ਮੈਲਬੌਰਨ— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਇਕ ਬਜ਼ੁਰਗ ਔਰਤ ਦਾ ਕਾਤਲ 20 ਸਾਲਾਂ ਬਾਅਦ ਫੜਿਆ ਗਿਆ। ਮੈਲਬੌਰਨ ਦੇ ਨਰਸਿੰਗ ਹੋਮ 'ਚ 20 ਸਾਲ ਪਹਿਲਾਂ ਬਜ਼ੁਰਗ ਔਰਤ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। 95 ਸਾਲਾ ਕੈਥਲੀਨ ਡਾਊਨਜ਼ 31 ਦਸੰਬਰ 1997 ਨੂੰ ਬਰਨਸਵਿਕ ਲੌਜ ਨਰਸਿੰਗ ਹੋਮ ਦੇ ਕਮਰੇ ਵਿਚ ਖੂਨ ਨਾਲ ਲਹੂ-ਲੁਹਾਨ ਮਿਲੀ ਸੀ। ਵਿਕਟੋਰੀਆ ਪੁਲਸ ਨੇ ਬੁੱਧਵਾਰ ਨੂੰ 65 ਸਾਲਾ ਪੀਟਰ ਦੁਪਾਸ ਨੂੰ ਕੈਥਲੀਨ ਦਾ ਕਤਲ ਕਰਨ ਦਾ ਦੋਸ਼ੀ ਕਰਾਰ ਦਿੱਤਾ ਹੈ।
ਪਬਲਿਕ ਪਰੌਸੀਕਿਊਟਰ ਨੇ ਕੱਲ ਇਹ ਹੁਕਮ ਜਾਰੀ ਕੀਤਾ, ਜਿਸ ਦਾ ਮਤਲਬ ਹੈ ਕਿ ਕਤਲ ਦੇ ਦੋਸ਼ ਲੱਗਣ ਤੋਂ ਬਾਅਦ ਇਹ ਕੇਸ ਹੁਣ ਸਿੱਧਾ ਸੁਣਵਾਈ ਲਈ ਜਾ ਸਕਦਾ ਹੈ। ਓਧਰ ਦੁਪਾਸ ਸੁਪਰੀਮ ਕੋਰਟ 'ਚ 14 ਮਾਰਚ ਨੂੰ ਅਪੀਲ ਕਰੇਗਾ। ਵਿਕਟੋਰੀਅਨ ਪੁਲਸ ਕਮਿਸ਼ਨਰ ਗ੍ਰਾਹਮ ਐਸ਼ਟਨ ਨੇ ਕਿਹਾ ਕਿ ਮਾਮਲੇ ਦੇ ਤਹਿ ਤੱਕ ਜਾਣ ਲਈ ਕਾਫੀ ਲੰਬਾ ਸਮਾਂ ਲੱਗਾ ਗਿਆ, ਕਿਉਂਕਿ ਇਹ ਕੇਸ ਬਹੁਤ ਉਲਝਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਅਸੀਂ ਕਾਫੀ ਲੰਬੇ ਸਮੇਂ ਤੋਂ ਪੀੜਤਾ ਨੂੰ ਨਿਆਂ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਖੋਜ ਅਤੇ ਜਾਂਚ-ਪੜਤਾਲ ਮਗਰੋਂ ਸਾਡੇ ਹੱਥ ਕੁਝ ਲੱਗਾ ਹੈ। ਡਾਊਨਜ਼ ਨਰਸਿੰਗ ਹੋਮ ਦੀ ਸਭ ਤੋਂ ਬਜ਼ੁਰਗ ਔਰਤ ਸੀ, ਜੋ ਕਿ 9 ਬੱਚਿਆਂ ਦੀ ਦਾਦੀ ਅਤੇ 9 ਬੱਚਿਆਂ ਦੀ ਪੜਦਾਦੀ ਸੀ। ਸਾਲ 2000 ਵਿਚ ਪੁਲਸ ਨੇ ਕੈਥਲੀਨ ਡਾਊਨਜ਼ ਦੇ ਕਾਤਲ ਦੀ ਜਾਣਕਾਰੀ ਦੇਣ ਵਾਲੇ ਲਈ 10,000 ਡਾਲਰ ਦਾ ਇਨਾਮ ਵੀ ਰੱਖਿਆ ਸੀ। ਕੈਥਲੀਨ ਦੀ ਮੌਤ ਤੋਂ ਬਾਅਦ ਉਸ ਦੇ 3 ਬੱਚਿਆਂ ਨੇ ਪੁਲਸ ਨੂੰ ਬੇਨਤੀ ਕੀਤੀ ਸੀ ਕਿ ਕਾਤਲ ਨੂੰ ਛੇਤੀ ਲੱਭਿਆ ਜਾਵੇ।
ਕਾਰਜਕਾਲ ਦੀ ਮਿਆਦ ਖਤਮ ਕਰਨਾ ਚੀਨ ਦਾ ਫੈਸਲਾ : ਅਮਰੀਕਾ
NEXT STORY