ਕਿਸਾਨਾਂ ਦੀਆਂ ਖੇਤਾਂ ’ਚ ਉੱਗ ਰਹੀਆਂ ਫਸਲਾਂ ਨੂੰ ਕਈ ਤਰ੍ਹਾਂ ਦੇ ਕੀਟਨਾਸ਼ਕ ਜੀਵਾਂ ਦਾ ਖਤਰਾ ਰਹਿੰਦਾ ਹੈ। ਜਿਸ ਦੇ ਲਈ ਉਹ ਕਈ ਤਰ੍ਹਾਂ ਦੀਆਂ ਸਪਰੇ ਅਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਦੇ ਹਨ। ਜੇਕਰ ਤੁਹਾਡੀਆਂ ਫਸਲਾਂ ’ਤੇ ਨਦੀਨ ਉੱਗ ਰਹੇ ਹਨ ਤਾਂ ਉਸ ਨੂੰ ਰੋਕਣ ਦੇ ਲਈ ਢੰਗ ਹਨ, ਜਿਨ੍ਹਾਂ ਦੀ ਵਰਤੋਂ ਕਰਨ ਨਾਲ ਕਿਸਾਨਾਂ ਦੀਆਂ ਫਸਲਾਂ ਬਚ ਸਕਦੀਆਂ ਹਨ। ਜਿਵੇਂ..
ਨਰਮਾ:
ਕੰਘੀ ਬੂਟੀ ਅਤੇ ਪੀਲੀ ਬੂਟੀ ਨੂੰ ਵੱਟਾਂ ਬੰਨਿਆਂ ਤੋਂ ਖ਼ਤਮ ਕਰ ਦਿਓ। ਚਿੱਟੀ ਮੱਖੀ ਦੇ ਫੈਲਾਅ ਨੂੰ ਰੋਕਣ ਲਈ ਬਿਜਾਈ ਤੋਂ ਪਹਿਲਾਂ ਖਾਲੀ ਥਾਵਾਂ, ਸੜਕਾਂ ਦੇ ਕਿਨਾਰਿਆਂ, ਖਾਲਿਆਂ ਦੀਆਂ ਵੱਟਾਂ ਅਤੇ ਬੇਕਾਰ ਪਈ ਜ਼ਮੀਨ ਵਿੱਚੋਂ ਚਿੱਟੀ ਮੱਖੀ ਦੇ ਬਦਲਵੇਂ ਨਦੀਨ ਜਿਵੇਂ ਕਿ ਕੰਘੀ ਬੂਟੀ, ਪੀਲੀ ਬੂਟੀ, ਪੁੱਠ ਕੰਡਾ, ਧਤੂਰਾ, ਭੰਗ ਆਦਿ ਨੂੰ ਨਸ਼ਟ ਕਰ ਦਿਓ। ਨਰਮੇ ਤੋਂ ਇਲਾਵਾ ਚਿੱਟੀ ਮੱਖੀ ਦਾ ਹਮਲਾ ਹੋਰ ਫਸਲਾਂ ਜਿਵੇਂ ਕਿ ਬੈਂਗਣ, ਆਲੂ, ਟਮਾਟਰ, ਮਿਰਚਾ, ਮੂੰਗੀ ਆਦਿ ’ਤੇ ਵੀ ਪਾਇਆ ਜਾਂਦਾ ਹੈ। ਇਸ ਲਈ ਇਨ੍ਹਾਂ ਫਸਲਾਂ ਦਾ ਲਗਾਤਾਰ ਸਰਵੇਖਣ ਕਰਦੇ ਰਹੋ।
ਝੋਨਾ:
ਝੋਨੇ ਦੀ ਲਵਾਈ ਇਨ੍ਹਾਂ ਦਿਨਾਂ ਵਿੱਚ ਪੂਰੀ ਕਰ ਲਵੋ। ਝੋਨੇ ਦੀ ਲੁਆਈ ਤੋਂ 2-3 ਦਿਨਾਂ ਅੰਦਰ ਸਿਫਾਰਿਸ਼ ਕੀਤੇ ਨਦੀਨ-ਨਾਸ਼ਕ ਦੀ ਵਰਤੋਂ 60 ਕਿਲੋ ਰੇਤ ਪ੍ਰਤੀ ਏਕੜ ਦੇ ਹਿਸਾਬ ਵਿੱਚ ਮਿਲਾ ਕੇ ਖੜ੍ਹੇ ਪਾਣੀ ਵਿੱਚ ਛੱਟਾ ਦੇ ਕੇ ਕਰੋ। ਲੋੜ ਅਨੁਸਾਰ ਯੂਰੀਆ ਦੀ ਵਰਤੋਂ ਲਈ ਪੀ. ਏ. ਯੂ.- ਪੱਤਾ ਰੰਗ ਚਾਰਟ ਵਿਧੀ ਵਰਤੋ।
ਬਾਸਮਤੀ ਨੂੰ ਝੰਡਾ ਰੋਗ (ਪੈਰ ਗਲਣ) ਤੋਂ ਬਚਾਉਣ ਲਈ ਬੀਜ ਨੂੰ ਪਹਿਲਾਂ ਟਰਾਈਕੋਡਰਮਾ ਹਾਰਜੀਐਨਮ ਫਾਰਮੂਲੇਸ਼ਨ ਨਾਲ 15 ਗ੍ਰਾਮ ਪ੍ਰਤੀ ਕਿੱਲੋ ਦੇ ਹਿਸਾਬ ਸੋਧ ਲਓ। ਪਨੀਰੀ ਪੁਟ ਕੇ ਖੇਤ ਵਿੱਚ ਲਗਾਉਣ ਤੋਂ ਪਹਿਲਾਂ ਜੜ੍ਹਾਂ ਨੂੰ ਵੀ ਟਰਾਈਕੋਡਰਮਾ ਹਾਰਜੀਐਨਮ ਫਾਰਮੂਲੇਸ਼ਨ (15 ਗ੍ਰਾਮ ਪ੍ਰਤੀ ਲਿਟਰ ਪਾਣੀ) ਦੇ ਘੋਲ ਵਿੱਚ 6 ਘੰਟੇ ਲਈ ਡੋਬ ਕੇ ਸੋਧੋ।
ਮੱਕੀ :
ਮੱਕੀ ਦਾ ਗੜੂੰਆਂ ਦੀ ਰੋਕਥਾਂਮ ਲਈ 30 ਮਿਲੀਲਿਟਰ ਕੋਰਾਜ਼ਨ 18.5 ਐੱਸ.ਸੀ.ਨੂੰ 60 ਲਿਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕਰੋ। ਇਸ ਸੁੰਡੀ ਦੀ ਰੋਕਥਾਮ ਪ੍ਰਜੀਵੀ ਕੀੜੇ ਟਰਾਈਕੋਗਾਮਾ ਦੁਆਰਾ ਵੀ ਕੀਤੀ ਜਾ ਸਕਦੀ ਹੈ।
ਕਮਾਦ :
ਕਾਲੇ ਖਟਮਲ ਦੀ ਰੋਕਥਾਮ ਲਈ 350 ਮਿਲੀਲੀਟਰਡਰਸਬਾਨ/ਲੀਥਲ/ਮਾਸਬਾਨ/ਗੋਲਡਬਾਨ 20 ਤਾਕਤ ਨੂੰ 400 ਲਿਟਰ ਪਾਣੀ ਵਿੱਚ ਮਿਲਾ ਕੇ ਇਕ ਏਕੜ ਤੇ ਛਿੜਕਾਅ ਕਰੋ। ਛਿੜਕਾਅ ਦਾ ਰੁੱਖ਼ ਪੱਤਿਆਂ ਦੀ ਗੋਭ ਵੱਲ ਰੱਖੋ।
(ਪੀ. ਏ. ਯੂ. ਲੁਧਿਆਣਾ ਵਲੋਂ)
ਭਾਰਤ ਔਰਗੈਨਿਕ ਕਿਸਾਨਾਂ ਦੇ ਮਾਮਲੇ ’ਚ ਪਹਿਲੇ ਤੇ ਰਕਬੇ ਦੇ ਹਿਸਾਬ ਨਾਲ 9ਵੇਂ ਸਥਾਨ 'ਤੇ
NEXT STORY