ਜੈਪੁਰ— ਆਈ. ਪੀ. ਐੱਲ.-11 'ਚ ਆਪਣੇ-ਆਪਣੇ ਪਹਿਲੇ ਮੈਚ ਹਾਰ ਚੁੱਕੀਆਂ ਦਿੱਲੀ ਡੇਅਰਡੇਵਿਲਜ਼ ਤੇ ਰਾਜਸਥਾਨ ਰਾਇਲਜ਼ ਟੀਮਾਂ ਬੁੱਧਵਾਰ ਨੂੰ ਇਥੇ ਸਵਾਈ ਮਾਨਸਿੰਘ ਸਟੇਡੀਅਮ 'ਚ ਹੋਣ ਵਾਲੇ ਮੁਕਾਬਲੇ ਵਿਚ ਜਿੱਤ ਦੀ ਲੈਅ ਹਾਸਲ ਕਰਨ ਦੇ ਇਰਾਦੇ ਨਾਲ ਉਤਰਨਗੀਆਂ। ਰਾਜਸਥਾਨ ਦੀ ਟੀਮ ਦੋ ਸਾਲ ਦੀ ਪਾਬੰਦੀ ਤੋਂ ਬਾਅਦ ਆਈ. ਪੀ. ਐੱਲ. 'ਚ ਪਰਤੀ ਹੈ ਤੇ ਆਪਣੇ ਘਰੇਲੂ ਮੈਦਾਨ ਜੈਪੁਰ 'ਚ ਪਹਿਲਾ ਮੈਚ ਖੇਡਣ ਜਾ ਰਹੀ ਹੈ। ਰਾਜਸਥਾਨ ਕ੍ਰਿਕਟ ਸੰਘ ਵੀ ਹਾਲ ਦੇ ਸਮੇਂ ਵਿਚ ਉਥਲ-ਪੁਥਲ ਦੇ ਦੌਰ 'ਚੋਂ ਲੰਘਿਆ ਸੀ ਤੇ ਕਾਫੀ ਮੁਸ਼ੱਕਤ ਤੋਂ ਬਾਅਦ ਉਸ ਨੂੰ ਆਈ. ਪੀ. ਐੱਲ. ਮੈਚਾਂ ਦੀ ਮੇਜ਼ਬਾਨੀ ਦੀ ਮਨਜ਼ੂਰੀ ਮਿਲੀ ਸੀ।
ਰਾਜਸਥਾਨ ਨੂੰ ਆਪਣੇ ਪਹਿਲੇ ਮੈਚ 'ਚ ਕੱਲ ਹੈਦਰਾਬਾਦ ਵਿਚ ਸਨਰਾਈਜ਼ਰਜ਼ ਹੈਦਰਾਬਾਦ ਹੱਥੋਂ 9 ਵਿਕਟਾਂ ਦੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਦਕਿ ਦਿੱਲੀ ਦੀ ਟੀਮ 8 ਅਪ੍ਰੈਲ ਨੂੰ ਮੋਹਾਲੀ 'ਚ ਕਿੰਗਜ਼ ਇਲੈਵਨ ਪੰਜਾਬ ਹੱਥੋਂ 6 ਵਿਕਟਾਂ ਨਾਲ ਹਾਰ ਗਈ ਸੀ। ਦੋਵੇਂ ਹੀ ਟੀਮਾਂ ਇਸ ਮੈਚ 'ਚ ਜਿੱਤ ਹਾਸਲ ਕਰਨ ਲਈ ਪੂਰਾ ਜ਼ੋਰ ਲਾਉਣਗੀਆਂ।
ਦਿੱਲੀ ਦੇ ਕਪਤਾਨ ਗੌਤਮ ਗੰਭੀਰ ਨੂੰ ਦੇਖਣਾ ਪਵੇਗਾ ਕਿ ਉਸ ਦੀ ਟੀਮ ਰਾਜਸਥਾਨ ਵਿਰੁੱਧ ਚੰਗਾ ਸਕੋਰ ਖੜ੍ਹਾ ਕਰੇ। ਗੰਭੀਰ ਨੇ ਪੰਜਾਬ ਵਿਰੁੱਧ ਅਰਧ ਸੈਂਕੜਾ ਤਾਂ ਬਣਾਇਆ ਸੀ ਪਰ ਬਾਕੀ ਬੱਲੇਬਾਜ਼ ਉਮੀਦਾਂ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕੇ ਸਨ। ਗੰਭੀਰ ਨੂੰ ਨੌਜਵਾਨ ਵਿਕਟਕੀਪਰ ਰਿਸ਼ਭ ਪੰਤ ਦੇ ਬੱਲੇਬਾਜ਼ੀ ਕ੍ਰਮ ਬਾਰੇ ਹੁਣ ਤੋਂ ਹੀ ਤੈਅ ਕਰ ਲੈਣਾ ਪਵੇਗਾ। ਇਹ ਬੱਲੇਬਾਜ਼ ਓਪਨਿੰਗ 'ਚ ਟੀਮ ਨੂੰ ਤੇਜ਼-ਤਰਾਰ ਸ਼ੁਰੂਆਤ ਦੇ ਸਕਦਾ ਹੈ, ਜਿਸ ਤਰ੍ਹਾਂ ਦੀ ਸ਼ੁਰੂਆਤ ਕੇ. ਕੇ. ਆਰ. ਨੂੰ ਸੁਨੀਲ ਨਾਰਾਇਣ ਦੇ ਰਿਹਾ ਹੈ। ਪੰਤ ਪੰਜਾਬ ਵਿਰੁੱਧ 5ਵੇਂ ਨੰਬਰ 'ਤੇ ਉਤਰਿਆ ਸੀ ਤੇ ਉਸ ਨੇ 13 ਗੇਂਦਾਂ 'ਤੇ 28 ਦੌੜਾਂ ਬਣਾਈਆਂ ਸਨ। ਪੰਤ ਨੂੰ ਬੱਲੇਬਾਜ਼ਾਂ 'ਚ ਉਪਰ ਲਿਆਉਣ ਦੀ ਲੋੜ ਹੈ ਤਾਂ ਕਿ ਉਹ ਪੂਰਾ ਸਮਾਂ ਲੈ ਕੇ ਟੀਮ ਲਈ ਵੱਡੀ ਪਾਰੀ ਖੇਡ ਸਕੇ।
ਰਾਜਸਥਾਨ ਦੀ ਟੀਮ ਨੇ ਹੈਦਰਾਬਾਦ ਵਿਰੁੱਧ ਬੱਲੇਬਾਜ਼ੀ 'ਚ ਬੇਹੱਦ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਸੀ ਤੇ ਟੀਮ ਸਿਰਫ 125 ਦੌੜਾਂ ਹੀ ਬਣਾ ਸਕੀ ਸੀ, ਜਿਹੜੀਆਂ ਵਿਰੋਧੀ ਟੀਮ ਨੂੰ ਰੋਕਣ ਲਈ ਲੋੜੀਂਦੀਆਂ ਨਹੀਂ ਸਨ। ਰਾਜਸਥਾਨ ਕੋਲ ਕਪਤਾਨ ਰਹਾਨੇ, ਸੰਜੂ ਸੈਮਸਨ, ਬੇਨ ਸਟੋਕਸ ਤੇ ਜੋਸ ਬਟਲਰ ਦੇ ਰੂਪ 'ਚ ਕਈ ਚੰਗੇ ਖਿਡਾਰੀ ਹਨ।
ਗ੍ਰੇਂਕੇ ਸੁਪਰ ਗ੍ਰੈਂਡਮਾਸਟਰ ਸ਼ਤਰੰਜ ਟੂਰਨਾਮੈਂਟ 'ਚ ਕਾਰੂਆਨਾ ਨੇ ਜਿੱਤਿਆ ਖਿਤਾਬ
NEXT STORY