ਸਪੋਰਟਸ ਡੈਸਕ- ਆਈਸੀਸੀ ਮੇਨਜ਼ ਟੀ-20 ਵਿਸ਼ਵ ਕੱਪ 2026 ਵਿੱਚ ਅੱਜ ਇੱਕ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ, ਜਿੱਥੇ ਕੁਦਰਤ ਨੇ ਇੱਕ ਟੀਮ ਦੀ ਕਿਸਮਤ ਚਮਕਾ ਦਿੱਤੀ ਅਤੇ ਦੂਜੀਆਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ। ਪੱਲੇਕੇਲੇ ਵਿੱਚ ਆਇਰਲੈਂਡ ਅਤੇ ਜ਼ਿੰਬਾਬਵੇ ਵਿਚਾਲੇ ਹੋਣ ਵਾਲਾ ਗਰੁੱਪ-ਬੀ ਦਾ ਅਹਿਮ ਮੁਕਾਬਲਾ ਭਾਰੀ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ। ਇਸ ਮੈਚ ਵਿੱਚ ਬਿਨਾਂ ਕੋਈ ਗੇਂਦ ਸੁੱਟੇ ਨਤੀਜਾ ਤੈਅ ਹੋ ਗਿਆ, ਜਿਸ ਦਾ ਸਭ ਤੋਂ ਵੱਡਾ ਫਾਇਦਾ ਜ਼ਿੰਬਾਬਵੇ ਨੂੰ ਹੋਇਆ ਹੈ, ਜਿਸ ਨੇ ਸੁਪਰ-8 ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਦੂਜੇ ਪਾਸੇ, ਇਸ ਨਤੀਜੇ ਨਾਲ ਦਿੱਗਜ ਟੀਮ ਆਸਟ੍ਰੇਲੀਆ ਅਤੇ ਆਇਰਲੈਂਡ ਟੂਰਨਾਮੈਂਟ ਤੋਂ ਬਾਹਰ ਹੋ ਗਈਆਂ ਹਨ।
ਪੱਲੇਕੇਲੇ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਮੀਂਹ ਕਾਰਨ ਮੈਚ ਸ਼ੁਰੂ ਨਹੀਂ ਹੋ ਸਕਿਆ ਅਤੇ ਤਕਨੀਕੀ ਤੌਰ 'ਤੇ ਦੋਵਾਂ ਟੀਮਾਂ ਨੂੰ ਇੱਕ-ਇੱਕ ਅੰਕ ਦਿੱਤਾ ਗਿਆ। ਜ਼ਿੰਬਾਬਵੇ ਨੇ ਆਪਣੇ 3 ਮੈਚਾਂ ਵਿੱਚੋਂ 2 ਜਿੱਤੇ ਸਨ ਅਤੇ ਇਸ ਇੱਕ ਅੰਕ ਨਾਲ ਉਨ੍ਹਾਂ ਦੇ ਕੁੱਲ 5 ਅੰਕ ਹੋ ਗਏ ਹਨ। ਇਸ ਦੇ ਨਾਲ ਹੀ ਉਹ ਸ੍ਰੀਲੰਕਾ ਤੋਂ ਬਾਅਦ ਇਸ ਗਰੁੱਪ ਵਿੱਚੋਂ ਅਗਲੇ ਪੜਾਅ ਲਈ ਕੁਆਲੀਫਾਈ ਕਰਨ ਵਾਲੀ ਦੂਜੀ ਟੀਮ ਬਣ ਗਈ ਹੈ।
ਇਸ ਵਰਲਡ ਕੱਪ ਵਿੱਚ ਆਸਟ੍ਰੇਲੀਆ ਦੀ ਵਿਦਾਈ ਸਭ ਤੋਂ ਵੱਧ ਹੈਰਾਨ ਕਰਨ ਵਾਲੀ ਰਹੀ ਹੈ। ਆਸਟ੍ਰੇਲੀਆ ਨੇ 3 ਮੈਚ ਖੇਡੇ ਸਨ, ਜਿਨ੍ਹਾਂ ਵਿੱਚੋਂ ਸਿਰਫ਼ 1 ਵਿੱਚ ਜਿੱਤ ਅਤੇ 2 ਵਿੱਚ ਹਾਰ ਮਿਲੀ, ਜਿਸ ਕਾਰਨ ਉਨ੍ਹਾਂ ਦੇ ਸਿਰਫ਼ 2 ਅੰਕ ਹੀ ਰਹੇ। ਹਾਲਾਂਕਿ ਉਨ੍ਹਾਂ ਦਾ ਰਨ ਰੇਟ (0.414) ਠੀਕ ਸੀ, ਪਰ ਜਿੱਤਾਂ ਦੀ ਘੱਟ ਗਿਣਤੀ ਕਾਰਨ ਉਹ ਅੱਗੇ ਨਹੀਂ ਵਧ ਸਕੇ। ਆਇਰਲੈਂਡ ਦੀ ਟੀਮ ਵੀ 4 ਮੈਚਾਂ ਵਿੱਚ ਸਿਰਫ਼ 3 ਅੰਕ ਹੀ ਹਾਸਲ ਕਰ ਸਕੀ, ਜਿਸ ਕਾਰਨ ਉਹ ਵੀ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ।
ਗਰੁੱਪ-ਬੀ ਵਿੱਚੋਂ ਸ੍ਰੀਲੰਕਾ ਦੀ ਟੀਮ 3 ਵਿੱਚੋਂ 3 ਮੈਚ ਜਿੱਤ ਕੇ 6 ਅੰਕਾਂ ਨਾਲ ਪਹਿਲਾਂ ਹੀ ਕੁਆਲੀਫਾਈ ਕਰ ਚੁੱਕੀ ਸੀ। ਹੁਣ ਜ਼ਿੰਬਾਬਵੇ 5 ਅੰਕਾਂ ਨਾਲ ਦੂਜੇ ਸਥਾਨ 'ਤੇ ਰਹਿ ਕੇ ਸੁਪਰ-8 ਵਿੱਚ ਸ਼ਾਮਲ ਹੋ ਗਿਆ ਹੈ। ਓਮਾਨ ਦੀ ਟੀਮ ਆਪਣੇ ਤਿੰਨੋਂ ਮੈਚ ਹਾਰ ਕੇ ਸੂਚੀ ਵਿੱਚ ਸਭ ਤੋਂ ਹੇਠਲੇ ਸਥਾਨ 'ਤੇ ਰਹੀ।
ਇਹ ਵੀ ਪੜ੍ਹੋ- T20 World Cup 'ਚ ਟੀਮ ਨੂੰ ਵੱਡਾ ਝਟਕਾ, ਕਪਤਾਨ ਹੀ ਟੂਰਨਾਮੈਂਟ 'ਚੋਂ ਹੋ ਗਿਆ ਬਾਹਰ
ਲਾ ਲੀਗਾ: ਬਾਰਸੀਲੋਨਾ ਦੀ ਗਿਰੋਨਾ ਹੱਥੋਂ 2-1 ਨਾਲ ਹਾਰ, ਲਾਮਿਨ ਯਾਮਲ ਨੇ ਗੁਆਇਆ ਸੁਨਹਿਰੀ ਮੌਕਾ
NEXT STORY