ਇਕ ਸਮਾਂ ਸੀ ਜਦੋਂ ਕਿਹਾ ਜਾਂਦਾ ਸੀ ਕਿ ਪੰਜਾਬ ’ਚ ਦੁੱਧ ਤੇ ਘਿਓ ਦੀਆਂ ਨਦੀਆਂ ਵਗਦੀਆਂ ਹਨ ਪਰ ਸਮਾਂ ਬਦਲਣ ਦੇ ਨਾਲ ਇਹ ਕਿਹਾ ਜਾਣ ਲੱਗਾ ਕਿ ਪੰਜਾਬ ’ਚ ਨਸ਼ੇ ਦਾ ਛੇਵਾਂ ਦਰਿਆ ਵਗਣ ਲੱਗਾ ਹੈ। ਹੁਣ ਹਾਲਾਤ ਉਸ ਮੁਕਾਮ ’ਤੇ ਪਹੁੰਚ ਗਏ ਹਨ ਕਿ ਪੰਜਾਬ ਨਸ਼ੇ ਦੀ ਦਲਦਲ ’ਚ ਡੁੱਬਦਾ ਜਾ ਰਿਹਾ ਹੈ ਪਰ ਪੰਜਾਬ ਲਈ ਚੁਣੌਤੀ ਸਿਰਫ਼ ਨਸ਼ਾ ਨਹੀਂ ਸਗੋਂ ਨਸ਼ਾ ਉਸ ਵਿਆਪਕ ਸੰਕਟ ਦੀ ਇਕ ਕੜੀ ਹੈ, ਜੋ ਪੰਜਾਬ ’ਚ ਪਰਿਵਾਰ, ਸਮਾਜ, ਕਾਨੂੰਨ-ਵਿਵਸਥਾ, ਸਿੱਖਿਆ, ਰੋਜ਼ਗਾਰ ਤੇ ਪੰਜਾਬ ਦੇ ਭਵਿੱਖ ਦੇ ਸਾਹਮਣੇ ਮੂੰਹ ਖੋਲ੍ਹ ਕੇ ਖੜ੍ਹਾ ਹੈ।
ਪੰਜਾਬ ਦਾ ਦਰਦ ਸਮਝਣ ਦੀ ਲੋੜ
ਪੰਜਾਬ ਦਾ ਦਰਦ ਕਿਵੇਂ ਸਮਝਿਆ ਜਾਵੇ, ਪੰਜਾਬ ਦਾ ਭਵਿੱਖ ਕਿਵੇਂ ਸੁਰੱਖਿਅਤ ਕੀਤਾ ਜਾਵੇ ਅਤੇ ਨਸ਼ਿਆਂ ਵਿਰੁੱਧ ਲੜਾਈ ਕਿੱਥੋਂ ਸ਼ੁਰੂ ਕੀਤੀ ਜਾਵੇ—ਇਸੇ ਵਿਚਾਰ ਨਾਲ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਸੰਕਲਪ ਸਾਹਮਣੇ ਆਇਆ ਹੈ। ਕਿਉਂਕਿ ਨਸ਼ਾ ਕਦੇ ਵੀ ਸਿਰਫ ਉਸ ਵਿਅਕਤੀ ਦੀ ਸਮੱਸਿਆ ਨਹੀਂ ਹੁੰਦਾ, ਜੋ ਇਸ ਦੀ ਲਪੇਟ ’ਚ ਆਉਂਦਾ ਹੈ। ਜਦੋਂ ਕਿਸੇ ਪਰਿਵਾਰ ਦਾ ਪੁੱਤਰ ਨਸ਼ੇ ਦੀ ਜਕੜ ’ਚ ਆਉਂਦਾ ਹੈ ਤਾਂ ਸਭ ਤੋਂ ਵੱਧ ਦਰਦ ਮਾਂ, ਬਾਪ, ਪਤਨੀ, ਭੈਣ ਤੇ ਪੂਰੇ ਪਰਿਵਾਰ ਨੂੰ ਸਹਿਣਾ ਪੈਂਦਾ ਹੈ। ਇਸ ਨਾਲ ਘਰ ਦੀ ਆਰਥਿਕਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ ਤੇ ਜ਼ਮੀਨ-ਜਾਇਦਾਦ ਤੇ ਘਰ-ਬਾਰ ਤੱਕ ਵਿਕ ਜਾਂਦੇ ਹਨ।
ਨਸ਼ੇ ਦਾ ਆਦੀ ਵਿਅਕਤੀ ਘਰ ਦਾ ਸਾਮਾਨ ਵੇਚਣ, ਚੋਰੀ ਕਰਨ ਤੇ ਹੋਰ ਅਪਰਾਧਾਂ ’ਚ ਸ਼ਾਮਲ ਹੋਣ ਲੱਗਦਾ ਹੈ। ਹੌਲੀ-ਹੌਲੀ ਇਕ ਵਿਅਕਤੀ ਦੀ ਸਮੱਸਿਆ ਪਰਿਵਾਰਕ ਸੰਕਟ ’ਚ ਬਦਲ ਕੇ ਪੂਰੇ ਸਮਾਜ ਲਈ ਆਰਥਿਕ ਅਤੇ ਕਾਨੂੰਨ-ਵਿਵਸਥਾ ਦੀ ਚੁਣੌਤੀ ਖੜ੍ਹੀ ਕਰ ਦਿੰਦੀ ਹੈ। ਇਸ ਲਈ ਜਦੋਂ ਅਸੀਂ ਨਸ਼ੇ ਦੇ ਸੰਕਟ ਨਾਲ ਲੜਨ ਦੀ ਗੱਲ ਕਰਦੇ ਹਾਂ ਤਾਂ ਇਹ ਸਿਰਫ ਨਸ਼ਾ ਰੋਕਣ ਤੱਕ ਸੀਮਤ ਨਹੀਂ ਹੈ, ਸਗੋਂ ਇਕ ਵੱਡੀ ਅਤੇ ਵਿਆਪਕ ਲੜਾਈ ਲੜਨ ਦੀ ਗੱਲ ਹੈ।
ਲੜਾਈ ਨਸ਼ੇ ਤੋਂ ਅੱਗੇ ਦੀ
ਅਸਲ ’ਚ ਨਸ਼ਾ ਇਕ ਵਿਅਕਤੀ ਤੋਂ ਸ਼ੁਰੂ ਹੁੰਦਾ ਹੈ, ਜੋ ਅੱਗੇ ਚੱਲ ਕੇ ਪਰਿਵਾਰ ਤੇ ਸਮਾਜ ਦਾ ਸੰਕਟ ਬਣ ਜਾਂਦਾ ਹੈ। ਇਹ ਸਮਾਜ ਦੀ ਆਰਥਿਕਤਾ ਨੂੰ ਝੰਜੋੜਦਾ ਹੈ ਤੇ ਅਪਰਾਧ ਦਾ ਕਾਰਨ ਬਣਦਾ ਹੈ, ਜਿਸ ਨਾਲ ਕਾਨੂੰਨ-ਵਿਵਸਥਾ ਦੀ ਸਮੱਸਿਆ ਪੈਦਾ ਹੁੰਦੀ ਹੈ। ਜਦੋਂ ਕਿਸੇ ਸਮਾਜ ਜਾਂ ਸੂਬੇ ’ਚ ਹਾਲਾਤ ਖ਼ਰਾਬ ਰਹਿੰਦੇ ਹਨ ਤਾਂ ਇਸ ਦਾ ਸਿੱਧਾ ਅਸਰ ਨਿਵੇਸ਼ ਅਤੇ ਉਦਯੋਗ ’ਤੇ ਪੈਂਦਾ ਹੈ। ਅੰਤ ’ਚ ਰੋਜ਼ਗਾਰ ਦਾ ਸੰਕਟ ਪੈਦਾ ਹੁੰਦਾ ਹੈ। ਇਹ ਸਾਰੀਆਂ ਕੜੀਆਂ ਇਕ-ਦੂਜੇ ਨਾਲ ਜੁੜੀਆਂ ਹੋਈਆਂ ਹਨ।
ਇਸ ਲਈ ਜੇ ਪੰਜਾਬ ਦੇ ਹਾਲਾਤ ਠੀਕ ਨਹੀਂ ਹਨ ਅਤੇ ਕਾਨੂੰਨ-ਵਿਵਸਥਾ ਦੀ ਸਥਿਤੀ ਠੀਕ ਨਹੀਂ ਹੈ ਤਾਂ ਇੱਥੇ ਨਿਵੇਸ਼ ਕਿਵੇਂ ਆਵੇਗਾ? ਉਦਯੋਗ ਕਿਵੇਂ ਸਥਾਪਤ ਹੋਣਗੇ ਤੇ ਨੌਜਵਾਨਾਂ ਲਈ ਨਵੇਂ ਰੋਜ਼ਗਾਰ ਦੇ ਮੌਕੇ ਕਿੱਥੋਂ ਪੈਦਾ ਹੋਣਗੇ? ਇਸੇ ਕਾਰਨ ਨਸ਼ਾ ਸਿਰਫ ਨਸ਼ੇ ਦੀ ਸਮੱਸਿਆ ਤੱਕ ਸੀਮਤ ਨਹੀਂ ਹੈ ਸਗੋਂ ਇਹ ਸਮਾਜਿਕ, ਆਰਥਿਕ ਅਤੇ ਕਾਨੂੰਨ-ਵਿਵਸਥਾ ਦਾ ਵੀ ਮੁੱਦਾ ਹੈ।
ਪੰਜਾਬ ਦੀ ਨੌਜਵਾਨੀ ਦਾ ਸਵਾਲ
ਪੰਜਾਬ ’ਚ ਨਸ਼ੇ ਕਾਰਨ ਜਿਸ ਤਰ੍ਹਾਂ ਨੌਜਵਾਨੀ ਤਬਾਹੀ ਦੇ ਰਾਹ ਵੱਲ ਵਧ ਰਹੀ ਹੈ, ਉਸ ਨਾਲ ਮਾਪਿਆਂ ਲਈ ਆਪਣੇ ਬੱਚਿਆਂ ਦਾ ਭਵਿੱਖ ਖ਼ਤਰੇ ’ਚ ਨਜ਼ਰ ਆਉਣ ਲੱਗਾ ਹੈ। ਇਹੋ ਕਾਰਨ ਹੈ ਕਿ ਜਿਸ ਵੀ ਵਿਅਕਤੀ ਨੂੰ ਆਰਥਿਕ ਰੂਪ ’ਚ ਥੋੜ੍ਹੀ ਰਾਹਤ ਮਿਲ ਰਹੀ ਹੈ, ਉਹ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਰਿਹਾ ਹੈ। ਪੰਜਾਬ ਦੀ ਨੌਜਵਾਨ ਪੀੜ੍ਹੀ ਵਿਦੇਸ਼ਾਂ ’ਚ ਮਜ਼ਦੂਰੀ ਕਰਨ ਲਈ ਮਜਬੂਰ ਹੋ ਰਹੀ ਹੈ।
ਇਸ ਦਾ ਅਸਰ ਪੰਜਾਬ ਦੇ ਸਿੱਖਿਆ ਢਾਂਚੇ ’ਤੇ ਵੀ ਪੈ ਰਿਹਾ ਹੈ। ਸਕੂਲਾਂ ਅਤੇ ਕਾਲਜਾਂ ’ਚ ਵਿਦਿਆਰਥੀਆਂ ਦੀ ਗਿਣਤੀ ਘਟਣ ਨਾਲ ਨਿੱਜੀ ਅਦਾਰਿਆਂ ਦੀ ਆਰਥਿਕਤਾ ਪ੍ਰਭਾਵਿਤ ਹੁੰਦੀ ਹੈ। ਇਸ ਤੋਂ ਵੱਡਾ ਨੁਕਸਾਨ ਕੀ ਹੈ ਜਦੋਂ ਇਕ ਨੌਜਵਾਨ ਪੰਜਾਬ ਤੋਂ ਬਾਹਰ ਜਾਂਦਾ ਹੈ ਤਾਂ ਸਿਰਫ਼ ਇਕ ਵਿਦਿਆਰਥੀ ਨਹੀਂ ਜਾਂਦਾ, ਪੰਜਾਬ ਦੀ ਭਵਿੱਖ ਦੀ ਪ੍ਰਤਿਭਾ ਵੀ ਬਾਹਰ ਚਲੀ ਜਾਂਦੀ ਹੈ। ਸਾਨੂੰ ਇਹ ਸੋਚਣਾ ਹੋਵੇਗਾ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕੀ ਦੇ ਕੇ ਜਾਵਾਂਗੇ?
ਭਾਜਪਾ ਦਾ ਸੰਕਲਪ : ਸਮੱਸਿਆ ਨੂੰ ਆਪਣੀ ਜ਼ਿੰਮੇਵਾਰੀ ਮੰਨਣਾ
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਲੋਕਾਂ ਨੂੰ ਇਹ ਨਹੀਂ ਕਹਿੰਦੀ ਕਿ ਉਹ ਆਪਣੀਆਂ ਸਮੱਸਿਆਵਾਂ ਨਾਲ ਖ਼ੁਦ ਲੜਨ। ਸਾਡਾ ਸਪੱਸ਼ਟ ਸੁਨੇਹਾ ਹੈ ਕਿ ਅਸੀਂ ਤੁਹਾਡੀ ਸਮੱਸਿਆ ਨੂੰ ਆਪਣੀ ਜ਼ਿੰਮੇਵਾਰੀ ਮੰਨਦੇ ਹਾਂ।
ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਭਾਜਪਾ ਸਰਕਾਰਾਂ ਨੇ ਔਖੇ ਹਾਲਾਤ ’ਚ ਕਾਨੂੰਨ-ਵਿਵਸਥਾ, ਵਿਕਾਸ ਅਤੇ ਸੁਸ਼ਾਸਨ ਦੇ ਖੇਤਰ ’ਚ ਤਬਦੀਲੀ ਕਰਨ ਦਾ ਕੰਮ ਕੀਤਾ ਹੈ। ਉੱਤਰ ਪ੍ਰਦੇਸ਼ ਤੇ ਬਿਹਾਰ ’ਚ ਤਬਦੀਲੀ , ਅਾਸਾਮ ਅਤੇ ਉੱਤਰ-ਪੂਰਬ ’ਚ ਸ਼ਾਂਤੀ ਅਤੇ ਵਿਕਾਸ ਦੀ ਦਿਸ਼ਾ ’ਚ ਕੰਮ, ਜੰਮੂ-ਕਸ਼ਮੀਰ ’ਚ ਵਿਕਾਸ ਅਤੇ ਆਮ ਸਥਿਤੀ ਨੂੰ ਮਜ਼ਬੂਤ ਕਰਨ ਦੇ ਯਤਨ ਅਤੇ ਨਕਸਲਵਾਦ ਵਿਰੁੱਧ ਕਾਰਵਾਈ-ਇਹ ਤਜਰਬੇ ਸਾਡੇ ਸਾਹਮਣੇ ਹਨ।
ਹੁਣ ਪੰਜਾਬ ਦੀ ਵਾਰੀ ਹੈ
ਪੰਜਾਬ ’ਚ ਤਬਦੀਲੀ ਸਿਰਫ਼ ਨਾਅਰਿਆਂ ਨਾਲ ਨਹੀਂ ਆਵੇਗੀ। ਇਸ ਲਈ ਦ੍ਰਿੜ੍ਹ ਇੱਛਾ-ਸ਼ਕਤੀ, ਪ੍ਰਭਾਵਸ਼ਾਲੀ ਕਾਨੂੰਨ-ਵਿਵਸਥਾ, ਨੌਜਵਾਨਾਂ ਲਈ ਮੁੜ-ਵਸੇਬਾ ਤੇ ਰੋਜ਼ਗਾਰ, ਬਿਹਤਰ ਸਿੱਖਿਆ ਤੇ ਉਦਯੋਗ ਤੇ ਨਿਵੇਸ਼ ਲਈ ਸੁਰੱਖਿਅਤ ਮਾਹੌਲ ਦੀ ਲੋੜ ਹੈ।
ਇਹ ਸਿਰਫ਼ ਭਾਜਪਾ ਦੀ ਲੜਾਈ ਨਹੀਂ
ਨਸ਼ਿਆਂ ਵਿਰੁੱਧ ਲੜਾਈ ਸਿਰਫ ਕਿਸੇ ਇਕ ਪਾਰਟੀ ਜਾਂ ਸਰਕਾਰ ਦੀ ਨਹੀਂ ਹੋ ਸਕਦੀ। ਇਹ ਲੜਾਈ ਹਰ ਪਰਿਵਾਰ ਦੀ ਹੈ, ਪੂਰੇ ਸਮਾਜ ਦੀ ਹੈ। ਇਹ ਲੜਾਈ ਹਰ ਘਰ ਦੀ ਹੈ ਤੇ ਨੌਜਵਾਨਾਂ ਦੇ ਭਵਿੱਖ ਦੀ ਹੈ। ਭਾਜਪਾ ਇਸ ਲੜਾਈ ਦੀ ਅਗਵਾਈ ਕਰਨ ਲਈ ਤਿਆਰ ਹੈ ਤੇ ਇਸ ਜੰਗ ਨੂੰ ਜਿੱਤਣ ਲਈ ਸਾਰੇ ਪੰਜਾਬੀਆਂ ਦਾ ਮਿਲ ਕੇ ਲੜਨਾ ਜ਼ਰੂਰੀ ਹੈ।
ਅਸੀਂ ਮਿਲ ਕੇ ਅਜਿਹਾ ਮਾਹੌਲ ਬਣਾਵਾਂਗੇ ਜੋ ਨੌਜਵਾਨਾਂ ਨੂੰ ਨਸ਼ੇ ਦੀ ਬਜਾਏ ਮੌਕੇ, ਹਿਜਰਤ ਦੀ ਬਜਾਏ ਪੰਜਾਬ ’ਚ ਭਵਿੱਖ ਅਤੇ ਨਿਰਾਸ਼ਾ ਦੀ ਬਜਾਏ ਸਵੈ-ਭਰੋਸੇ ਨਾਲ ਅੱਗੇ ਵਧਣ ਲਈ ਪ੍ਰੇਰਿਤ ਕਰੇ।
- ਕੇਵਲ ਸਿੰਘ ਢਿੱਲੋਂ
(ਸੂਬਾਈ ਪ੍ਰਧਾਨ ਭਾਜਪਾ)
‘ਗਰਭ ’ਚ ਕੁੜੀ ਹੈ ਜਾਂ ਮੁੰਡਾ’ ... ਮਾਰੀਆਂ ਜਾ ਰਹੀਆਂ ਕੁੜੀਆਂ!
NEXT STORY