ਇੰਡੀਆਨਾਪੋਲਿਸ, (ਸਰਬਜੀਤ ਸਿੰਘ ਬਨੂੜ) : ਭਾਰਤ ਤੋਂ ਵੱਖਰੇ ਦੇਸ਼ ਖਾਲਿਸਤਾਨ ਦੀ ਮੰਗ ਨੂੰ ਲੈ ਕੇ ਸਿੱਖਸ ਫਾਰ ਜਸਟਿਸ ਵੱਲੋਂ ਦੁਨੀਆ ਭਰ ਵਿੱਚ ਕਰਵਾਈਆਂ ਜਾ ਰਹੀਆਂ ਰੈਫਰੈਂਡਮ ਵੋਟਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਤਹਿਤ ਇੰਡੀਆਨਾਪੋਲਿਸ ਦੇ ਰਿਚਰਡ ਜੀ. ਲੂਗਰ ਪਲਾਜ਼ਾ, ਇੰਡੀਆਨਾ ਵਿਖੇ ਸਥਾਪਤ ਵੋਟਿੰਗ ਕੇਂਦਰ ਦੇ ਬਾਹਰ ਪੰਜ ਪਿਆਰਿਆਂ ਵੱਲੋਂ ਰੈਫਰੈਂਡਮ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਅਰਦਾਸ ਉਪਰੰਤ ਸਭ ਤੋਂ ਪਹਿਲਾਂ ਪੰਜ ਪਿਆਰਿਆਂ ਨੇ ਆਪਣੀਆਂ ਵੋਟਾਂ ਪਾ ਕੇ ਵੋਟਿੰਗ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਨਕੋਦਰ ਦੀ ਜੰਮਪਲ 100 ਸਾਲਾ ਬੀਬੀ ਮਹਿੰਦਰ ਕੌਰ ਨੇ ਆਪਣੀ ਵੋਟ ਪਾਈ। ਉਨ੍ਹਾਂ ਦੇ ਨਾਲ 80 ਸਾਲਾ ਬੀਬੀ ਨਛੱਤਰ ਕੌਰ ਨੇ ਵੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।
ਵੋਟਿੰਗ ਕੇਂਦਰ ਵਿਖੇ ਵੱਡੀ ਗਿਣਤੀ ਵਿੱਚ ਸਿੱਖ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਹੋ ਕੇ ਆਪਣੀ ਵਾਰੀ ਦੀ ਉਡੀਕ ਕਰਦੇ ਨਜ਼ਰ ਆਏ। ਇੰਡੀਆਨਾ ਸਟੇਟ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੇ ਹਜ਼ਾਰਾਂ ਸਿੱਖਾਂ ਵਿੱਚ ਰੈਫਰੈਂਡਮ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਜ਼ਿਕਰਯੋਗ ਹੈ ਕਿ ਵੋਟਿੰਗ ਤੋਂ ਪਹਿਲਾਂ ਐੱਫ.ਬੀ.ਆਈ. ਦੇ ਅਧਿਕਾਰੀਆਂ ਨੇ ਗ੍ਰੀਨਵੁੱਡ ਸ਼ਹਿਰ ਸਥਿਤ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਿਖੇ ਪਹੁੰਚ ਕੇ ਰੈਫਰੈਂਡਮ ਸਮਰਥਕਾਂ ਨਾਲ ਸੰਪਰਕ ਕੀਤਾ। ਇਸ ਦੌਰਾਨ ਅਧਿਕਾਰੀਆਂ ਵੱਲੋਂ ਭਾਰਤ ਨਾਲ ਜੋੜੇ ਜਾ ਰਹੇ ਕਥਿਤ ‘ਟ੍ਰਾਂਸਨੈਸ਼ਨਲ ਰਿਪ੍ਰੈਸ਼ਨ’ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਪਲੇਕਾਰਡ ਅਤੇ ਪੈਂਫਲਿਟ ਵੀ ਦਿੱਤੇ ਗਏ। ਇਸ ਮੌਕੇ ਅਵਤਾਰ ਸਿੰਘ ਪੰਨੂੰ, ਡਾ. ਬਖ਼ਸ਼ੀਸ਼ ਸਿੰਘ ਸੰਧੂ, ਸਾਬੀ ਸਿੰਘ, ਸੁਖਵਿੰਦਰ ਸਿੰਘ ਅਤੇ ਮਹਿੰਦਰ ਸਿੰਘ ਸਮੇਤ ਵੱਖ-ਵੱਖ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੇ ਵੀ ਰੈਫਰੈਂਡਮ ਲਈ ਵੋਟਾਂ ਮੰਗੀਆਂ ਗਈਆਂ।
ਇੰਗਲੈਂਡ, ਕੈਨੇਡਾ, ਅਮਰੀਕਾ, ਇਟਲੀ ਤੇ ਜਰਮਨੀ ’ਚ 15 ਅਗਸਤ ਮੌਕੇ ਭਾਰਤੀ ਆਜ਼ਾਦੀ ਦਿਹਾੜੇ ਦਾ ਵਿਰੋਧ
NEXT STORY