ਮੈਲਬੌਰਨ, (ਮਨਦੀਪ ਸਿੰਘ ਸੈਣੀ)- ਪੰਜਾਬ ਵਿੱਚ ਇਸ ਸਮੇਂ ਲੋਕ ਹੜ੍ਹਾਂ ਦੀ ਮਾਰ ਹੇਠ ਹਨ ਜਿਸ ਕਰਕੇ ਪੰਜਾਬੀਆਂ ਦਾ ਵੱਡੇ ਪੱਧਰ 'ਤੇ ਆਰਥਿਕ ਨੁਕਸਾਨ ਹੋਇਆ ਹੈ। ਹੜ੍ਹ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਵੇ ਲਈ ਪ੍ਰਵਾਸੀ ਪੰਜਾਬੀਆਂ ਵੱਲੋਂ ਰਾਹਤ ਕਾਰਜ ਸ਼ੁਰੂ ਕੀਤੇ ਗਏ ਹਨ। ਇਸੇ ਮੰਤਵ ਤਹਿਤ ਮੈਲਬੌਰਨ ਦੇ ਹਰਮਨ ਪਿਆਰੇ ਰੇਡੀਓ 'ਹਾਂਜੀ' ਵਲੋਂ ਇੱਕ ਰੂਬਰੂ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪ੍ਰਸਿੱਧ ਗਾਇਕ ਅਤੇ ਸ਼ਾਇਰ ਦੇਬੀ ਮਖਸੂਸਪੁਰੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਦੇਬੀ ਮਖਸੂਸਪੁਰੀ ਨੇ ਪੰਜਾਬ ਦੇ ਹਾਲਾਤਾਂ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਮੁਸ਼ਕਿਲ ਘੜੀ ਵਿੱਚ ਹਰ ਪ੍ਰਵਾਸੀ ਪੰਜਾਬੀ ਹੜ੍ਹ ਪੀੜਤਾਂ ਦੇ ਨਾਲ ਖੜਾ ਹੈ। ਉਨ੍ਹਾਂ ਕਿਹਾ ਕਿ ਜ਼ਮੀਨੀ ਪੱਧਰ 'ਤੇ ਸਥਾਨਕ ਲੋਕਾਂ ਵੱਲੋਂ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ।
ਇਸ ਮੌਕੇ ਦੇਬੀ ਮਖਸੂਸਪੁਰੀ ਨੇ ਦਸਤਖਤ ਕੀਤੀਆਂ ਕਿਤਾਬਾਂ ਤੋਂ ਹੋਣ ਵਾਲੀ ਕਮਾਈ ਵੀ ਹੜ੍ਹ ਪੀੜਤਾਂ ਲਈ ਦਿੱਤੀ। ਦੇਬੀ ਮਖਸੂਸਪੁਰੀ ਨੇ ਆਪਣੀ ਜਿੰਦਗੀ ਦੇ ਤਜਰਬੇ ਸਾਂਝੇ ਕਰਦਿਆਂ ਨਵੇਂ ਲਿਖਾਰੀਆਂ ਨੂੰ ਵਧੀਆ ਲੇਖਣੀ ਦੇ ਗੁਰ ਵੀ ਦੱਸੇ।
ਇਸ ਮੌਕੇ ਰੇਡੀਓ 'ਹਾਂਜੀ' ਦੇ ਮੁੱਖ ਪ੍ਰਬੰਧਕ ਰਣਜੋਧ ਸਿੰਘ ਨੇ ਦੇਬੀ ਮਖਸੂਸਪੁਰੀ ਵੱਲੋਂ ਹੜ੍ਹ ਪੀੜਤਾਂ ਲਈ ਪਾਈ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪੰਜਾਬ ਲਈ ਬਹੁਤ ਮੁਸ਼ਕਿਲ ਘੜੀ ਹੈ ਅਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਵਿੱਤ ਮੁਤਾਬਕ ਲੋੜਵੰਦ ਲੋਕਾਂ ਦੀ ਮਦਦ ਕਰੀਏ।
ਉਨ੍ਹਾਂ ਦੱਸਿਆ ਕਿ ਰੇਡੀਓ 'ਹਾਂਜੀ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਰਾਹਤ ਅਪੀਲ ਕੀਤੀ ਗਈ ਸੀ ਜਿਸ ਨੂੰ ਕਬੂਲਦਿਆਂ ਆਸਟਰੇਲੀਆ ਦੇ ਪੰਜਾਬੀਆਂ ਨੇ ਸਿਰਫ 24 ਘੰਟਿਆਂ ਵਿੱਚ 50,000 ਡਾਲਰ ਇਕੱਠਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਸਾਰੇ ਸਰੋਤਿਆਂ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਇੱਕ ਅਪੀਲ 'ਤੇ ਇੰਨਾਂ ਵੱਡਾ ਯੋਗਦਾਨ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਾਰਾ ਪੈਸਾ ਲੋੜਵੰਦ ਹੜ੍ਹ ਪੀੜਤਾਂ ਦੀ ਮਦਦ ਲਈ ਭੇਜਿਆ ਜਾਵੇਗਾ। ਇਸ ਰੂਬਰੂ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਦਰਸ਼ਕ ਹਾਜ਼ਿਰ ਸਨ।
New Zealand ਤੇ Australia ਜਾਣ ਦੇ ਚਾਹਵਾਨਾਂ ਲਈ ਸੁਨਹਿਰੀ ਮੌਕਾ, ਕਾਮਿਆਂ ਲਈ ਖੁੱਲ੍ਹ ਗਏ ਦਰਵਾਜ਼ੇ
NEXT STORY