ਜਮੈਕਾ : ਵਿਸ਼ਵ ਕੱਪ ਤੋਂ ਬਾਅਦ ਵਨ ਡੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰਨ ਵਾਲੇ ਵਿੰਡੀਜ਼ ਦੇ ਧਾਕੜ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਨੇ ਖੁੱਦ ਨੂੰ ਦੁਨੀਆ ਦਾ ਮਹਾਨ ਕ੍ਰਿਕਟਰ ਦੱਸਦਿਆਂ ਕਿਹਾ ਕਿ ਉਹ ਨੌਜਵਾਨਾਂ ਨੂੰ ਮੌਕਾ ਦੇਣਾ ਚਾਹੁੰਦੇ ਹਨ ਅਤੇ ਵਿਸ਼ਵ ਕੱਪ ਜਿੱਤ ਕੇ ਸ਼ਾਨਦਾਰ ਅੰਦਾਜ਼ ਵਿਚ ਆਪਣੇ ਕਰੀਅਰ ਦੀ ਸਮਾਪਤੀ ਕਰਨਾ ਚਾਹੁੰਦੇ ਹਨ। ਗੇਲ ਨੇ ਕ੍ਰਿਕ ਇੰਨਫੋ ਨੂੰ ਦਿੱਤੇ ਇੰਟਰਵਿਊ ਵਿਚ ਇਹ ਗੱਲ ਕਹੀ। ਆਪਣੇ ਕਰੀਅਰ ਤੋਂ ਸੰਤੁਸ਼ਟ ਹੋਣ ਦੇ ਸਵਾਲ 'ਤੇ ਇਸ ਧਾਕੜ ਬੱਲੇਬਾਜ਼ ਨੇ ਕਿਹਾ, ''ਮੈਂ ਵਿਸ਼ਵ ਕੱਪ ਦਾ ਮਹਾਨ ਕ੍ਰਿਕਟਰ ਹਾਂ। ਬੇਸ਼ਕ ਮੈਂ ਅਜੇ ਵੀ ਖੁਦ ਨੂੰ ਦੁਨੀਆ ਵਿਚ ਸਰਵਸ੍ਰੇਸ਼ਠ ਮੰਨਦਾ ਹਾਂ ਅਤੇ ਇਹ ਕਦੇ ਨਹੀਂ ਬਦਲੇਗਾ ਪਰ ਇਹ ਵਨ ਡੇ ਕਰੀਅਰ ਹੈ ਅਤੇ ਇਸ ਨੂੰ ਖਤਮ ਹੋਣਾ ਹੈ।''

ਇਸ ਸਾਲ 30 ਮਈ ਤੋਂ 14 ਜੁਲਾਈ ਤੱਕ ਇੰਗਲੈਂਡ ਅਤੇ ਵੇਲਸ ਵਿਚ ਖੇਡਿਆ ਜਾਣ ਵਾਲਾ ਵਿਸ਼ਵ ਕੱਪ ਇਸ ਧਾਕੜ ਬੱਲੇਬਾਜ਼ ਦੇ ਵਨ ਡੇ ਕਰੀਅਰ ਦਾ ਆਖਰੀ ਟੂਰਨਾਮੈਂਟ ਹੋਵੇਗਾ। ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਨੇ ਕਿਹਾ, ''ਮੈਂ ਨੌਜਵਾਨਾਂ ਨੂੰ ਮੌਕਾ ਦੇਣਾ ਚਾਹੁੰਦਾ ਹਾਂ। ਮੈਂ ਦਰਸ਼ਕ ਗੈਲਰੀ 'ਚ ਬੈਠ ਕੇ ਉਨ੍ਹਾਂ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਖਣਾ ਚਾਹੁੰਦਾ ਹਾਂ। ਵਿਸ਼ਵ ਕੱਪ ਖੇਡ ਕੇ ਵਨ ਡੇ ਕਰੀਅਰ ਦੀ ਸਮਾਪਤੀ ਕਰਨਾ ਇਕ ਬਿਹਤਰੀਨ ਕਹਾਣੀ ਦੇ ਖਤਮ ਹੋਣ ਵਰਗਾ ਹੈ। ਨੌਜਵਾਨਾਂ ਨੂੰ ਮੇਰੇ ਲਈ ਵਿਸਵ ਕੱਪ ਜਿੱਤ ਕੇ ਟਰਾਫੀ ਮੈਨੂੰ ਦੇਣੀ ਹੋਵੇਗੀ। ਇਸ ਦੇ ਲਈ ਮੈਂ ਵੀ ਆਪਣੀ ਪੂਰੀ ਸਮਰੱਥਾ ਨਾਲ ਖੇਡਾਂਗਾ।''

ਗੇਲ ਨੇ ਵਨ ਡੇ ਕ੍ਰਿਕਟ 'ਚ ਸੰਨਿਆਸ ਨੂੰ ਆਪਣੇ ਕਰੀਅਰ ਦੀ ਸਮਾਪਤੀ ਨਹੀਂ ਦੱਸਦਿਆਂ ਕਿਹਾ ਕਿ ਉਹ ਟੀ-20 ਖੇਡਦੇ ਰਹਿਣਗੇ। ਕੈਰੇਬੀਆਈ ਬੱਲੇਬਾਜ਼ ਗੇਲ ਨੇ ਆਸਟਰੇਲੀਆ ਵਿਚ ਸਾਲ 2020 ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿਚ ਖੇਡਣ ਦੀ ਸੰਭਾਵਨਾਵਾਂ ਤੋਂ ਵੀ ਇਨਕਾਰ ਨਹੀਂ ਕੀਤਾ ਹੈ। ਜਮੈਕਾ 'ਚ ਜਨਮੇ 39 ਸਾਲਾ ਕ੍ਰਿਸਟੋਫਰ ਹੈਨਰੀ ਗੇਲ ਨੇ ਸਾਲ 1999 ਵਿਚ ਭਾਰਤ ਖਿਲਾਫ ਕੈਨੇਡਾ ਦੇ ਟੋਰੰਟੋ ਵਿਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਗੇਲ ਨੇ ਆਪਣੇ ਕਰੀਬ 20 ਸਾਲ ਲੰਬੇ ਕੌਮਾਂਤਰੀ ਕਰੀਅਰ ਵਿਚ ਹੁਣ ਤੱਕ 284 ਵਨ ਡੇ ਖੇਡੇ ਹਨ, ਜਿਸ ਵਿਚ ਉਸ ਨੇ 37.12 ਦੀ ਔਸਤ ਨਾਲ 9727 ਦੌੜਾਂ ਬਣਾਈਆਂ ਹਨ। ਗੇਲ ਨੇ ਆਪਣ ਵਨ ਡੇ ਕਰੀਅਰ ਵਿਚ 23 ਸ਼ਾਨਦਾਰ ਸੈਂਕੜੇ ਅਤੇ 49 ਅਰਧ ਸੈਂਕੜੇ ਵੀ ਲਾਏ ਹਨ। ਵਨ ਡੇ ਵਿਚ ਗੇਲ ਦਾ ਸਟ੍ਰਾਈਕ ਰੇਟ 85.82 ਹੈ। ਆਪਣੀ ਫਿੱਟਨੈਸ ਨੂੰ ਲੈ ਕੇ ਗੇਲ ਨੇ ਕਿਹਾ, ''ਮੈਂ ਬਿਹਤਰੀਨ ਸਥਿਤੀ 'ਚ ਹਾਂ। ਮੈਂ ਪੂਰੀ ਤਰ੍ਹਾਂ ਨਾਲ ਫਿੱਟ ਹਾਂ ਅਤੇ ਚੰਗਾ ਮਹਿਸੂਸ ਕਰ ਰਿਹਾ ਹਾਂ। ਮੈਂ ਕੁਝ ਭਾਰ ਘੱਟ ਕੀਤਾ ਹੈ। ਮੈਂ ਅਜੇ ਵੀ ਆਪਣੇ ਸਿਕਸ ਪੈਕਸ 'ਤੇ ਕੰਮ ਕਰ ਰਿਹਾ ਹਾਂ। ਮੈਦਾਨ 'ਤੇ ਨੌਜਵਾਨਾਂ ਵਰਗੀ ਫੁਰਤੀ ਅਤੇ ਫਿੱਟਨੈਸ ਹਾਸਲ ਕਰਨ ਲਈ ਮੈਂ ਪੂਰੀ ਕੋਸ਼ਿਸ਼ ਕਰ ਰਿਹਾ ਹਾਂ।''

ਟੈਸਟ ਮੈਚ ਨੂੰ ਕ੍ਰਿਕਟ ਦਾ ਸਰਵਸ੍ਰੇਸ਼ਠ ਸਵਰੂਪ ਦੱਸਦਿਆਂ ਵਿੰਡੀਜ਼ ਦੇ ਤੂਫਾਨੀ ਬੱਲੇਬਾਜ਼ ਨੇ ਕਿਹਾ, ''ਟੈਸਟ ਕ੍ਰਿਕਟ ਦੇ ਭਵਿੱਖ ਨੂੰ ਲੈ ਕੇ ਮੈਂ ਸਕਾਰਾਤਮਕ ਹਾਂ। ਇਹ ਹਮੇਸ਼ਾ ਤੋਂ ਕ੍ਰਿਕਟ ਦਾ ਸ਼ਾਨਦਾਰ ਸਵਰੂਪ ਰਿਹਾ ਹੈ। ਮੈਂ ਜਾਣਦਾ ਹਾਂ ਜ਼ਿਆਦਾਤਰ ਨੌਜਵਾਨ ਟੀ-20 ਕ੍ਰਿਕਟ ਹੀ ਖੇਡਦੇ ਹਨ ਪਰ ਮੈਂ ਉਨ੍ਹਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਉਹ ਟੈਸਟ ਵੀ ਖੇਡਣ। ਟੈਸਟ ਕ੍ਰਿਕਟ ਨੌਜਵਾਨਾਂ ਨੂੰ ਨਵੀਂ ਚੁਣੌਤੀਆਂ ਦਾ ਸਾਹਮਣਾ ਕਰਨ ਦਾ ਮੌਕਾ ਦਿੰਦਾ ਹੈ।'' ਗੇਲ ਨੇ ਵਿੰਡੀਜ਼ ਵੱਲੋਂ 103 ਟੈਸਟ ਖੇਡੇ ਹਨ ਜਿਸ ਵਿਚ ਉਸ ਨੇ 42.18 ਦੀ ਔਸਤ ਨਾਲ 7214 ਦੌੜਾਂ ਬਣਾਈਆਂ ਹਨ।
ਫਿੰਚ ਨੇ ਭਾਰਤ ਖਿਲਾਫ ਸੀਰੀਜ਼ ਤੋਂ ਪਹਿਲਾਂ ਆਸਟਰੇਲੀਆ ਟੀਮ ਨੂੰ ਦਿੱਤੀ ਇਹ ਨਸੀਹਤ
NEXT STORY