ਜਲੰਧਰ (ਮ੍ਰਿਦੁਲ) - ਪੰਜਾਬ ਪੁਲਸ ਦੇ ਨੱਕ 'ਚ ਦਮ ਕਰਨ ਵਾਲੇ ਗੈਂਗਸਟਰ ਵਿੱਕੀ ਗੌਂਡਰ ਤੇ ਪ੍ਰੇਮਾ ਲਾਹੌਰੀਆ ਦੇ ਐਨਕਾਊਂਟਰ ਤੋਂ ਬਾਅਦ ਬਾਕੀ ਗੈਂਗਸਟਰ ਪੁਲਸ ਦੀ ਗ੍ਰਿਫਤ ਤੋਂ ਦੂਰ ਅੰਡਰਗਰਾਊਂਡ ਹੋ ਚੁੱਕੇ ਹਨ। ਸੂਤਰਾਂ ਦੀ ਮੰਨੀਏ ਤਾਂ ਕਈ ਗੈਂਗਸਟਰਾਂ ਨੇ ਟਿਕਾਣਾ ਹਿਮਾਚਲ, ਜੰਮੂ, ਯੂ. ਪੀ., ਰਾਜਸਥਾਨ ਤੇ ਨੇਪਾਲ ਨਾਲ ਲੱਗਦੇ ਇਲਾਕਿਆਂ ਵਿਚ ਬਣਾਇਆ ਹੋਇਆ ਹੈ। ਇਨ੍ਹਾਂ ਵਿਚੋਂ ਕਈ ਗੈਂਗਸਟਰ ਵਿਦੇਸ਼ ਭੱਜਣ ਦੀ ਤਾਕ ਵਿਚ ਹਨ। ਕੁੱਝ ਗੈਂਗਸਟਰਾਂ ਦੇ ਘਰ ਜਾ ਕੇ ਪੁਲਸ ਉਨ੍ਹਾਂ ਦੇ ਪਰਿਵਾਰ ਨਾਲ ਮਿਲ ਕੇ ਸਰੰਡਰ ਕਰਨ ਲਈ ਦਬਾਅ ਬਣਾ ਰਹੀ ਹੈ।
ਇੰਟਲੀਜੈਂਸ ਬਿਊਰੋ ਦੇ ਸੂਤਰਾਂ ਦੀ ਮੰਨੀਏ ਤਾਂ ਇਸ ਸਮੇਂ ਹਿਮਾਚਲ, ਜੰਮੂ, ਯੂ. ਪੀ., ਰਾਜਸਥਾਨ ਤੇ ਨੇਪਾਲ ਨਾਲ ਲੱਗਦੇ ਇਲਾਕਿਆਂ ਵਿਚ ਪੁਲਸ ਦਾ ਅੰਡਰ ਕਵਰ ਜੁਆਇੰਟ ਆਪ੍ਰੇਸ਼ਨ ਚੱਲ ਰਿਹਾ ਹੈ, ਕਿਉਂਕਿ ਇਹ ਸਾਰੇ ਇਲਾਕੇ ਬਾਰਡਰ ਏਰੀਆ ਹੋਣ ਕਾਰਨ ਗੈਂਗਸਟਰਾਂ ਨੂੰ ਭੱਜਣ ਤੇ ਲੁਕਣ ਦਾ ਵਧੀਆ ਟਿਕਾਣਾ ਮਿਲ ਰਿਹਾ ਹੈ। ਕਈ ਗੈਂਗਸਟਰਾਂ ਨੇ ਵੀ ਆਪਣਾ ਹੁਲੀਆ ਪੂਰੀ ਤਰ੍ਹਾਂ ਬਦਲ ਲਿਆ, ਜਿਸ ਕਾਰਨ ਪੁਲਸ ਨੂੰ ਗੈਂਗਸਟਰਾਂ ਦੀ ਮੂਵਮੈਂਟ 'ਤੇ ਨਜ਼ਰ ਰੱਖਣ ਵਿਚ ਪ੍ਰੇਸ਼ਾਨੀ ਆ ਰਹੀ ਹੈ।
ਗੂਗਲ ਸੈਟੇਲਾਈਟ ਦੀ ਲਈ ਜਾ ਰਹੀ ਮਦਦ : ਜ਼ਿਕਰਯੋਗ ਹੈ ਕਿ ਗੈਂਗਸਟਰ ਸਿਰਫ ਵਟਸਐਪ ਕਾਲ ਦਾ ਵਰਤੋਂ ਕਰ ਰਹੇ ਹਨ, ਜਿਸ ਨੂੰ ਟ੍ਰੇਸ ਕਰਨਾ ਪੁਲਸ ਲਈ ਕਾਫੀ ਮੁਸ਼ਕਲ ਹੋ ਰਿਹਾ ਹੈ, ਜਿਸ ਨੂੰ ਲੈ ਕੇ ਇੰਟਰਨੈੱਟ ਲੋਕੇਸ਼ਨ ਗੂਗਲ ਸੈਟੇਲਾਈਟ ਦੀ ਮਦਦ ਨਾਲ ਲੱਭੀ ਜਾ ਰਹੀ ਹੈ। ਸੈਟੇਲਾਈਟ ਦੀ ਮਦਦ ਨਾਲ ਪੁਲਸ ਗੈਂਗਸਟਰਾਂ ਦੀ ਸੈਟੇਲਾਈਟ ਰਾਹੀਂ ਫੋਟੋ ਖਿੱਚਣ ਤੋਂ ਬਾਅਦ ਉਨ੍ਹਾਂ ਦੀ ਮੂਵਮੈਂਟ 'ਤੇ ਨਜ਼ਰ ਬਣਾ ਕੇ ਰੱਖ ਰਹੀ ਹੈ।
ਯੂ. ਪੀ. ਦੀਆਂ ਨਾਜਾਇਜ਼ ਅਸਲਾ ਮੰਡੀਆਂ ਦੇ ਕਰਿੰਦਿਆਂ ਨਾਲ ਪੁਲਸ ਨੇ ਕੀਤਾ ਸੰਪਰਕ : ਗੈਂਗਸਟਰਾਂ ਨੂੰ ਨਾਜਾਇਜ਼ ਹਥਿਆਰ ਮੁਹੱਈਆ ਕਰਵਾਉਣ ਵਾਲੇ ਕਰਿੰਦਿਆਂ ਅਤੇ ਸਪਲਾਇਰਾਂ ਨਾਲ ਪੁਲਸ ਨੇ ਸੰਪਰਕ ਕੀਤਾ ਹੈ। ਯੂ. ਪੀ. ਅਤੇ ਬਿਹਾਰ ਦੇ ਨਾਜਾਇਜ਼ ਅਸਲਾ ਵੇਚਣ ਵਾਲਿਆਂ 'ਤੇ ਪੁਲਸ ਦੀ ਤਿੱਖੀ ਨਜ਼ਰ ਹੈ। ਇਸ ਸਮੇਂ ਗੈਂਗਸਟਰ ਵਿੱਕੀ ਗੌਂਡਰ, ਪ੍ਰੇਮਾ ਲਾਹੌਰੀਆ, ਜੈਪਾਲ ਭੁੱਲਰ, ਹਰਵਿੰਦਰ ਸਿੰਘ ਰਿੰਦਾ ਜਿਹੇ ਗੈਂਗਸਟਰਾਂ ਨੂੰ ਹਥਿਆਰ ਮੁਹੱਈਆ ਕਰਵਾਉਣ ਵਾਲੇ ਸਮੱਗਲਰਾਂ 'ਤੇ ਵੀ ਪੁਲਸ ਦੇ ਮੁਖਬਰਾਂ ਵਲੋਂ ਨਜ਼ਰ ਰੱਖੀ ਜਾ ਰਹੀ ਹੈ। ਹਰ ਨਾਜਾਇਜ਼ ਹਥਿਆਰ ਸਮੱਗਲਰ ਕੋਲੋਂ ਖ੍ਰੀਦਣ ਵਾਲੇ ਖਰੀਦਦਾਰ ਦੀ ਵੀ ਸਾਰੀ ਜਾਣਕਾਰੀ ਰੱਖੀ ਜਾ ਰਹੀ ਹੈ।
ਰੇਤ ਦੀ ਭਰੀ ਟਰੈਕਟਰ-ਟਰਾਲੀ ਕਾਬੂ
NEXT STORY