ਨਵੀਂ ਦਿੱਲੀ— ਭਾਰਤੀ ਮਹਿਲਾ ਪਹਿਲਵਾਨਾਂ ਨੇ ਇਟਲੀ ਦੀ ਸਸਾਰੀ ਸਿਟੀ 'ਚ ਚਲ ਰਹੀ ਸਸਾਰੀ ਸਿਟੀ ਮਾਤੀਓ ਪੇਲੀਕੋਨ ਮੈਮੋਰੀਅਲ ਵਰਲਡ ਰੈਂਕਿੰਗ ਸੀਰੀਜ਼ ਕੁਸ਼ਤੀ ਪ੍ਰਤੀਯੋਗਿਤਾ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇਕ ਸੋਨਾ, ਦੋ ਚਾਂਦੀ ਅਤੇ ਕਾਂਸੀ ਤਮਗੇ ਜਿੱਤੇ। ਸੀਮਾ ਨੇ 50 ਕਿਲੋਗ੍ਰਾਮ ਵਰਗ 'ਚ ਸੋਨ ਤਮਗਾ ਜਿੱਤਿਆ ਜਦਕਿ ਪੂਜਾ ਢਾਂਡਾ ਨੇ 57 ਕਿਲੋਗ੍ਰਾਮ 'ਚ ਚਾਂਦੀ ਅਤੇ ਮੰਜੂ ਕੁਮਾਰੀ ਨੇ 59 ਕਿਲੋਗ੍ਰਾਮ 'ਚ ਚਾਂਦੀ ਤਮਗਾ ਜਿੱਤਿਆ। ਦਿਵਿਆ ਕਾਕਰਾਨ ਨੇ 68 ਕਿਲੋਗ੍ਰਾਮ 'ਚ ਕਾਂਸੀ ਤਮਗਾ ਹਾਸਲ ਕੀਤਾ ਪਰ ਓਲੰਪਿਕ ਤਮਗਾ ਜੇਤੂ ਸਾਕਸ਼ੀ ਮਲਿਕ ਨੂੰ 62 ਕਿਲੋਗ੍ਰਾਮ ਦੇ ਕੁਆਲੀਫਿਕੇਸ਼ਨ 'ਚ ਹਾਰ ਦਾ ਸਾਹਮਣਾ ਕਰਨਾ ਪਿਆ।
ਇਸ ਤੋਂ ਪਹਿਲਾਂ ਗ੍ਰੀਕੋ ਰੋਮਨ ਵਰਗ 'ਚ ਗੁਰਪ੍ਰੀਤ ਸਿੰਘ ਨੇ 82 ਕਿਲੋਗ੍ਰਾਮ 'ਚ ਸੋਨ ਤਮਗਾ ਅਤੇ ਗਿਆਨੇਂਦਰ ਨੇ 60 ਕਿਲੋਗ੍ਰਾਮ ਵਰਗ 'ਚ ਕਾਂਸੀ ਤਮਗਾ ਹਾਸਲ ਕੀਤਾ। ਗੁਰਪ੍ਰੀਤ ਨੇ ਫਾਈਨਲ 'ਚ ਤੁਰਕੀ ਦੇ ਬੁਰਹਾਨ ਅਕਬੁਦਾਕ ਨੂੰ 14-4 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ਗਿਆਨੇਂਦਰ ਨੇ ਰੋਮਾਨੀਆ ਦੇ ਫਲੋਰਿਨ ਟਿਟਾ ਨੂੰ 9-0 ਨਾਲ ਹਾਰ ਕੇ ਕਾਂਸੀ ਤਮਗਾ ਜਿੱਤਿਆ। ਹਰਪ੍ਰੀਤ ਨੂੰ 87 ਕਿਲੋਗ੍ਰਾਮ ਦੇ ਕਾਂਸੀ ਤਮਗਾ ਮੁਕਾਬਲੇ 'ਚ ਹੰਗਰੀ ਦੇ ਐਰਿਕ ਜਿਲਵੈਸੀ ਤੋਂ 0-8 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਮਹਿਲਾ ਵਰਗ 'ਚ ਭਾਰਤੀ ਪਹਿਲਵਾਨ ਸੀਮਾ ਨੇ ਗਜ਼ਬ ਦਾ ਪ੍ਰਦਰਸ਼ਨ ਕਰਦੇ ਹੋਏ ਦੇਸ਼ ਨੂੰ ਸੋਨ ਤਮਗਾ ਦਿਵਾਇਆ। ਸੀਮਾ ਨੇ ਰੁਸ ਦੀ ਡਾਰੀਆ ਲੇਕਸਿਨਾ ਨੂੰ ਇਕਤਰਫਾ ਅੰਦਾਜ਼ 'ਚ 10-0 ਨਾਲ ਹਰਾਇਆ। ਇਸ ਮੁਕਾਬਲੇ ਦੇ ਦੌਰਾਨ ਸੀਮਾ ਨੇ ਵਿਰੋਧੀ ਪਹਿਲਵਾਨ ਨੂੰ ਪੰਜ ਟੈਕਡਾਊਨ ਸਕੋਰ ਦੇ ਬਾਅਦ ਮੈਚ ਨੂੰ ਛੇਤੀ ਨਬੇੜ ਦਿੱਤਾ। ਸੀਮਾ ਨੇ ਇਸ ਸੋਨ ਤਮਗੇ ਨਾਲ ਆਪਣੀ ਰੈਂਕਿੰਗ 'ਚ ਸੁਧਾਰ ਕੀਤਾ ਹੈ ਜੋ ਓਲੰਪਿਕ ਲਈ ਕੁਆਲੀਫਾਈ ਕਰਨ 'ਚ ਮਦਦਗਾਰ ਸਾਬਤ ਹੋਵੇਗਾ। 57 ਕਿਲੋਗ੍ਰਾਮ ਦੇ ਫਾਈਨਲ 'ਚ ਪੂਜਾ ਨੂੰ ਨਾਰਵੇ ਦੀ ਗ੍ਰੇਸ ਜੈਕਬ ਬੁਲੇਨ ਨੇ 5-0 ਨਾਲ ਹਰਾਇਆ। 59 ਕਿਲੋਗ੍ਰਾਮ 'ਚ ਮੰਜੂ ਨੂੰ ਕੈਨੇਡਾ ਦੀ ਲਿੰਡਾ ਮੋਰੇਸ ਨੇ 9-0 ਨਾਲ ਹਰਾਇਆ। ਪੂਜਾ ਅਤੇ ਮੰਜੂ ਨੂੰ ਚਾਂਦੀ ਦੇ ਤਮਗਿਆਂ ਨਾਲ ਸਬਰ ਕਰਨਾ ਪਿਆ। ਦਿਵਿਆ ਕਾਕਰਾਨ ਨੇ 68 ਕਿਲੋਗ੍ਰਾਮ ਦੇ ਕਾਂਸੀ ਤਮਗੇ ਦੇ ਮੁਕਾਬਲੇ 'ਚ ਕਜ਼ਾਖਸਤਾਨ ਦੀ ਇਰੀਨਾ ਕਾਜਯੂਲਿਆ ਨੂੰ 10-5 ਨਾਲ ਹਰਾਇਆ।
ਮੁੰਬਈ ਦੇ ਖਿਡਾਰੀਆਂ ਨੇ ਰਣਜੀ ਟਰਾਫੀ 'ਚ DRS ਦੀ ਕੀਤੀ ਮੰਗ
NEXT STORY