ਨਵੀਂ ਦਿੱਲੀ : ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿੱਚ ਖੇਡੇ ਗਏ ਆਈ.ਪੀ.ਐੱਲ. 2026 ਦੇ ਮੁਕਾਬਲੇ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਇਤਿਹਾਸ ਰਚ ਦਿੱਤਾ ਹੈ। ਕੋਹਲੀ ਆਈ.ਪੀ.ਐੱਲ. ਦੇ ਇਤਿਹਾਸ ਵਿੱਚ 9,000 ਦੌੜਾਂ ਪੂਰੀਆਂ ਕਰਨ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਦਿੱਲੀ ਕੈਪੀਟਲਜ਼ ਵਿਰੁੱਧ ਖੇਡਦਿਆਂ ਉਨ੍ਹਾਂ ਨੇ ਸਿਰਫ਼ 11 ਦੌੜਾਂ ਬਣਾਉਂਦੇ ਹੀ ਇਹ ਵੱਡਾ ਮੁਕਾਮ ਹਾਸਲ ਕਰ ਲਿਆ।
ਵਿਰਾਟ ਕੋਹਲੀ ਨੇ ਇਸ ਜਾਦੂਈ ਅੰਕੜੇ ਤੱਕ ਪਹੁੰਚਣ ਲਈ ਬਹੁਤ ਸੰਜਮ ਨਾਲ ਬੱਲੇਬਾਜ਼ੀ ਕੀਤੀ। ਉਨ੍ਹਾਂ ਨੇ ਪਾਰੀ ਦੇ ਛੇਵੇਂ ਓਵਰ ਦੀ ਆਖਰੀ ਗੇਂਦ 'ਤੇ ਆਪਣੀਆਂ 9,000 ਦੌੜਾਂ ਪੂਰੀਆਂ ਕੀਤੀਆਂ। ਇਸ ਇਤਿਹਾਸਕ ਪ੍ਰਾਪਤੀ 'ਤੇ ਸਟੇਡੀਅਮ ਵਿੱਚ ਮੌਜੂਦ ਹਜ਼ਾਰਾਂ ਦਰਸ਼ਕਾਂ ਨੇ ਖੜ੍ਹੇ ਹੋ ਕੇ ਤਾਲੀਆਂ ਵਜਾ ਕੇ ਕਿੰਗ ਕੋਹਲੀ ਦਾ ਸਵਾਗਤ ਕੀਤਾ। ਕੋਹਲੀ 15 ਗੇਂਦਾਂ ਵਿੱਚ 23 ਦੌੜਾਂ ਬਣਾ ਕੇ ਅਜੇਤੂ ਰਹੇ।
ਆਈ.ਪੀ.ਐੱਲ. ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਪਹਿਲਾਂ ਹੀ ਵਿਰਾਟ ਦੇ ਨਾਮ ਸੀ, ਪਰ ਹੁਣ ਉਹ 9,000 ਦੇ ਅੰਕੜੇ ਨੂੰ ਛੂਹਣ ਵਾਲੇ ਇਕੱਲੇ ਖਿਡਾਰੀ ਬਣ ਗਏ ਹਨ। ਇਸ ਸੂਚੀ ਵਿੱਚ ਰੋਹਿਤ ਸ਼ਰਮਾ (7183 ਦੌੜਾਂ) ਦੂਜੇ ਅਤੇ ਸ਼ਿਖਰ ਧਵਨ (6769 ਦੌੜਾਂ) ਤੀਜੇ ਨੰਬਰ 'ਤੇ ਹਨ।
ਇਸ ਮੈਚ ਵਿੱਚ ਆਰ.ਸੀ.ਬੀ. ਨੇ ਦਿੱਲੀ ਕੈਪੀਟਲਜ਼ ਨੂੰ 9 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ। ਜੋਸ਼ ਹੇਜ਼ਲਵੁੱਡ (4 ਵਿਕਟਾਂ) ਅਤੇ ਭੁਵਨੇਸ਼ਵਰ ਕੁਮਾਰ (3 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਅੱਗੇ ਦਿੱਲੀ ਦੀ ਪੂਰੀ ਟੀਮ ਸਿਰਫ਼ 75 ਦੌੜਾਂ 'ਤੇ ਢੇਰ ਹੋ ਗਈ ਸੀ। ਦਿੱਲੀ ਨੇ ਪਾਵਰਪਲੇਅ ਵਿੱਚ ਸਿਰਫ਼ 13 ਦੌੜਾਂ ਬਣਾ ਕੇ ਆਈ.ਪੀ.ਐੱਲ. ਦਾ ਸਭ ਤੋਂ ਘੱਟ ਸਕੋਰ ਬਣਾਉਣ ਦਾ ਸ਼ਰਮਨਾਕ ਰਿਕਾਰਡ ਵੀ ਆਪਣੇ ਨਾਮ ਕੀਤਾ। ਆਰ.ਸੀ.ਬੀ. ਨੇ ਸਿਰਫ਼ 6.3 ਓਵਰਾਂ ਵਿੱਚ ਹੀ ਟੀਚਾ ਹਾਸਲ ਕਰਕੇ 81 ਗੇਂਦਾਂ ਪਹਿਲਾਂ ਮੈਚ ਜਿੱਤ ਲਿਆ।
IPL 2026: ਭੁਵੀ-ਹੇਜ਼ਲਵੁੱਡ ਦੀ ਘਾਤਕ ਗੇਂਦਬਾਜ਼ੀ, RCB ਨੇ ਦਿੱਲੀ ਨੂੰ 9 ਵਿਕਟਾਂ ਨਾਲ ਹਰਾਇਆ
NEXT STORY