ਕੈਨੇਡਾ ਦੀ ਅਧਿਆਪਿਕਾ ਨੇ ਜਿੱਤਿਆ ਵਿਸ਼ਵ ਪੱਧਰੀ ਐਵਾਰਡ, ਜਾਣੋ ਕੀ ਕਰਦੀ ਹੈ ਖਾਸ (ਤਸਵੀਰਾਂ)

You Are HereInternational
Monday, March 20, 2017-6:27 PM
ਓਟਾਵਾ— ਸਿੱਖਿਆ ਦੇ ਖੇਤਰ ਵਿਚ ਨਵੀਂ ਪਿਰਤ ਪਾ ਰਹੀ ਅਤੇ ਚਾਨਣ ਮੁਨਾਰੇ ਵਾਂਗ ਚਮਕ ਕੇ ਵਿਦਿਆਰਥੀਆਂ ਨੂੰ ਨਵੀਂ ਸੇਧ ਦੇ ਰਹੀ ਕੈਨੇਡਾ ਦੀ ਅਧਿਆਪਿਕਾ ਨੇ 10 ਲੱਖ ਅਮਰੀਕੀ ਡਾਲਰ ਦਾ ਵਿਸ਼ਵ ਪੱਧਰੀ ਐਵਾਰਡ ਜਿੱਤਿਆ ਹੈ। ਮੈਗੀ ਮੈਗਡੋਨੇਲ ਨੂੰ ਇਹ ਐਵਾਰਡ ਸਿੱਖਿਆ ਦੇ ਖੇਤਰ ਵਿਚ ਦਿੱਤੇ ਜਾ ਰਹੇ ਉਸ ਦੇ ਸ਼ਲਾਘਾਯੋਗ ਯੋਗਦਾਨ ਲਈ ਦਿੱਤਾ ਗਿਆ। ਨੋਵਾ ਸਕੋਟੀਆ ਦੀ ਜੰਮਪਲ ਇਸ ਅਧਿਆਪਿਕਾ ਨੇ 20000 ਹੋਰ ਅਧਿਆਪਕਾਂ ਨੂੰ ਪਛਾੜ ਕੇ 2017 ਦਾ 'ਗਲੋਬਲ ਟੀਚਿੰਗ ਐਵਾਰਡ' ਜਿੱਤਿਆ ਹੈ। ਇਹ ਐਵਾਰਡ ਦੁਬਈ ਆਧਾਰਤ 'ਵਰਕੇ' ਸੰਸਥਾ ਵੱਲੋਂ ਦਿੱਤਾ ਜਾਂਦਾ ਹੈ। ਸਿੱਖਿਆ ਦੇ ਖੇਤਰ ਵਿਚ ਅਧਿਆਪਕਾਂ ਦੀ ਮਹੱਤਤਾ ਨੂੰ ਉਲੀਕਣ ਲਈ ਤਿੰਨ ਸਾਲ ਪਹਿਲਾਂ ਇਸ ਐਵਾਰਡ ਦੀ ਸ਼ੁਰੂਆਤ ਕੀਤੀ ਗਈ ਸੀ। ਆਪਣੇ ਬਿਆਨ ਵਿਚ ਸੰਸਥਾ ਨੇ ਕਿਹਾ ਕਿ ਮੈਕਡੋਨੇਲ ਨੇ ਸਾਲੁਈਟ ਵਿਖੇ ਆਪਣੇ ਵਿਦਿਆਰਥੀਆਂ ਦੇ ਜੀਵਨ ਨੂੰ ਸੰਵਾਰਨ ਵਿਚ ਅਣਮੁੱਲਾ ਯੋਗਦਾਨ ਦਿੱਤਾ ਹੈ। ਉਸ ਨੇ ਸਿੱਖਿਆ ਦੇ ਨਾਲ-ਨਾਲ ਉਨ੍ਹਾਂ ਵਿਚ ਮਨੁੱਖਤਾ ਅਤੇ ਪਿਆਰ ਜਿਹੇ ਗੁਣ ਵੀ ਭਰੇ ਹਨ।
ਕੀ ਖਾਸ ਕਰਦੀ ਹੈ ਮੈਕਡੋਨੇਲ—
ਮੈਕਡੋਨੇਲ ਸਾਲੁਈਟ ਵਿਖੇ ਇਕ ਭਾਈਚਾਰਕ ਰਸੋਈ ਚਲਾਉਂਦੀ ਹੈ। ਇਸ ਤੋਂ ਇਲਾਵਾ ਉਹ ਇੱਥੋਂ ਦੇ ਲੋਕਾਂ ਨੂੰ ਖੁਦਕੁਸ਼ੀ ਤੋਂ ਬਚਣ ਦੀ ਟਰੇਨਿੰਗ ਵੀ ਦਿੰਦੀ ਹੈ। 1450 ਲੋਕਾਂ ਦੀ ਵਸੋਂ ਵਾਲੇ ਸਾਲੁਈਟ ਵਿਖੇ ਸਿਰਫ ਹਵਾਈ ਰਸਤੇ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ। ਸਾਲ 2015 ਵਿਚ ਇੱਥੇ 6 ਖੁਦਕੁਸ਼ੀਆਂ ਹੋਈਆਂ ਸਨ। ਖੁਦਕੁਸ਼ੀਆਂ ਕਰਨ ਵਾਲੇ 18 ਤੋਂ 25 ਸਾਲ ਦੀ ਉਮਰ ਦੇ ਨੌਜਵਾਨ ਸਨ। ਇਸ ਘਟਨਾ ਨੇ ਮੈਕਡੋਨੇਲ ਨੂੰ ਇੰਨਾਂ ਹਲੂਣ ਕੇ ਰੱਖ ਦਿੱਤਾ ਕਿ ਉਸ ਨੇ ਇਸ ਦੇ ਖਿਲਾਫ ਮੁਹਿੰਮ ਛੇੜ ਦਿੱਤੀ। ਮੈਕਡੋਨੇਲ ਦਾ ਮਕਸਦ ਭਟਕ ਚੁੱਕੀ ਪੀੜ੍ਹੀ ਨੂੰ ਰਸਤੇ 'ਤੇ ਲਿਆਉਣਾ ਹੈ ਅਤੇ ਅਗਲੀ ਪੀੜ੍ਹੀ ਸੇਧ ਦੇਣਾ ਹੈ ਤਾਂ ਜੋ ਕੀਮਤੀ ਜ਼ਿੰਦਗੀਆਂ ਬਰਬਾਦ ਨਾ ਹੋਣ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੈਕਡੋਨੇਲ ਨੂੰ ਉਸ ਦੀ ਇਸ ਉਪਲੱਬਧੀ ਲਈ ਮੁਬਾਰਕਾਂ ਦਿੱਤੀਆਂ ਹਨ।

About The Author

Kulvinder Mahi

Kulvinder Mahi is News Editor at Jagbani.

!-- -->