ਚੰਡੀਗੜ੍ਹ— ਦੀਵਾਲੀ ਦੀ ਰਾਤ 9.30 ਵਜੇ ਤੋਂ ਬਾਅਦ ਪਟਾਕੇ ਨਾ ਚੱਲਣ ਨੂੰ ਲੈ ਕੇ ਪੰਜਾਬ ਪੁਲਸ ਨੇ ਕਮਰ ਕੱਸ ਲਈ ਹੈ। ਪਿਛਲੇ ਦਿਨੀਂ ਇਸ ਸੰਬੰਧ 'ਚ ਹਾਈਕੋਰਟ ਨੇ ਹੁਕਮ ਜਾਰੀ ਕਰ ਕੇ ਪਟਾਕੇ ਚਲਾਉਣ ਦੀ ਸਮਾਂ ਹੱਦ ਤੈਅ ਕੀਤੀ ਸੀ। ਇਹ ਹੁਕਮ ਦਿੱਲੀ 'ਚ ਪਟਾਕਿਆਂ 'ਤੇ ਪਾਬੰਦੀ ਲਗਾਏ ਜਾਣ ਦੇ ਕੁੱਝ ਦਿਨ ਬਾਅਦ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਜਾਰੀ ਕੀਤੇ ਗਏ ਹਨ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਰਾਤ 9.30 ਵਜੇ ਤੋਂ ਬਾਅਦ ਪਟਾਕੇ ਚਲਾਉਣ 'ਤੇ ਭਾਰਤੀ ਦੰਡ ਜ਼ਾਬਤਾ ਦੀ ਧਾਰਾ 180 ਅਧੀਨ ਕੇਸ ਦਰਜ ਹੋ ਸਕਦਾ ਹੈ। ਜੇਕਰ ਕਿਸੇ ਨੂੰ 9.30 ਵਜੇ ਤੋਂ ਬਾਅਦ ਪਟਾਕੇ ਚਲਾਉਂਦੇ ਦੇਖਿਆ ਗਿਆ ਤਾਂ ਉਸ ਖਿਲਾਫ ਪਰਚਾ ਦਰਜ ਕਰ ਲਿਆ ਜਾਵੇਗਾ।
ਦੱਸ ਦਈਏ ਕਿ ਦਿੱਲੀ-ਐਨ. ਸੀ. ਆਰ. 'ਚ ਸੁਪਰੀਮ ਕੋਰਟ ਦੀ ਹਿਦਾਇਤ ਤੋਂ ਬਾਅਦ ਪਟਾਕਿਆਂ 'ਤੇ ਪਾਬੰਦੀ ਤੋਂ ਬਾਅਦ ਹੁਣ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਵੀ ਪਟਾਕਿਆਂ 'ਤੇ ਪਾਬੰਦੀ ਲਗਾਈ ਗਈ ਹੈ। ਪੰਜਾਬ-ਹਰਿਆਣਾ ਹਾਈਕੋਰਟ ਨੇ ਇਸ ਮਾਮਲੇ 'ਤੇ ਨੋਟਿਸ ਲਿਆ ਹੈ। ਜਸਟਿਸ ਏ. ਕੇ. ਮਿੱਤਲ ਅਤੇ ਜਸਟਿਸ ਅਮਿਤ ਰਾਵਲ ਦੀ ਬੈਠਕ ਨੇ ਨੋਟਿਸ ਲੈਂਦੇ ਹੋਏ ਦੀਵਾਲੀ 'ਤੇ ਪਟਾਕਿਆਂ ਤੋਂ ਹੋਣ ਵਾਲੇ ਹਵਾ ਪ੍ਰਦੂਸ਼ਣ ਦੇ ਮੱਦੇਨਜ਼ਰ ਇਸ ਦੇ ਲਈ ਸਮਾਂ ਤੈਅ ਕੀਤਾ ਹੈ। ਕੋਰਟ ਨੇ ਪਟਾਕਿਆਂ ਜਲਾਉਣ ਲਈ ਸ਼ਾਮ 6.30 ਵਜੇ ਤੋਂ ਰਾਤ 9.30 ਵਜੇ ਤੱਕ ਦਾ ਸਮਾ ਤੈਅ ਕੀਤਾ ਹੈ।
ਪੰਜਾਬ ਦੀਆਂ ਖਾਸ ਖਬਰਾਂ ਲਈ ਦੇਖੋ ਜਗ ਬਾਣੀ ਖਬਰਨਾਮਾ
NEXT STORY