ਅਕਾਲ ਰੂਪ ਗੁਰੂ ਨਾਨਕ ਸਾਹਿਬ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ
(ਕਿਸ਼ਤ ਚੌਵੀਵੀਂ)
ਗੁਰੂ ਨਾਨਕ: ਇਕ ਲਾਸਾਨੀ ਸੰਵਾਦਕਾਰ
ਗੁਰੂ ਨਾਨਕ ਸਾਹਿਬ ਕਿਹਾ, ਪੰਡਤ ਜੀਓ! ਇਹ ਗੱਲ ਅਸਾਂ ਨੂੰ ਜਚੀ ਨਹੀਂ। ਪਹਿਲੀ ਗੱਲ ਤਾਂ ਤੁਸੀਂ ਅਸਾਨੂੰ ਇਹ ਦੱਸੋ ਪਈ ਕੋਈ ਮਨੁੱਖ ਬ੍ਰਾਹਮਣ ਜਾਂ ਖੱਤਰੀ ਹੋਣ ਨਾਲ ਉੱਚਾ ਕਿਵੇਂ ਹੋਇਆ? ਦੂਜਾ ਕੋਈ ਬੰਦਾ ਕੇਵਲ ਜਨੇਊ ਪਾਉਣ ਨਾਲ ਹੀ ਵੱਡਾ, ਸਨਮਾਨਯੋਗ ਅਤੇ ਆਪਣਾ ਧਰਮ-ਕਰਮ ਨਿਭਾਉਣ ਦਾ ਅਧਿਕਾਰੀ ਕਿਵੇਂ ਹੋ ਸਕਦਾ ਹੈ? ਸਾਡੀ ਜਾਚੇ ਕਿਸੇ ਮਨੁੱਖ ਦੇ ਚੰਗੇ-ਮੰਦੇ ਅਤੇ ਉੱਚੇ ਜਾਂ ਨੀਵੇਂ (ਸ਼ੂਦਰ) ਹੋਣ ਦਾ ਮਾਪਦੰਡ ਉਸਦੀ ਜਾਤ ਅਤੇ ਜਨੇਊ ਨਹੀਂ ਸਗੋਂ ਉਸ ਦੁਆਰਾ ਕੀਤੇ ਉੱਚੇ-ਸੁੱਚੇ ਜਾਂ ਨੀਚ ਕਰਮ ਹੁੰਦੇ ਹਨ। ਜਿਸਦਾ ਕੰਮ ਅਤੇ ਕਿਰਦਾਰ ਚੰਗਾ ਅਤੇ ਉੱਚਾ-ਸੁੱਚਾ ਹੈ, ਉਹ ਸਨਮਾਨਯੋਗ ਹੈ। ਕੇਵਲ ਉੱਚੀ ਜਾਤ ਦਾ ਹੋਣ ਅਤੇ ਜੰਞੂ ਪਾਉਣ ਨਾਲ ਕੋਈ ਕਦਾਚਿਤ ਮਹਾਨ, ਵਡਭਾਗੀ ਅਤੇ ਆਦਰਯੋਗ ਨਹੀਂ ਹੋ ਸਕਦਾ।
ਪੰਡਤ ਹਰਿਦਿਆਲ ਆਖਿਆ, ਪਿਆਰੇ ਨਾਨਕ! ਤੁਹਾਡੀ ਗੱਲ ਆਪਣੀ ਥਾਂ ਠੀਕ ਹੈ ਪਰ ਜਨੇਊ ਪਹਿਨਣ ਦੀ ਇਹ ਰੀਤ ਕੋਈ ਨਵੀਂ ਨਹੀਂ, ਸਦੀਆਂ ਪੁਰਾਣੀ ਹੈ। ਸਾਡੇ ਵੱਡੇ-ਵਡੇਰਿਆਂ ਨੇ ਕੁੱਝ ਸੋਚ-ਵਿਚਾਰ ਕੇ ਹੀ ਇਹ ਰੀਤ ਤੋਰੀ ਹੈ। ਤੁਸੀਂ ਮਾਪਿਆਂ ਦੇ ਬੜੇ ਆਗਿਆਕਾਰ, ਬੀਬੇ ਅਤੇ ਸਿਆਣੇ ਪੁੱਤਰ ਹੋ। ਤੁਹਾਨੂੰ ਇਹ ਰੀਤ ਨਿਭਾ ਲੈਣੀ ਚਾਹੀਦੀ ਹੈ। ਇਸ ਨਾਲ ਤੁਹਾਨੂੰ ਕੋਈ ਹਾਨੀ ਨਹੀਂ ਹੋਣੀ ਸਗੋਂ ਸ਼ੋਭਾ ਹੀ ਮਿਲਣੀ ਹੀ।
ਨਾਨਕ ਆਖਿਆ, ਪਰੋਹਿਤ ਜੀ! ਤੁਸੀਂ ਸਿਆਣੇ ਅਤੇ ਸਤਿਕਾਰਯੋਗ ਹੋ, ਪਰ ਮੈਨੂੰ ਇਹ ਤਾਂ ਦੱਸੋ ਪਈ ਇਹ ਧਾਗਾ (ਜਨੇਊ) ਜੋ ਤੁਸੀਂ ਮੈਨੂੰ ਅੱਜ ਪਾਓਗੇ, ਇਸਦੀ ਕੀ ਮੁਨਿਆਦ ਹੈ? ਕੀ ਇਹ ਭਰ ਉਮਰ ਮੇਰੇ ਨਾਲ ਨਿਭੇਗਾ? ਕੀ ਇਹ ਘਸ-ਘਸ ਕੇ, ਬੋਦਾ ਹੋ ਕੇ, ਟੁੱਟ ਤਾਂ ਨਹੀਂ ਜਾਵੇਗਾ? ਪਰੋਹਿਤ ਹਰਿਦਿਆਲ ਜੀ ਨੇ ਜਵਾਬ ਦਿੱਤਾ, ਪੁੱਤਰ ਜੀ! ਤੁਸੀਂ ਵੀ ਭੋਲੀਆਂ ਬਾਤਾਂ ਕਰਦੇ ਹੋ। ਇਹ ਕੋਈ ਸਦਾ ਨਿਭਣ ਵਾਲੀ ਵਸਤ ਨਹੀਂ। ਇਸਦਾ ਘਸਣਾ ਅਤੇ ਟੁੱਟਣਾ ਨਿਸ਼ਚਿਤ ਹੈ। ਨਾਨਕ ਆਖਿਆ, ਪੰਡਤ ਜੀ! ਫੇਰ ਇਹ ਮੇਰੇ ਕਿਸ ਕੰਮ? ਮੈਨੂੰ ਤਾਂ ਐਸਾ ਮਜ਼ਬੂਤ ਅਤੇ ਸਦੀਵੀ ਜਨੇਊ ਲੋੜੀਂਦਾ ਹੈ ਜੋ ਕਦੇ ਘਸੇ ਨਾ, ਨਸ਼ਟ ਨਾ ਹੋਵੇ। ਇਹ ਸਾਰੀ ਉਮਰ ਮੇਰੇ ਨਾਲ ਨਿਭੇ ਅਤੇ ਮੈਨੂੰ ਮੰਦੇ ਕੰਮ ਕਰਨੋ ਰੋਕ ਕੇ, ਮੈਨੂੰ ਸਦਾ ਲਈ ਨੀਚ ਬਣਨੋ ਬਚਾਈ ਰੱਖੇ। ਪਰੋਹਿਤ ਆਖਿਆ, ਨਾਨਕ ਜੀਓ! ਤੁਸੀਂ ਵੀ ਅਨਹੋਣੀਆਂ ਅਤੇ ਅਲੋਕਾਰ ਗੱਲਾਂ ਕਰਦੇ ਹੋ। ਅਜਿਹਾ ਤਗੁ/ਧਾਗਾ ਅਸਾਂ ਤਾਂ ਕਦੇ ਵੇਖਿਆ-ਸੁਣਿਆ ਨਹੀਂ ਪਈ ਜਿਹੜਾ ਕਦੇ ਘਸੇ ਅਤੇ ਟੁੱਟੇ ਨਾ।
ਗੁਰੂ ਨਾਨਕ ਸਾਹਿਬ ਬਚਨ ਕੀਤਾ, ਪਰੋਹਿਤ ਜੀ! ਜੇਕਰ ਇਹ ਗੱਲ ਹੈ ਤਾਂ ਫਿਰ ਮੈਂ ਐਸਾ ਨਾਸ਼ਵਾਨ, ਝੂਠਾ ਅਤੇ ਅਸਥਿਰ ਧਾਗਾ ਹਰਗਿਜ਼ ਨਹੀਂ ਪਹਿਨਾਂਗਾ। ਮੈਨੂੰ ਤਾਂ ਉਹ ਸੱਚਾ ਅਤੇ ਪੱਕਾ ਜਨੇਊ ਚਾਹੀਦਾ ਹੈ ਜਿਹੜਾ ਚਿਰ-ਸਥਾਈ ਹੋਵੇ ਅਤੇ ਜਿਹੜਾ ਮੇਰੇ ਸਰੀਰ ਤੋਂ ਪਾਰ, ਮੇਰੀ ਆਤਮਾ ਨਾਲ ਨਿਭੇ। ਏਨਾ ਆਖਦਿਆਂ ਨਾਨਕ ਸਾਹਿਬ ਵਜ਼ੂਦ ਵਿਚ ਆ ਗਏ। ਪ੍ਰੋਹਿਤ ਹਰਿਦਿਆਲ ਜੀ ਸੰਬੋਧਨ ਹੁੰਦਿਆਂ ਸ਼ਬਦ ਉਚਾਰਿਆ:
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ।।
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ।।
ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ।।
ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ।।
ਗੁਰੂ ਨਾਨਕ ਸਾਹਿਬ ਦਾ ਇਹ ਬੇਹੱਦ ਗਹਿਰੇ ਅਰਥਾਂ ਵਾਲਾ ਪ੍ਰਭਾਵਸ਼ਾਲੀ ਸ਼ਬਦ ਸੁਣ ਕੇ ਪ੍ਰੋਹਿਤ ਹਰਿਦਿਆਲ ਜੀ ਹਿੱਲ ਗਏ। ਨਾਨਕ ਸਾਹਿਬ ਦਾ ਵੱਡਾ ਅਵਤਾਰੀ ਪੁਰਸ਼ ਹੋਣ ਦਾ ਉਨ੍ਹਾਂ ਦਾ ਆਪਣਾ ਅਨੁਮਾਨ, ਸੱਚਾ ਪ੍ਰਤੀਤ ਹੋਣ ਲੱਗਾ। ਪਰ ਬਾਹਰੀ ਰੱਖ-ਰਖਾਅ, ਲੋਕਾਚਾਰ ਅਤੇ ਸ਼ਾਸਤਰ ਰੀਤੀ ਦੇ ਬੱਧੇ ਆਖਣ ਲੱਗੇ, ਬਰਖ਼ੁਰਦਾਰ! ਤੁਸਾਂ ਜੋ ਕਿਹਾ, ਸੋ ਠੀਕ ਹੈ, ਉਹ ਜਨੇਊ ਜੀਅ (ਜੀਵਾਤਮਾ) ਦਾ ਹੈ, ਪਰ ਸਰੀਰ ਦਾ ਇਹ ਜਨੇਊ ਵੈਦਿਕ ਰੀਤੀ ਹੈ ਅਤੇ ਪ੍ਰੰਪਰਾ ਤੋਂ ਆਈ ਹੈ। ਸਭ ਖੱਤਰੀ ਜੰਞੂ ਪਹਿਨਦੇ ਆਏ ਹਨ, ਆਪ ਜੀ ਵੀ ਪਹਿਨ ਲਵੋ। ਆਪ ਮਹਾਨ ਅਵਤਾਰੀ ਪੁਰਸ਼ ਹੋ। ਭਵਿੱਖ ਤੁਸਾਂ ਧਰਮ ਅਸਥਾਪਨ ਕਰਨਾ ਹੈ। ਰਾਹਨੁਮਾ ਬਣਨਾ ਹੈ।
ਨਾਨਕ ਸਾਹਿਬ ਨਾਲ ਹੁਣ ਤੱਕ ਹੋਏ ਸਮੁੱਚੇ ਸੰਵਾਦ ਨੂੰ ਵਾਚਦਿਆਂ ਪੰਡਤ ਹਰਿਦਿਆਲ ਜੀ ਨੂੰ ਭਲੀਭਾਂਤ ਅਹਿਸਾਸ ਹੋ ਗਿਆ ਕਿ ਅਵਤਾਰੀ ਛੂਹ ਵਾਲਾ ਇਹ ਤੇਜ-ਪ੍ਰਤਾਪੀ ਅਤੇ ਵਿਵੇਕੀ ਬਾਲਕ, ਬਾਹਰਮੁੱਖੀ ਸੰਸਾਰਕ ਧਾਗਾ (ਜਨੇਊ) ਧਾਰਨ ਨਹੀਂ ਕਰੇਗਾ। ਸੋ ਮਿੰਨਤ ਕਰਦਿਆਂ ਅਰਜ਼ ਗੁਜ਼ਾਰੀ, ਸਾਹਿਬ ਜੀ ! ਜਿਸ ਧਾਗੇ (ਤਗਿ) ਜਾਂ ਸੁੱਚ—ਸੰਜਮ ਦੀ ਤੁਸੀਂ ਗੱਲ ਕਰਦੇ ਹੋ, ਉਸਦਾ ਸੰਬੰਧ ਮਨ ਨਾਲ ਹੈ ਅਤੇ ਮੈਨੂੰ ਪਤਾ ਹੈ ਕਿ ਇਹ ਤੁਸਾਂ ਪਹਿਨ ਹੀ ਰੱਖਿਆ ਹੈ। ਇਸ ਲਈ ਇਹ ਅੰਤਰੀਵ ਰੂਹਾਨੀ ਜਨੇਊ ਤੁਸੀਂ ਸਾਨੂੰ ਪਹਿਨਾਓ ਅਤੇ ਸਾਡੇ ਵਾਲਾ ਸਰੀਰਕ ਧਾਗਾ ਤੁਸੀਂ ਸਾਡੇ ਕੋਲੋਂ ਪਹਿਨ ਕੇ, ਸਾਨੂੰ ਕ੍ਰਿਤਾਰਥ ਕਰੋ।
ਪੰਡਤ ਹਰਿਦਿਆਲ ਜੀ ਦੀ ਅਰਜੋਈ ਸੁਣ ਗੁਰੂ ਨਾਨਕ ਸਾਹਿਬ ਦੁਬਾਰਾ ਆਵੇਸ਼ ਵਿਚ ਆ ਗਏ। ਅਗਿਆਨਤਾ ਦਾ ਹਨੇਰਾ ਦੂਰ ਕਰਨ ਵਾਲੇ ਅਤੇ ਗਿਆਨ/ਸਤਿ ਦੇ ਪੁਜਾਰੀ, ਨਿਰਭਉ—ਨਿਰਵੈਰ ਗੁਰੂ ਨਾਨਕ ਨੇ ਫੁਰਮਾਇਆ:
ਤਗੁ ਨ ਇੰਦ੍ਰੀ ਤਗੁ ਨ ਨਾਰੀ।। ਭਲਕੇ ਥੁਕ ਪਵੈ ਨਿਤ ਦਾੜੀ।।
ਤਗੁ ਨ ਪੈਰੀ ਤਗੁ ਨ ਹਥੀ।। ਤਗੁ ਨ ਜਿਹਵਾ ਤਗੁ ਨ ਅਖੀ।।
ਵੇਤਗਾ ਆਪੇ ਵਤੈ।। ਵਟਿ ਧਾਗੇ ਅਵਰਾ ਘਤੈ।।
ਲੈ ਭਾੜਿ ਕਰੇ ਵਿਆਹੁ।। ਕਢਿ ਕਾਗਲੁ ਦਸੇ ਰਾਹੁ।।
ਸੁਣਿ ਵੇਖਹੁ ਲੋਕਾ ਏਹੁ ਵਿਡਾਣੁ।। ਮਨਿ ਅੰਧਾ ਨਾਉ ਸੁਜਾਣੁ।।
ਇਹ ਸੁਣ ਕੇ ਅਚਾਨਕ ਅਸਮਾਨੀ ਬਿਜਲੀ ਦੇ ਚਮਕਣ ਵਾਂਗ ਪੰਡਤ ਹਰਿਦਿਆਲ ਜੀ ਨੂੰ ਸੋਝੀ ਹੋ ਗਈ ਕਿ ਇਸ ਸੱਚੇ-ਸੁੱਚੇ ਅਤੇ ਉੱਚੇ ਦੈਵੀ ਪੁਰਸ਼ ਅੱਗੇ ਮੇਰੀ ਪੇਸ਼ ਨਹੀਂ ਚੱਲਣੀ। ਇਸ ਲਈ ਗੁਰੂ ਨਾਨਕ ਸਾਹਿਬ ਅੱਗੇ ਸਮਰਪਿਤ ਅਤੇ ਨਤਮਸਤਕ ਹੁੰਦਿਆਂ ਅਤੇ ਮਹਿਤਾ ਕਾਲੂ ਜੀ ਨੂੰ ਸੰਬੋਧਨ ਕਰਦਿਆਂ ਵਚਨ ਕੀਤਾ, ਮਹਿਤਾ ਜੀ! ਤੁਹਾਡਾ ਪੁੱਤਰ ਤਾਂ ਆਪ ਰੱਬ ਹੈ, ਮਹਾਨ ਪੁਰਸ਼ ਹੈ, ਵੱਡਾ ਫ਼ਕੀਰ ਹੈ। ਇਹ ਸਾਡੇ ਜਾਂ ਤੁਹਾਡੇ ਆਖੇ ਜਨੇਊ ਪਾਉਣ ਵਾਲਾ ਨਹੀਂ। ਬੇਪਰਵਾਹ ਦੀ ਜੇ ਆਪਣੇ ਮਨ ਦੀ ਮੌਜ ਹੋਵੇ, ਤਾਂ ਪਾ ਸਕਦਾ ਹੈ।
ਗੁਰੂ ਨਾਨਕ ਸਾਹਿਬ ਦੇ ਜੀਵਨ ਦਾ ਇਹ ਦੂਸਰਾ ਵੱਡਾ ਅਤੇ ਪ੍ਰਮੁੱਖ ਸੰਵਾਦ ਸੀ, ਜਿਸਨੇ ਪ੍ਰਮਾਣਿਤ ਕਰ ਦਿੱਤਾ ਕਿ ਗਿਆਨਵਾਨ, ਅਵਤਾਰੀ ਪੁਰਸ਼, ਧਾਰਮਿਕ ਰਹਿਬਰ ਅਤੇ ਦਰਵੇਸ਼-ਕਵੀ ਹੋਣ ਤੋਂ ਇਲਾਵਾ ਉਹ ਬਹੁਤ ਵੱਡੇ ਸੰਵਾਦਕਾਰ ਅਤੇ ਦਾਰਸ਼ਨਿਕ ਵੀ ਸਨ। ਉਨ੍ਹਾਂ ਦਾ ਸੰਵਾਦ-ਕਲਾ ਦਾ ਕੋਈ ਸਾਨੀ ਨਹੀਂ ਸੀ। ਸਾਡੀ ਜਾਚੇ ਇਸ ਬਹੁਤ ਹੀ ਅਹਿਮ ਅਤੇ ਅਰਥ ਭਰਪੂਰ ਦਾਰਸ਼ਨਿਕ ਸੰਵਾਦ ਸਮੇਂ ਗੁਰੂ ਜੀ ਦੀ ਆਰਜ਼ਾ ਅੰਦਾਜ਼ਨ 12—13 ਵਰ੍ਹੇ ਸੀ। ਹਾਲਾਂਕਿ ਭਾਈ ਬਾਲਾ ਵਾਲੀ ਜਨਮ ਸਾਖੀ ਵਿਚ ਇਸ ਸਮੇਂ ਗੁਰੂ ਨਾਨਕ ਸਾਹਿਬ ਦੀ ਉਮਰ 9 ਸਾਲ ਲਿਖੀ ਮਿਲਦੀ ਹੈ। ਇਸੇ ਤਰ੍ਹਾਂ ਪ੍ਰਿੰਸੀਪਲ ਤੇਜਾ ਸਿੰਘ ਅਤੇ ਡਾ. ਗੰਡਾ ਸਿੰਘ ਨੇ ਵੀ 9 ਸਾਲ ਦੱਸੀ ਹੈ। ਇਨ੍ਹਾਂ ਦੋਨਾਂ ਧਿਰਾਂ ਤੋਂ ਬਿਲਕੁਲ ਉਲਟ ਪ੍ਰੋ. ਕਰਤਾਰ ਸਿੰਘ ਨੇ ਵੱਡਾ ਫਰਕ ਪਾਉਂਦਿਆਂ ਇਹ 19 ਸਾਲ ਦੱਸੀ ਹੈ।
(ਚਲਦਾ...)
-ਜਗਜੀਵਨ ਸਿੰਘ (ਡਾ.)
ਫੋਨ : 99143—01328
ਸੁਲਤਾਨਪੁਰ ਲੋਧੀ 'ਚ ਟੈਂਟ ਸਿਟੀ ਨੂੰ ਲੱਗੀ ਅੱਗ
NEXT STORY