ ਭਾਵੇਂ ਹੀ ਉਸ ਦਾ ਬਚਾਅ ਕੀਤਾ ਸੀ ਪਰ ਬੋਰਡ ਦੇ ਅੰਦਰ ਇਕ ਵਰਗ ਦਾ ਮੰਨਣਾ ਸੀ ਕਿ ਇੰਨੀ ਮਹੱਤਵਪੂਰਨ ਮੀਟਿੰਗ ’ਚ ਚੋਣ ਕਮੇਟੀ ਦੇ ਪ੍ਰਧਾਨ ਦੀ ਮੌਜੂਦਗੀ ਜ਼ਰੂਰੀ ਸੀ।
ਅਗਰਕਰ ਵਿਸ਼ਵ ਕੱਪ ਤੱਕ ਅਹੁਦੇ ’ਤੇ ਬਣੇ ਰਹਿਣ ਦਾ ਇੱਛੁਕ ਸੀ ਪਰ ਪਿਛਲੇ ਇਕ ਮਹੀਨੇ ’ਚ ਬੀ. ਸੀ. ਸੀ. ਆਈ. ਵੱਲੋਂ ਲਗਾਤਾਰ ਅਜਿਹੇ ਸੰਕੇਤ ਮਿਲ ਰਹੇ ਸਨ ਕਿ ਬੋਰਡ ਹੁਣ ਚੋਣ ਕਮੇਟੀ ’ਚ ਨਵੇਂ ਚਿਹਰੇ ਦੀ ਭਾਲ ਕਰ ਰਿਹਾ ਹੈ। ਆਮ ਤੌਰ ’ਤੇ ਬੋਰਡ ਅਜਿਹੇ ਚੋਣਕਾਰ ਨੂੰ ਇੰਨੀ ਆਸਾਨੀ ਨਾਲ ਨਹੀਂ ਹਟਾਉਂਦਾ, ਜਿਸ ਦੀ ਅਗਵਾਈ ਵਾਲੀ ਕਮੇਟੀ ਨੇ ਪਿਛਲੇ 3 ਸਾਲਾਂ ’ਚ ਸੀਮਤ ਓਵਰਾਂ ਦੇ 4 ਆਈ. ਸੀ. ਸੀ. ਟੂਰਨਾਮੈਂਟਾਂ ਦੇ ਫਾਈਨਲ ’ਚ ਪਹੁੰਚਣ ਵਾਲੀਆਂ ਟੀਮਾਂ ਚੁਣੀਆਂ ਹੋਣ ਤੇ ਉਨ੍ਹਾਂ ’ਚੋਂ 3 ’ਚ ਖਿਤਾਬ ਵੀ ਜਿੱਤੇ ਹੋਣ। ਭਾਰਤ ਨੇ ਇਸ ਦੌਰਾਨ 2 ਟੀ-20 ਵਿਸ਼ਵ ਕੱਪ ਅਤੇ ਇਕ ਚੈਂਪੀਅਨਜ਼ ਟਰਾਫੀ ਆਪਣੇ ਨਾਂ ਕੀਤੀ ਹੈ।
ਅਗਰਕਰ ਤੇ ਬੀ. ਸੀ. ਸੀ. ਆਈ. ਵਿਚਾਲੇ ਰਿਸ਼ਤਿਆਂ ’ਚ ਅਸਲੀ ਦਰਾੜ ਰੋਹਿਤ ਸ਼ਰਮਾ ਦੇ ਭਵਿੱਖ ਨੂੰ ਲੈ ਕੇ ਪੈਦਾ ਹੋਈ। ਇੰਗਲੈਂਡ ਵਿਰੁੱਧ ਵਨ ਡੇ ਲੜੀ ਤੋਂ ਠੀਕ ਪਹਿਲਾਂ ਤਤਕਾਲੀ ਚੋਣ ਕਮੇਟੀ ਨੇ ਟੀਮ ਮੈਨੇਜਮੈਂਟ ਅਤੇ ਬੀ. ਸੀ. ਸੀ. ਆਈ. ਦੇ ਚੋਟੀ ਦੇ ਅਹੁਦੇਦਾਰਾਂ ਨਾਲ ਮਿਲ ਕੇ ਲਾਰਡਜ਼ ਵਨ ਡੇ ਤੋਂ ਬਾਅਦ ਰੋਹਿਤ ਨੂੰ ਵਨ ਡੇ ਟੀਮ ਤੋਂ ਅੱਗੇ ਵਧਣ ਦਾ ਸੰਕੇਤ ਦੇਣ ਦਾ ਫੈਸਲਾ ਕੀਤਾ ਸੀ। ਇਹ ਫੈਸਲਾ ਸਾਂਝਾ ਸੀ ਅਤੇ ਰੋਹਿਤ ਤੱਕ ਗੱਲ ਪਹੁੰਚਾਉਣ ਦੀ ਜ਼ਿੰਮੇਵਾਰੀ ਦੱਖਣ ਖੇਤਰ ਦੇ ਚੋਣਕਾਰ ਪ੍ਰਗਿਆਨ ਓਝਾ ਨੂੰ ਦਿੱਤੀ ਗਈ, ਜੋ ਰੋਹਿਤ ਦੇ ਕਰੀਬੀ ਦੋਸਤਾਂ ’ਚੋਂ ਮੰਨਿਆ ਜਾਂਦਾ ਹੈ।
ਰੋਹਿਤ 2027 ਵਨ ਡੇ ਵਿਸ਼ਵ ਕੱਪ ਖੇਡਣਾ ਚਾਹੁੰਦਾ ਹੈ ਤੇ ਉਸ ਨੂੰ ਇਹ ਸੰਦੇਸ਼ ਪਸੰਦ ਨਹੀਂ ਆਇਆ। ਉਸ ਨੇ ਇਕ ਪ੍ਰਭਾਵਸ਼ਾਲੀ ਬੋਰਡ ਅਹੁਦੇਦਾਰ ਨਾਲ ਗੱਲ ਕਰਕੇ ਚੋਣ ਕਮੇਟੀ ਦੇ ਪ੍ਰਧਾਨ ਦੇ ਰਵੱਈਏ ’ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ। ਮਾਮਲਾ ਤਦ ਹੋਰ ਪੇਚੀਦਾ ਹੋ ਗਿਆ, ਜਦੋਂ ਬੀ. ਸੀ. ਸੀ. ਆਈ. ਨੇ ਲਾਰਡਜ਼ ਵਨ ਡੇ ਤੋਂ ਬਾਅਦ ਰੋਹਿਤ ਦੇ ਸੰਨਿਆਸ ਦੀਆਂ ਅਟਕਲਾਂ ਨੂੰ ਖਾਰਜ ਕਰਦੇ ਹੋਏ ਜਨਤਕ ਬਿਆਨ ਜਾਰੀ ਕਰ ਦਿੱਤਾ।
ਅਗਰਕਰ ਦੇ ਕਰੀਬੀ ਲੋਕਾਂ ਮੁਤਾਬਕ, ਉਹ ਇਸ ਘਟਨਾਕ੍ਰਮ ਤੋਂ ਦੁਖੀ ਤੇ ਨਾਰਾਜ਼ ਸੀ। ਬੀ. ਸੀ. ਸੀ. ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਅਗਰਕਰ ਨੂੰ ਇਸ ਬਿਆਨ ਦੀ ਪਹਿਲਾਂ ਤੋਂ ਜਾਣਕਾਰੀ ਤੱਕ ਨਹੀਂ ਸੀ। ਬੋਰਡ ਚਾਹੁੰਦਾ ਸੀ ਕਿ ਰੋਹਿਤ ਦੇ ਭਵਿੱਖ ’ਤੇ ਫੈਸਲਾ ਲੈਣ ’ਚ ਜਲਦਬਾਜ਼ੀ ਨਾ ਕੀਤੀ ਜਾਵੇ।
Asian Games 'ਚ ਪਹਿਲੇ ਹੀ ਦਿਨ ਛਾ ਗਈਆਂ ਭਾਰਤ ਦੀਆਂ ਧੀਆਂ ! ਸਿਲਵਰ ਮੈਡਲ 'ਤੇ ਵਿੰਨ੍ਹਿਆ ਨਿਸ਼ਾਨਾ
NEXT STORY