ਅੰਮ੍ਰਿਤਸਰ (ਸਰਬਜੀਤ) : ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਪਾਲ ਸਿੰਘ ਵੱਲੋਂ ਲਗਾਤਾਰ ਖ਼ਾਲਿਸਤਾਨ ਦੇ ਮੁੱਦੇ ’ਤੇ ਕੀਤੀ ਜਾ ਰਹੀ ਬਿਆਨਬਾਜ਼ੀ ’ਤੇ ਭੜਾਸ ਕੱਢਦਿਆਂ ਕਿਹਾ ਕਿ ਪੰਜਾਬ ’ਚ ਹਿੰਦੂ-ਸਿੱਖ ਏਕਤਾ ’ਚ ਫਿੱਕ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਜਲਾ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਹੱਲਾਸ਼ੇਰੀ ਦੇਣ ’ਚ ਐੱਸ. ਜੀ. ਪੀ. ਸੀ. ਤੇ ਬਾਦਲ ਪਰਿਵਾਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ ਕਿਉਂਕਿ ਅੰਮ੍ਰਿਤਪਾਲ ਸਿੰਘ ਦੀ ਦਸਤਾਰਬੰਦੀ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਸਹਿਮਤੀ ਜ਼ਰੀਏ ਹੀ ਐੱਸ.ਜੀ.ਪੀ.ਸੀ. ਵੱਲੋਂ ਉਸ ਨੂੰ ਦਸਤਾਰ ਦਿੱਤੀ ਗਈ ਸੀ। ਐੱਸ. ਜੀ. ਪੀ. ਸੀ. ਦੇ ਨਾਲ ਹੋਰਨਾਂ ਜਥੇਬੰਦੀਆਂ ਵੀ ਉਸ ਦਾ ਖੁੱਲ੍ਹ ਕੇ ਸਮਰਥਨ ਕਰਦੀਆਂ ਹਨ।
ਔਜਲਾ ਨੇ ਕਿਹਾ ਕਿ ਅੰਮ੍ਰਿਤਪਾਲ ਜੋ ਚਾਹੇ ਬਿਆਨਬਾਜ਼ੀ ਕਰੇ ਪਰ ਕਿਸੇ ਵੀ ਧਰਮ ਜਾਂ ਕਿਸੇ ਵੀ ਹਿੰਦੂ-ਸਿੱਖ ਮਸਲੇ 'ਤੇ ਗੱਲ ਕਰ ਕੇ ਨੌਜਵਾਨਾਂ ਨੂੰ ਗੁੰਮਰਾਹ ਨਾ ਕਰੇ। ਬੋਲਣ ਦਾ ਹੱਕ ਸਭ ਨੂੰ ਹੈ ਪਰ ਜੇਕਰ ਅਸੀਂ ਕਿਸੇ ਵੀ ਧਰਮ ਜਾਂ ਅਕੀਦੇ ਬਾਰੇ ਬੋਲਦੇ ਹਾਂ ਤਾਂ ਉਸ ਨਾਲ ਸਾਡੀ ‘ਕੌਮੀ ਏਕਤਾ’ ਵਿਚ ਨਿਘਾਰ ਆਉਂਦਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਹਾਲਾਤ ਹੋਏ ਡਾਵਾਂਡੋਲ, ਮੁੱਖ ਮੰਤਰੀ ਮਾਨ ਗੁਆਂਢੀ ਸੂਬਿਆਂ ’ਚ ਪਾ ਰਹੇ ਭੰਗੜੇ : ਬਿਕਰਮ ਮਜੀਠੀਆ
ਉਨ੍ਹਾਂ ਕਿਹਾ ਕਿ ਅੱਜ ਸਾਡੇ ਪੰਜਾਬ ’ਚ ਜਿਥੇ ਭਾਈਚਾਰਕ ਸਾਂਝ ਬਚੀ ਹੋਈ ਹੈ, ਉਹ ਸਿਰਫ਼ ਇਸ ਲਈ ਕਿਉਂਕਿ ਹਿੰਦੂ-ਸਿੱਖ ਇਕ ਦੂਸਰੇ ਨਾਲ ਪਿਆਰ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਵਿਚ ਸਹਾਈ ਹੋ ਰਹੇ ਹਨ ਪਰ ਕਿਤੇ ਨਾ ਕਿਤੇ ਅੰਮ੍ਰਿਤਪਾਲ ਸਿੰਘ ਵੱਲੋਂ ਲਗਾਤਾਰ ਆਪਣੇ ਬਿਆਨਾਂ ਨਾਲ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਜੋ ਪੰਜਾਬ ਤੇ ਪੰਜਾਬੀਅਤ ਲਈ ਬੇਹੱਦ ਮੰਦਭਾਗਾ ਹੈ। ਉਥੇ ਪੰਜਾਬ ’ਚ ਜਦੋਂ-ਜਦੋਂ ਵੀ ਅਕਾਲੀ ਦਲ ਦੀ ਸਰਕਾਰ ਸੀ, ਉਦੋਂ ਅਕਾਲੀ ਦਲ ਜਾਂ ਐੱਸ. ਜੀ. ਪੀ. ਸੀ. ਨੂੰ ਬੰਦੀ ਸਿੱਖਾਂ ਦੀ ਰਿਹਾਈ ਬਾਰੇ ਕਿਉਂ ਯਾਦ ਨਹੀਂ ਆਇਆ। ਅੱਜ ਭਾਈਚਾਰਕ ਸਾਂਝ ਨੂੰ ਤੋੜਨ ਲਈ ਕੀਤੀ ਜਾ ਰਹੀ ਬਿਆਨਬਾਜ਼ੀ ਬਾਰੇ ਐੱਸ. ਜੀ. ਪੀ. ਸੀ. ਤੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਬਿਆਨ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਿਹਾ।
ਔਜਲਾ ਨੇ ਕਿਹਾ ਕਿ ਪਿਛਲੇ ਪੰਜ ਸਾਲ ਕਾਂਗਰਸ ਦੀ ਸਰਕਾਰ ਨੇ ਪੰਜਾਬ ’ਚ ਸੇਵਾ ਕੀਤੀ, ਕਾਂਗਰਸ ਦੀ ਸਰਕਾਰ ਵੇਲੇ ਪੰਜਾਬ ਦੇ ਹਰ ਵਰਗ ਤੇ ਹਰ ਧਰਮ ਦਾ ਸਤਿਕਾਰ ਬਾਖੂਬੀ ਕੀਤਾ ਗਿਆ ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਦੇਸ਼ ਤੇ ਪੰਜਾਬ ਲਈ ਜਿਥੇ ਆਪਣੀਆਂ ਜਾਨਾਂ ਗੁਆਈਆਂ ਹਨ ਤੇ ਪੰਜਾਬ ਦੀ ਬਿਹਤਰੀ ਲਈ ਹਮੇਸ਼ਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਵੱਲੋਂ ਦਿੱਤੇ ਬਿਆਨਾਂ ਰਾਹੀਂ ਅੱਜ ਹਿੰਦੂ ਭਾਈਚਾਰੇ, ਈਸਾਈ ਭਾਈਚਾਰੇ ਦਾ ਸਿੱਖ ਭਾਈਚਾਰੇ ਨਾਲ ਵਖਰੇਵਾਂ ਪਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਇਸ ’ਤੇ ਕਾਨੂੰਨੀ ਕਦਮ ਚੁੱਕ ਸਕਦੀ ਹੈ ਪਰ ਪੰਜਾਬ ਸਰਕਾਰ ਅੱਜ ਹਰ ਫਰੰਟ ’ਤੇ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਅਮਨ ਸ਼ਾਂਤੀ ਨੂੰ ਬਣਾਏ ਰੱਖਣ ’ਚ ਸਰਕਾਰਾਂ ਦਾ ਅਹਿਮ ਰੌਲ ਹੁੰਦਾ ਹੈ ਪਰ ਭਗਵੰਤ ਮਾਨ ਦੀ ਸਰਕਾਰ ਨੇ ਅੱਜ ਪੰਜਾਬ ’ਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਅੱਜ ਪੰਜਾਬ ਤਰੱਕੀ ਦੇ ਰਾਹ ’ਤੇ ਨਹੀਂ ਚੱਲ ਰਿਹਾ। ਔਜਲਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਪੰਜਾਬ ’ਚ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਹਮੇਸ਼ਾ ਕੰਮ ਕਰਨਾ ਚਾਹੀਦਾ ਹੈ, ਜਿਥੇ ਕਿ ਸਾਡਾ, ਪੰਜਾਬ ਤੇ ਪੰਜਾਬੀਅਤ ਦਾ ਵਿਕਾਸ ਹੋ ਸਕੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਪੰਜਾਬ ਦੇ ਹਾਲਾਤ ਹੋਏ ਡਾਵਾਂਡੋਲ, ਮੁੱਖ ਮੰਤਰੀ ਮਾਨ ਗੁਆਂਢੀ ਸੂਬਿਆਂ ’ਚ ਪਾ ਰਹੇ ਭੰਗੜੇ : ਬਿਕਰਮ ਮਜੀਠੀਆ
NEXT STORY